For the best experience, open
https://m.punjabitribuneonline.com
on your mobile browser.
Advertisement

ਬਾਲ ਵਿਆਹ, ਮਨੁੱਖੀ ਤਸਕਰੀ ਤੇ ਖ਼ੁਦਕਸ਼ੀਆਂ ਕਿਹੜੇ ਵਿਕਾਸ ਦੀਆਂ ਸੂਚਕ?

07:46 AM Feb 01, 2025 IST
ਬਾਲ ਵਿਆਹ  ਮਨੁੱਖੀ ਤਸਕਰੀ ਤੇ ਖ਼ੁਦਕਸ਼ੀਆਂ ਕਿਹੜੇ ਵਿਕਾਸ ਦੀਆਂ ਸੂਚਕ
Advertisement

ਡਾ. ਅਨੂਪ ਸਿੰਘ
ਯੂਨੀਸੈੱਫ ਦੀ ਰਿਪੋਰਟ ਅਨੁਸਾਰ ਵਿਸ਼ਵ ਦੀਆਂ ਨਾਬਾਲਗ ਲੜਕੀਆਂ ਦੇ ਵਿਆਹਾਂ ਦਾ ਤੀਜਾ ਹਿੱਸਾ ਭਾਰਤ ਵਿੱਚ ਹੁੰਦਾ ਹੈ। ਭਾਰਤ ਵਿੱਚ ਕੁੱਲ ਵਿਆਹਾਂ ਦੇ 23% ਮਾਮਲਿਆਂ ਵਿੱਚ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੁੰਦੀ ਹੈ। ਲੜਕੀਆਂ ਦੇ ਵਿਆਹ ਲਈ ਕਾਨੂੰਨ ਅਨੁਸਾਰ ਉਮਰ 18 ਸਾਲ ਹੈ। ਬਾਲ ਵਿਆਹਾਂ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ ਆਦਿ ਪ੍ਰਾਂਤ ਮੁੱਖ ਹਨ। ਯਾਦ ਰਹੇ ਕਿ ਸੁਤੰਤਰਤਾ ਸੰਗਰਾਮ ਦੌਰਾਨ ਕੁਝ ਸਮਾਜ ਸੁਧਾਰਕਾਂ ਨੇ ਬਾਲ ਵਿਆਹਾਂ ਤੇ ਸਤੀ ਪ੍ਰਥਾ ਵਿਰੁੱਧ ਲਹਿਰ ਚਲਾਈ ਸੀ ਅਤੇ ਇਹ ਸਮਾਜ ਸੁਧਾਰਕ ਵਿਧਵਾਵਾਂ ਦੇ ਪੁਨਰ-ਵਿਆਹ ਦੇ ਹੱਕ ਵਿੱਚ ਵੀ ਡਟ ਕੇ ਖੜ੍ਹੇ ਹੋਏ ਸਨ। ਇਨ੍ਹਾਂ ਸਮਾਜਿਕ ਕੁ-ਪ੍ਰਥਾਵਾਂ ਨੂੰ ਬੰਦ ਕਰਨ ਲਈ ਕਾਨੂੰਨ ਵੀ ਬਣੇ ਹੋਏ ਹਨ ਪਰ ਲੋੜਾਂ ਦੀ ਲੋੜ ਕਾਨੂੰਨਾਂ ਨੂੰ ਲਾਗੂ ਕਰਨ ਦੀ ਹੈ। ਭਾਰਤ ਦੇ ਉਹ ਰਾਜ ਜਿਨ੍ਹਾਂ ਵਿਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ/ਲੜਕੀਆਂ ਘੱਟ ਹਨ, ਉੱਥੇ ਔਰਤਾਂ ਵਿਰੁੱਧ ਅਪਰਾਧ ਵੀ ਸਭ ਤੋਂ ਵੱਧ ਹਨ।
ਭਾਰਤ ਵਿੱਚ ਬਾਲ ਵਿਆਹ ਹੁਣ ਵੀ (2024-25) ਹੋ ਰਹੇ ਹਨ। ਪੰਜਾਂ ਵਿੱਚੋਂ ਇਕ ਲੜਕੀ ਦਾ ਵਿਆਹ ਕਾਨੂੰਨੀ ਉਮਰ 18 ਸਾਲ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਹੈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ 26 ਨਵੰਬਰ 2024 ਨੂੰ ਦ੍ਰਿੜਾਇਆ ਕਿ ਦੇਸ਼ ਨੂੰ ਇਸ ਬੁਰਾਈ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੋਵੇਗਾ। ‘ਬਾਲ ਵਿਆਹ ਮੁਕਤ ਭਾਰਤ ਮੁਹਿੰਮ’ ਦੀ ਸ਼ੁਰੂਆਤ ਕਰਨ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 2029 ਤਕ ਬਾਲ ਵਿਆਹ ਦਰ 5% ਤਕ ਹੇਠਾਂ ਲਿਆਉਣ ਦੇ ਉਦੇਸ਼ ਨਾਲ ਵਿਸ਼ੇਸ਼ ਯੋਜਨਾਵਾਂ ਬਣਾਉਣ ਦੀ ਅਪੀਲ ਕੀਤੀ। ਇਸ ਵੇਲੇ ਇਹ ਦਰ 23% ਹੈ।
ਬਾਲ ਵਿਆਹ ਮੁਕਤ ਭਾਰਤ ਮੁਹਿੰਮ ਵਿਸ਼ੇਸ਼ ਤੌਰ ’ਤੇ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਰਾਜਸਥਾਨ, ਤ੍ਰਿਪੁਰਾ, ਅਸਾਮ ਅਤੇ ਆਂਧਰਾ ਪ੍ਰਦੇਸ਼ ’ਤੇ ਕੇਂਦਰਿਤ ਹੈ ਜਿੱਥੇ ਇਸ ਤਰ੍ਹਾਂ ਦੇ ਮਾਮਲੇ ਸਭ ਤੋਂ ਵੱਧ ਹਨ। ਇਸ ਤਹਿਤ ਅਜਿਹੇ 300 ਜ਼ਿਲ੍ਹਿਆਂ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇ ਜਿੱਥੇ ਬਾਲ ਵਿਆਹ ਦੀ ਦਰ ਰਾਸ਼ਟਰੀ ਔਸਤ ਤੋਂ ਵੱਧ ਹੈ। ਕੇਂਦਰੀ ਮੰਤਰੀ ਨੇ ਕਿਹਾ, “ਬਾਲ ਵਿਆਹ ਸਾਡੇ ਸਾਹਮਣੇ ਵੱਡੀ ਚੁਣੌਤੀ ਹੈ ਅਤੇ ਕੁ-ਪ੍ਰਥਾ ਹੈ ਜੋ ਲੱਖਾਂ ਲੜਕੀਆਂ ਦੀ ਸਮਰੱਥਾ ਨੂੰ ਸੀਮਤ ਕਰਦੀ ਹੈ। ਬਾਲ ਵਿਆਹਾਂ ਦੇ ਮੁੱਖ ਕਾਰਨਾਂ ਵਿੱਚ ਗ਼ੁਰਬਤ, ਅਨਪੜ੍ਹਤਾ, ਅਗਿਆਨਤਾ, ਅੰਧ-ਵਿਸ਼ਵਾਸ, ਲੜਕੀਆਂ/ਔਰਤਾਂ ਲਈ ਅਸੁਰੱਖਿਅਤ ਮਾਹੌਲ ਆਦਿ ਸ਼ਾਮਲ ਹਨ। ਬਾਲ ਵਿਆਹਾਂ ਦੇ ਖ਼ਾਤਮੇ ਲਈ ਪਹਿਲਾਂ ਇਨ੍ਹਾਂ ਦਾ ਖ਼ਾਤਮਾ ਜ਼ਰੂਰੀ ਹੈ।
ਹਜ਼ਾਰਾਂ ਭਾਰਤੀ ਜੋ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਵਿਚ ਫਸੇ ਹੋਏ ਹਨ, ਦੀ ਜ਼ਿੰਦਗੀ ਮਨੁੱਖੀ ਤਸਕਰੀ ਤੇ ਸਾਈਬਰ ਅਪਰਾਧਾਂ ਦੇ ਮੱਕੜਜਾਲ ਵਿੱਚ ਬਰਬਾਦ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਸਾਈਬਰ ਅਪਰਾਧ ਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਧੱਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਕ ਪੱਖ ਹੋਰ ਵੀ ਜੁੜਿਆ ਹੋਇਆ ਹੈ ਕਿ ਫਸੇ ਹੋਏ ਇਹ ਭਾਰਤੀ ਆਪਣੇ ਹੀ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਸ਼ੱਕੀ ਕਰਿਪਟੋ ਕਰੰਸੀ ਵਿਚ ਨਿਵੇਸ਼ ਕਰਨ ਲਈ ਪ੍ਰੇਰਦੇ ਹਨ। 73000 ਭਾਰਤੀ ਜੋ ਜਨਵਰੀ 2022 ਤੋਂ ਮਈ 2024 ਤਕ ਕੰਬੋਡੀਆ, ਥਾਈਲੈਂਡ, ਮਿਆਂਮਾਰ ਤੇ ਵੀਅਤਨਾਮ ਵਿੱਚ ਯਾਤਰੀ ਵੀਜ਼ੇ ’ਤੇ ਗਏ, ਵਿੱਚੋਂ 30 ਹਜ਼ਾਰ ਅਜੇ ਵਾਪਸ ਪਰਤਣੇ ਹਨ। ਸਪਸ਼ਟ ਹੈ ਕਿ ਇਹ 30 ਹਜ਼ਾਰ ਭਾਰਤੀ ਉੱਕਤ ਦੇਸ਼ਾਂ ਵਿਚ ਮਨੁੱਖੀ ਤਸਕਰੀ ਤੇ ਸਾਈਬਰ ਅਪਰਾਧਾਂ ਦੇ ਗੋਰਖਧੰਦੇ ਵਿੱਚ ਫਸੇ ਹੋਏ ਹਨ। ਇਹ 30 ਹਜ਼ਾਰ ਸਾਈਬਰ ਗ਼ੁਲਾਮ ਭਾਰਤੀ 20-39 ਉਮਰ ਵਰਗ ਦੇ, ਭਾਵ, ਭਰ ਨੌਜਵਾਨ ਹਨ। ਇਨ੍ਹਾਂ ਵਿੱਚ ਪੰਜਾਬੀ ਸਭ ਤੋਂ ਵੱਧ ਹਨ, ਫਿਰ ਮਹਾਰਾਸ਼ਟਰ ਤੇ ਤਾਮਿਲਨਾਡੂ ਦਾ ਨੰਬਰ ਆਉਂਦਾ ਹੈ। ਇਸ ਮਨੁੱਖੀ ਤਸਕਰੀ ਦਾ ਢੰਗ-ਤਰੀਕਾ ਬੜਾ ਸਰਲ ਤੇ ਸਿੱਧਾ ਹੈ। ਭਾਰਤ ਵਿੱਚ ਨੌਕਰੀ/ਰੁਜ਼ਗਾਰ ਲਈ ਭਟਕਦੇ ਨੌਜਵਾਨਾਂ ਨੂੰ ਡੇਟਾ ਐਂਟਰੀ ਅਤੇ ਕਾਲ ਸੈਂਟਰਾਂ ਦੇ ਅਪਰੇਟਰਾਂ ਦੀਆਂ ਮਲਾਈਦਾਰ ਪੋਸਟਾਂ ਦਾ ਲਾਰਾ ਲਾਇਆ ਜਾਂਦਾ ਹੈ। ਜਦੋਂ ਉਹ ਆਪਣੇ ਤੈਅਸ਼ੁਦਾ ਟਿਕਾਣੇ ’ਤੇ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਜਾਂਦੇ ਹਨ; ਫਿਰ ਉਨ੍ਹਾਂ ਪਾਸ ਕੋਈ ਚਾਰਾ ਹੀ ਨਹੀਂ ਬਚਦਾ ਅਤੇ ਉਹ ਨਿਰਾਸ਼ਾ, ਪਰੇਸ਼ਾਨੀ ਅਤੇ ਮਾਨਸਿਕ ਦਬਾਅ ਅਧੀਨ ਮਾਲਕਾਂ ਦੁਆਰਾ ਦਿੱਤੇ ਕੰਮ ਨੂੰ ਕਰਨ ਲਈ ਮਜਬੂਰ ਹੋ ਜਾਂਦੇ ਹਨ ਜਾਂ ਉਨ੍ਹਾਂ ਦੀ ਇੱਛਾ ਅਨੁਸਾਰ ਕੰਮ ਕਰਨ ਲਈ ਧੱਕੇ-ਖਿੱਚੇ ਜਾਂਦੇ ਹਨ। ਦੇਸ਼ ਵਿਚ ਰੁਜ਼ਗਾਰ ਦੇ ਲਾਹੇਵੰਦ ਮੌਕੇ ਆਟੇ ਵਿੱਚ ਲੂਣ ਦੇ ਬਰਾਬਰ ਹਨ।
ਭਾਰਤ ਸਰਕਾਰ ਦੁਆਰਾ ਇਸ ਸਮੱਸਿਆ ਨਾਲ ਨਜਿੱਠਣ ਲਈ ਅੰਤਰ-ਮੰਤਰਾਲਾ ਜਾਂਚ ਕਮੇਟੀ ਗਠਿਤ ਕੀਤੀ ਗਈ ਅਤੇ ਇਸ ਕਮੇਟੀ ਨੇ ਬੈਂਕਿੰਗ ਪ੍ਰਣਾਲੀ, ਪਰਵਾਸ ਅਤੇ ਦੂਰਸੰਚਾਰ ਵਿਭਾਗਾਂ ਵਿੱਚ ਖੱਪੇ ਨੋਟ ਕੀਤੇ। ਇਸ ਸਮੱਸਿਆ ਨਾਲ ਨਜਿੱਠਣ ਲਈ ਅੰਤਰ-ਵਿਭਾਗੀ ਸਹਿਯੋਗ ਦੀ ਬੇਹੱਦ ਲੋੜ ਹੈ। ਦੇਰੀ ਨਾਲ ਹੀ ਸਹੀ, ਕੇਂਦਰੀ ਦੂਰਸੰਚਾਰ ਵਿਭਾਗ ਨੇ ਦੋ ਕਰੋੜ ਮੋਬਾਈਲ ਫੋਨ ਬੰਦ ਕਰ ਦਿੱਤੇ; ਭਾਵ, ਉਨ੍ਹਾਂ ਨੂੰ ਬੇਅਸਰ ਦਿੱਤਾ ਗਿਆ ਜਿਹੜੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਪ੍ਰਾਪਤ ਕੀਤੇ ਗਏ ਸਨ ਅਤੇ ਜਿਨ੍ਹਾਂ ਦੀ ਸਾਈਬਰ ਅਪਰਾਧਾਂ ਲਈ ਦੁਰਵਰਤੋਂ ਹੋ ਰਹੀ ਸੀ।
ਸਾਈਬਰ ਧੋਖਾਧੜੀ ਜਾਂ ਹੋਰ ਅਪਰਾਧ ਕਰਨ ਵਾਲੇ ਇੰਨੇ ਟਰੇਂਡ ਤੇ ਚੁਸਤ-ਚਲਾਕ ਹਨ ਕਿ ਉਨ੍ਹਾਂ ਨੇ ਮੰਨੇ-ਪ੍ਰਮੰਨੇ ਸਨਅਤਕਾਰ ਐੱਸਪੀ ਓਸਵਾਲ ਤੋਂ ਸੱਤ ਕਰੋੜ ਰੁਪਏ ਠੱਗ ਲਏ। ਅਪਰਾਧਾਂ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ ਪਰ ਹਕੀਕਤ ਪਸੰਦ ਹੋਣਾ ਵੀ ਬੇਹੱਦ ਜ਼ਰੂਰੀ ਹੈ। ਦੂਜੇ, ਵਿਕਾਸਸ਼ੀਲ ਦੇਸ਼ਾਂ ਵਿੱਚ ਭਾਰਤੀ ਨੌਜਵਾਨਾਂ ਦੁਆਰਾ ਨੌਕਰੀ/ਰੁਜ਼ਗਾਰ ਲਈ ਮਾਰੇ-ਮਾਰੇ ਫਿਰਨਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਸਾਡੇ ਦੇਸ਼ ਦੇ ਦਾਅਵਿਆਂ ਨਾਲ ਮੇਲ ਨਹੀਂ ਖਾਂਦਾ। ਵਿਕਸਤ ਭਾਰਤ ਦਾ ਸੁਫਨਾ ਖੋਖਲਾ ਹੀ ਸਾਬਿਤ ਹੋਵੇਗਾ ਜੇਕਰ ਹੁਨਰਮੰਦ ਭਾਰਤੀ ਨੌਜਵਾਨਾਂ ਨੂੰ ਦੇਸ਼ ਵਿੱਚ ਰੁਜ਼ਗਾਰ ਨਹੀਂ ਮਿਲਦਾ। ਦੂਜੇ, ਇਹ ਵੀ ਯਾਦ ਰੱਖਣਾ ਹੋਵੇਗਾ ਕਿ ਭਾਰਤ ਤੋਂ ਨੌਜਵਾਨਾਂ ਦੀ ਤਸਕਰੀ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਵਿਚ ਹੀ ਨਹੀਂ ਹੋ ਰਹੀ ਸਗੋਂ ਅਰਬ ਦੇਸ਼ਾਂ, ਅਮਰੀਕਾ, ਕੈਨੇਡਾ, ਯੂਰੋਪੀਅਨ ਦੇਸ਼ਾਂ, ਨਿਊਜ਼ੀਲੈਂਡ ਤੇ ਆਸਟਰੇਲੀਆ ਅਤੇ ਭਿਅੰਕਰ ਜੰਗਾਂ ਵਿੱਚ ਉਲਝੇ ਦੇਸ਼ਾਂ ਇਜ਼ਰਾਈਲ ਤੇ ਰੂਸ ਵਿੱਚ ਵੀ ਹੋ ਰਹੀ ਹੈ। ਇਜ਼ਰਾਈਲ ਲਈ ਇਕੱਲੇ ਯੂਪੀ ਤੋਂ ਹੀ ਪੰਜ ਹਜ਼ਾਰ ਨੌਜਵਾਨ ਭਰਤੀ ਕੀਤੇ ਗਏ। ਇਹ ਭਰਤੀ ਹਰਿਆਣਾ ਵਿੱਚੋਂ ਵੀ ਹੋਈ। ਹੁਣ ਭਾਰਤ ਸਰਕਾਰ ਨੇ ਵੀ ਜਨਤਕ ਦਬਾਅ ਵਿੱਚ ਪ੍ਰਵਾਨ ਕਰ ਲਿਆ ਹੈ ਕਿ ਰੂਸ-ਯੂਕਰੇਨ ਜੰਗ ਦੌਰਾਨ 126 ਭਾਰਤੀ ਨਾਗਰਿਕ ਰੂਸੀ ਸੈਨਾ ਵਿਚ ਭਰਤੀ ਹੋਏ ਸਨ ਜਾਂ ਕਰ ਲਏ ਗਏ। ਇਨ੍ਹਾਂ ਵਿੱਚੋਂ 12 ਭਾਰਤੀ ਵਿਦੇਸ਼ੀ ਧਰਤੀ ’ਤੇ ਯੁੱਧ ਵਿੱਚ ‘ਸ਼ਹੀਦ’ ਹੋ ਗਏ ਅਤੇ 16 ਹੋਰ ਭਾਰਤੀ ਲਾਪਤਾ ਹਨ। 126 ਭਾਰਤੀ ਸੈਨਿਕਾਂ ਵਿੱਚੋਂ 96 ਨੂੰ ਰੂਸੀ ਫੌਜ ਵਿੱਚੋਂ ਡਿਸਚਾਰਜ/ਕੱਢ ਦਿੱਤਾ ਗਿਆ। ਦੋ ਭਾਰਤੀ ਨਾਗਰਿਕ ਅਜੇ ਵੀ ਰੂਸੀ ਫੌਜ ਨਾਲ ਹਨ।
ਇਹ ਸਾਰਾ ਕੁਝ ਤਾਂ ਵਿਕਸਤ ਭਾਰਤ ਦਾ ਪ੍ਰਮਾਣ ਨਹੀਂ ਹੋ ਸਕਦਾ। ਵਿਕਰਾਲ ਹੋ ਚੁੱਕੀ ਬੇਰੁਜ਼ਗਾਰੀ ਨੌਜਵਾਨਾਂ ਨੂੰ ਖੂੰਖਾਰ ਭਾਰਤੀ ਤੇ ਵਿਦੇਸ਼ੀ ਏਜੰਟਾਂ ਦੇ ਹੱਥੀਂ ਚਾੜ੍ਹ ਦਿੰਦੀ ਹੈ। ਪੰਜਾਬ ਵਿੱਚੋਂ ਔਰਤਾਂ ਵੀ ਅਰਬ ਦੇਸ਼ਾਂ ਵਿੱਚ ਸਮਗਲ ਹੋ ਰਹੀਆਂ ਹਨ। ਪੀਊ ਰਿਸਰਚ ਸੈਂਟਰ ਅਨੁਸਾਰ, ਅਮਰੀਕਾ ਵਿੱਚ ਲਗਭਗ ਸਵਾ ਸੱਤ ਲੱਖ ਭਾਰਤੀ ਗ਼ੈਰ-ਕਾਨੂੰਨੀ ਰੂਪ ਵਿੱਚ ਰਹਿ ਰਹੇ ਹਨ। ਇਨ੍ਹਾਂ ਵਿੱਚੋਂ 18 ਹਜ਼ਾਰ ਜਲਦੀ ਹੀ ਭਾਰਤ ਪਹੁੰਚ ਰਹੇ ਹਨ। ਭਾਰਤ ਭਰ ਵਿੱਚ ਏਜੰਟਾਂ ਨੂੰ ਸੱਤਾਵਾਨਾਂ ਦੀ ਸਿੱਧੀ-ਅਸਿੱਧੀ ਸਰਪ੍ਰਸਤੀ ਹਾਸਲ ਹੈ।
ਖੇਤੀਬਾੜੀ ਘਾਟੇ ਦਾ ਧੰਦਾ ਬਣ ਜਾਣ ਅਤੇ ਪੰਜ ਏਕੜ ਤੱਕ ਦੇ ਮਾਲਕਾਂ ਲਈ ਖੇਤੀ ਕਰਜ਼ਿਆਂ ਦੇ ਵਧਦੇ ਬੋਝ ਦਾ ਸਬਬ ਬਣ ਜਾਣ ਕਾਰਨ ਪਿੰਡਾਂ ਦੇ ਨੌਜਵਾਨ ਖੇਤੀਬਾੜੀ ਤੋਂ ਮੂੰਹ ਮੋੜ ਰਹੇ ਹਨ; ਉਹ ਸ਼ਹਿਰੀ ਚਮਕ-ਦਮਕ ਵਾਲੀ ਜ਼ਿੰਦਗੀ ਤੋਂ ਪ੍ਰੇਰਿਤ ਹੋ ਕੇ ਵੱਡੇ ਸ਼ਹਿਰਾਂ ਵੱਲ ਜਾ ਰਹੇ ਹਨ। ਸ਼ਹਿਰੀ ਜ਼ਿੰਦਗੀ ਦੇ ਖਰਚ ਪਿੰਡਾਂ ਦੇ ਖਰਚ ਦੇ ਮੁਕਾਬਲੇ ਵੱਧ ਹਨ। ਸ਼ਹਿਰਾਂ ਵਿੱਚ ਜ਼ਿੰਦਗੀ ਦੀ ਰਫ਼ਤਾਰ ਬੜੀ ਤਿੱਖੀ ਹੈ। ਆਪਣਾ ਨਾਂ-ਥਾਂ ਬਣਾਉਣ ਦੇ ਚੱਕਰ ਅਤੇ ਖ਼ੁਦ ਦੇ ਸੰਘਰਸ਼ ਕਾਰਨ ਤਣਾਉ ਵਧ ਰਿਹਾ ਹੈ। ਪੇਂਡੂ ਭਾਈਚਾਰਕ ਤੇ ਪਰਿਵਾਰਕ ਛਤਰੀ ਟੁੱਟ-ਭੱਜ ਗਈ ਹੈ। ਸਿੱਟੇ ਵਜੋਂ ਅਸੁਰੱਖਿਆ ਅਤੇ ਅਧੂਰੇਪਣ ਦਾ ਅਹਿਸਾਸ ਪੈਦਾ ਹੁੰਦਾ ਹੈ। ਬਦਕਿਸਮਤੀ ਨੂੰ ਸਾਡੀ ਸਿੱਖਿਆ ਪ੍ਰਣਾਲੀ ਸੰਤੁਲਿਤ, ਸੰਪੂਰਨ ਤੇ ਸਿਰਜਣਾਤਮਕ ਮਨੁੱਖ ਪੈਦਾ ਕਰਨ ਵਿੱਚ ਅਸਫਲ ਰਹੀ ਹੈ। 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਵੀ ਇਹ ਪੁਰਾਣੇ ਘਸੇ-ਪਿਟੇ ਰੱਟਾ ਲਾਊ ਅਤੇ ਇਮਤਿਹਾਨਾਂ ਵਿੱਚ ਸਫਲ ਹੋ ਜਾਣ ਦੇ ਟੀਚੇ ਤੋਂ ਹੀ ਪ੍ਰੇਰਿਤ ਹੈ। ਮਨ-ਮਸਤਕ ਅਤੇ ਕਰਮ ਦੀ ਤ੍ਰਿਵੈਣੀ ਇਸ ਵਿੱਚੋਂ ਗ਼ਾਇਬ ਹੈ।

Advertisement

ਸਾਲ 2023-24 ਦੇ ਆਰਥਿਕ ਸਰਵੇਖਣ ਅਨੁਸਾਰ, ਸਾਡੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚੋਂ ਨਿਕਲਦੇ ਗਰੈਜੂਏਟਾਂ ਵਿੱਚੋਂ ਕੇਵਲ 51.25% ਨੌਜਵਾਨ ਹੀ ਰੁਜ਼ਗਾਰ ਦੇ ਯੋਗ ਮੰਨੇ ਜਾਂਦੇ ਹਨ। ਸਪਸ਼ਟ ਹੈ ਕਿ ਪੰਦਰਾਂ ਸਾਲ ਵਿਦਿਅਕ ਸੰਸਥਾਵਾਂ ਵਿੱਚ ਲਗਾਉਣ ਤੋਂ ਬਾਅਦ ਵੀ ਸਾਡੇ ਨੌਜਵਾਨ ਕਿਰਤ ਸ਼ਕਤੀ ਵਿੱਚ ਹਿੱਸੇਦਾਰ ਨਹੀਂ ਬਣ ਸਕਦੇ। ਸਿੱਟੇ ਵਜੋਂ ਨੌਜਵਾਨਾਂ ਦੀ ਬੇਰੁਜ਼ਗਾਰੀ ਕਰ ਕੇ ਪੈਦਾ ਹੋਣ ਵਾਲੀ ਨਿਰਾਸ਼ਤਾ ਤੇ ਬੇਉਮੀਦੀ ਦਾ ਸਿੱਟਾ ਬਹੁਤੀ ਵਾਰ ਨਸ਼ਿਆਂ ਦੀ ਦਲਦਲ ਵਿਚ ਧਸਣ, ਅਪਰਾਧਾਂ ਦੀ ਦੁਨੀਆ ਵਿੱਚ ਧੱਕੇ ਜਾਣ ਨਿਰਾਸ਼ਾ ਤੇ ਘੋਰ ਉਦਾਸੀ ਅਤੇ ਅੰਤ ਵਿੱਚ ਖ਼ੁਦਕਸ਼ੀਆਂ ਵਿੱਚ ਨਿਕਲਦਾ ਹੈ।
ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਦੇ ਰੰਗਾ-ਰੰਗ ਪ੍ਰੋਗਰਾਮਾਂ ਨੂੰ ਦੇਖਣ ਨਾਲ ਰੀਝਾਂ, ਇੱਛਾਵਾਂ ਤੇ ਖ਼ਾਹਿਸ਼ਾਂ ਦਾ ਸੁਫਨ ਸੰਸਾਰ ਖੌਲਦਾ/ਉੱਛਲਦਾ ਹੈ ਪਰ ਰੁਜ਼ਗਾਰ ਤੇ ਆਮਦਨ ਦੇ ਵਸੀਲੇ ਨਿਰੰਤਰ ਘਟ ਰਹੇ ਹਨ। ਇਹ ਖੱਪਾ ਭਰਨਾ ਬੇਹੱਦ ਜ਼ਰੂਰੀ ਹੈ। ਨੌਜਵਾਨਾਂ ਦੀਆਂ ਖ਼ੁਦਕਸ਼ੀਆਂ ਨਾਲ ਨਜਿੱਠਣਾ ਜ਼ਰੂਰੀ ਹੈ। ਢਾਂਚਾਗਤ ਪ੍ਰਣਾਲੀ ਵਿੱਚ ਕੁਝ ਕਦਮ ਉਠਾਉਣੇ ਜ਼ਰੂਰੀ ਹਨ। ਸਿੱਖਿਆ ਨੂੰ ਰੌਚਿਕ, ਰਚਨਾਤਮਕ, ਉਸਾਰੂ ਤੇ ਰੁਜ਼ਗਾਰਯੋਗ ਬਣਾਇਆ ਜਾਵੇ। ਸਿੱਖਿਆ ਮਨੁੱਖ ਦੇ ਸਰਵਪੱਖੀ ਵਿਕਾਸ ਲਈ ਰਚਨਾਤਮਕ, ਸਿਰਜਣਾਤਮਕ ਅਤੇ ਮਨੁੱਖ ਦੀ ਕੁਦਰਤੀ ਸਮਰੱਥਾ ਨੂੰ ਵਿਕਸਤ ਕਰਨ ਵਾਲੀ ਅਤੇ ਸਮਾਜਿਕ ਕਿਰਤ ਵਿਚ ਹਿੱਸਾ ਪਾਉਣ ਦੇ ਯੋਗ ਬਣਾਉਣ ਵਾਲੀ ਹੋਵੇ। ਇਹ ਰੱਟਾ ਲਾਊ ਤਾਂ ਬਿਲਕੁੱਲ ਨਾ ਹੋਵੇ। ਇਹ ਇਮਤਿਹਾਨ ਕੇਂਦਰਿਤ ਹੀ ਹੋਵੇ; ਭਾਵ, ਸਿਰਫ਼ ਇਮਤਿਹਾਨ ਪਾਸ ਕਰਨਾ ਹੀ ਇਸ ਦਾ ਇੱਕੋ-ਇੱਕ ਉਦੇਸ਼ ਨਾ ਹੋਵੇ। ਇਹ ਜਮਹੂਰੀ, ਵਿਗਿਆਨ, ਧਰਮ ਨਿਰਪੱਖ, ਭਾਈਚਾਰਕ ਸਾਂਝ ਆਦਿ ਦੀਆਂ ਮਾਨਵਵਾਦੀ ਕਦਰਾਂ-ਕੀਮਤਾਂ ਵਿਕਸਤ ਕਰੇ। ਸਰਕਾਰਾਂ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਸਿਰਜਣ ਪਰ ਢੁੱਕਵੀਂ ਸਮਾਜਿਕ-ਆਰਥਿਕ ਵਿਵਸਥਾ ਅਤੇ ਸਿੱਖਿਆ ਪ੍ਰਣਾਲੀ ਨਾ ਹੋਣ ਦੇ ਸਿੱਟੇ ਬੇਹੱਦ ਭਿਆਨਕ ਹਨ।
ਵਿਸ਼ਵ ਦੀ ਖ਼ੁਦਕੁਸ਼ੀਆਂ ਦੀ ਦਰ 10.5 ਪ੍ਰਤੀ ਲੱਖ ਹੈ। ਭਾਰਤ ਵਿੱਚ ਇਹ ਦਰ 16.5 ਪ੍ਰਤੀ ਲੱਖ ਹੈ। ਇਹ ਅੰਕੜੇ 2016 ਦੇ ਹਨ। ਲਾਜ਼ਮੀ ਤੌਰ ’ਤੇ ਕਰੋਨਾ ਕਾਲ ਅਤੇ ਇਸ ਤੋਂ ਬਾਅਦ ਆਮ ਲੋਕਾਂ ਦੀ ਆਮਦਨ ਵਿੱਚ ਖੜੋਤ ਆਈ ਹੈ; ਮਹਿੰਗਾਈ ਤੇ ਬੇਰੁਜ਼ਗਾਰੀ ਵਿੱਚ ਵੱਡਾ ਵਾਧਾ ਹੋਇਆ ਹੈ। ਸਿੱਟੇ ਵਜੋਂ ਖ਼ੁਦਕੁਸ਼ੀਆਂ ਦੀ ਦਰ ਹੋਰ ਵਧੀ ਹੋਵੇਗੀ। ਕਾਰਨ? ਪ੍ਰਾਇਮਰੀ ਤੋਂ ਯੂਨੀਵਰਸਿਟੀ ਤੱਕ ਸਿੱਖਿਆ ਦਾ ਪੱਧਰ ਬੇਹੱਦ ਨੀਵਾਂ ਹੈ; ਪੇਂਡੂ ਖੇਤਰਾਂ ਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਦਿਹਾੜੀਦਾਰਾਂ ਦੀ ਆਮਦਨ ਹੋਰ ਸੁੰਗੜਨ ਕਾਰਨ ਨਿਰਾਸ਼ਾ, ਘੋਰ ਉਦਾਸੀ ਤੇ ਪਸਤ-ਹਿੰਮਤੀ ਦੀ ਹਾਲਤ ਹੋਰ ਗੰਭੀਰ ਹੋਈ ਹੈ। ਔਰਤਾਂ ਦੋਹਰੀ ਤੀਹਰੀ ਗੁਲਾਮੀ ਹੰਢਾ ਰਹੀਆਂ ਹਨ। ਉਨ੍ਹਾਂ ਵਿੱਚ ਬੇਰੁਜ਼ਗਾਰੀ ਪੁਰਸ਼ਾਂ ਨਾਲੋਂ ਵੀ ਵੱਧ ਹੈ ਅਤੇ ਉਜਰਤਾਂ ਵੀ ਪੁਰਸ਼ਾਂ ਨਾਲੋਂ ਕਿਤੇ ਘੱਟ ਹਨ। ਸਿੱਟੇ ਵਜੋਂ ਕਿਸਾਨ, ਖੇਤ ਮਜ਼ਦੂਰ, ਦਿਹਾੜੀਦਾਰ, ਵਿਦਿਆਰਥੀ, ਨੌਜਵਾਨ ਅਤੇ ਔਰਤਾਂ ਸਭ ਤੋਂ ਵੱਧ ਖ਼ੁਦਕੁਸ਼ੀ ਕਰਨ ਵਾਲੇ ਵਰਗ ਹਨ। ਨਸ਼ਿਆਂ ਦੇ ਮੁੱਖ ਕਾਰਨ ਹਨ (ੳ) ਮਾਨਸਿਕ ਰੋਗ, ਘੋਰ ਉਦਾਸੀ, ਨਿਰਾਸ਼ਤਾ ਤੇ ਪਸਤ-ਹਿੰਮਤੀ (ਅ) ਨਸ਼ਿਆਂ ਦੇ ਆਦੀ ਹੋ ਜਾਣਾ (ੲ) ਮੁਹੱਬਤ ਵਿੱਚ ਅਸਫਲਤਾ (ਸ) ਆਰਥਿਕ ਤੇ ਸਮਾਜਿਕ ਭਿੰਨ-ਭੇਦ ਤੇ ਵਿਤਕਰਾ, ਵਖਰੇਵਾਂ, ਜਾਤੀਗਤ ਅਭਿਮਾਨ ਅਤੇ ਦੂਜੇ ਪਾਸੇ ਹੀਣ ਭਾਵਨਾ। ਪਿਆਰ ਵਿਆਹ ਕਰਨ ਹੀ ਨਹੀਂ ਦਿੱਤੇ ਜਾਂਦੇ ਅਤੇ ਅੰਤਰ-ਜਾਤੀ ਵਿਆਹ ਅਜੇ ਵੀ ਵਿਰਲੇ-ਟਾਵੇਂ ਹਨ। ਅੰਤਰ-ਧਰਮੀ ਵਿਆਹਾਂ ਵਿੱਚ ਤਾਂ ਸਰਕਾਰਾਂ ਤੇ ਸਮਾਜ ਅੜੰਗੇ ਡਾਹ ਰਿਹਾ ਹੈ (ਹ) ਲਿੰਗਕ/ਜਿਣਸੀ ਹਿੰਸਾ ਤੇ ਘਰੇਲੂ ਹਿੰਸਾ (ਕ) ਇਮਤਿਹਾਨਾਂ ਵਿੱਚ ਫੇਲ੍ਹ ਹੋ ਜਾਣਾ ਜਾਂ ਫੇਲ੍ਹ ਹੋ ਜਾਣ ਦਾ ਡਰ (ਖ) ਬੇਰੁਜ਼ਗਾਰੀ ਤੇ ਘੋਰ ਗੁਰਬਤ ਆਦਿ (ਗ) ਦੱਖਣੀ ਏਸ਼ਿਆਈ ਦੇਸ਼ਾਂ ਵਿੱਚ ਭਾਈਚਾਰੇ ਵਿੱਚ ਦਾਗ਼ ਲੱਗ ਜਾਣ ਦਾ ਡਰ ਮੁੱਖ ਹਨ।
ਸਮਾਜਿਕ ਮਾਹਿਰਾਂ ਅਨੁਸਾਰ ਹਰੇਕ ਖ਼ੁਦਕਸ਼ੀ ਪਿੱਛੇ 200 ਵਿਅਕਤੀਆਂ ਵਿਚ ਖ਼ੁਦਕੁਸ਼ੀ ਕਰਨ ਦੀ ਸੋਚ ਘੱਟ ਜਾਂ ਵੱਧ ਮੌਜੂਦ ਹੁੰਦੀ ਹੈ। ਇਕ ਨੇ ਤਾਂ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਪਰ 200 ਹੋਰ ਵਿਅਕਤੀ ਵੀ ਸਮੱਸਿਆਵਾਂ, ਮੁਸ਼ਕਿਲਾਂ ਤੇ ਜ਼ਿੰਦਗੀ ਦੀਆਂ ਹੋਰ ਕਠਿਨਾਈਆਂ ਤੋਂ ਪ੍ਰੇਸ਼ਾਨ ਖ਼ੁਦਕੁਸ਼ੀ ਲਈ ਕਦੇ ਨਾ ਕਦੇ ਸੋਚਦੇ/ਮਹਿਸੂਸਦੇ ਹਨ। ਭਾਰਤੀ ਔਰਤਾਂ ਵਿਸ਼ਵ ਪੱਧਰ ’ਤੇ ਔਰਤਾਂ ਦੀਆਂ ਖ਼ੁਦਕੁਸ਼ੀਆਂ ਨਾਲੋਂ ਦੁੱਗਣੀਆਂ ਖ਼ੁਦਕੁਸ਼ੀਆਂ ਕਰਦੀਆਂ ਹਨ।
ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਸਾਲ 2021 ਵਿਚ ਭਾਰਤ ਵਿਚ ਹਰ ਰੋਜ਼ 86 ਔਰਤਾਂ/ਕੁੜੀਆਂ/ਬੱਚੀਆਂ ਬਲਾਤਕਾਰ ਦੀਆਂ ਸ਼ਿਕਾਰ ਹੁੰਦੀਆਂ ਹਨ। ਇਹ ਰਿਪੋਰਟ ਹੋਏ ਕੇਸ ਹਨ ਅਤੇ ਜਿਹੜੇ ਪਰਿਵਾਰਾਂ, ਭਾਈਚਾਰੇ ਵੱਲੋਂ ਦਬਾਅ/ਸੁਲਝਾ ਲਏ ਜਾਂਦੇ ਹਨ ਜਾਂ ਪੁਲੀਸ ਦੁਆਰਾ ਕੁਝ ਦੇ-ਦਿਵਾ ਕੇ (ਪੈਸੇ ਜਾਂ ਕੋਈ ਹੋਰ ਲਾਲਚ ਜਾਂ ਡਰਾਵਾ) ਨਿਬੇੜ ਦਿੱਤੇ ਜਾਂਦੇ ਹਨ, ਉਹ ਵੱਖ ਹਨ ਤੇ ਕਿਤੇ ਵੱਧ ਹਨ (ਭਾਰਤੀ ਪੁਲੀਸ ਸ਼ਾਇਦ ਸਭ ਵਿਭਾਗਾਂ ਦੇ ਕਰਮਚਾਰੀਆਂ ਨਾਲੋਂ ਵੱਧ ਭ੍ਰਿਸ਼ਟ ਹੈ। ਇੱਕੋ-ਇਕ ਮਹਿਕਮਾ ਹੈ ਜਿਨ੍ਹਾਂ ਨੂੰ ਡੰਡੇ/ਛਿੱਤਰ ਮਾਰਨ ’ਤੇ ਵੀ ਇੱਜ਼ਤ-ਮਾਣ ਨਾਲ ਪੈਸੇ ਮਿਲਦੇ ਹਨ)। ਦਾਗ਼/ਧੱਬਾ ਲੱਗ ਜਾਣ ਦਾ ਡਰ ਹਮੇਸ਼ਾ ਸਤਾਉਂਦਾ ਰਹਿੰਦਾ ਹੈ। ਅਨੇਕਾਂ ਔਰਤਾਂ, ਲੜਕੀਆਂ, ਬੱਚੀਆਂ ਸਰੀਰਕ ਤੇ ਮਾਨਸਿਕ ਪੀੜਾ ਦਾ ਸ਼ਿਕਾਰ ਰਹਿੰਦੀਆਂ ਹੁੰਦੀਆਂ ਹੋਈਆਂ ਜਬਰ ਹੀ ਸਹਿੰਦੀਆਂ ਰਹਿੰਦੀਆਂ ਹਨ।
ਸੰਪਰਕ: 98762-01268

Advertisement

Advertisement
Author Image

Advertisement