ਹਾਈਵੋਲਟੇਜ਼ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਬੱਚੇ ਦੀ ਮੌਤ
ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਨਵੰਬਰ
ਇਥੋਂ ਨੇੜਲੇ ਪਿੰਡ ਰੱਤੀਆਂ ਵਿਖੇ ਛੱਤ ’ਤੇ ਖੇਡ ਰਹੇ ਬੱਚੇ ਦੀ ਘਰ ਉਤੋਂ ਲੰਘਦੀਆਂ ਹਾਈਵੋਲਟੇਜ਼ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ। ਏਕਮ ਸਿੰਘ (ਦਸ ਸਾਲ) ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਸ ਦਾ ਪਿਤਾ ਅੰਗਰੇਜ ਸਿੰਘ ਹਰਿਆਣਾ ਵਿਖੇ ਕੰਬਾਇਨ ’ਤੇ ਗਿਆ ਹੋਇਆ ਸੀ ਅਤੇ ਮਾਂ ਤੇ ਦਾਦੀ ਖੇਤਾਂ ਵਿਚ ਮਜ਼ਦੂਰੀ ਕਰਨ ਗਈਆਂ ਸਨ। ਇਸ ਦੌਰਾਨ ਬੱਚਾ ਘਰ ਦੀ ਛੱਤ ਉੱਤੇ ਖੇਡਣ ਚਲਾ ਗਿਆ। ਉਹ ਘਰ ਤੋਂ ਲੰਘਦੀ 11 ਹਜ਼ਾਰ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਫ਼ੀ ਮੁਸ਼ੱਕਤ ਮਗਰੋਂ ਉਸ ਦੀ ਲਾਸ਼ ਨੂੰ ਉਤਾਰਿਆ ਗਿਆ। ਇਸ ਦੌਰਾਨ ਪੀੜਤ ਪਰਿਵਾਰ ਨੇ ਪਾਵਰਕੌਮ ਅਧਿਕਾਰੀਆਂ ਨੂੰ ਦਿੱਤੀਆਂ ਅਰਜ਼ੀਆਂ ਦਿਖਾਉਂਦਿਆਂ ਕਿਹਾ ਕਿ ਉਹ ਦੋ ਸਾਲ ਤੋਂ ਪਾਵਰਕੌਮ ਦਫ਼ਤਰ ਦੇ ਚੱਕਰ ਕੱਟ ਰਹੇ ਹਨ। ਪਿੰਡ ਰੱਤੀਆਂ ਦੇ ਸਰਪੰਚ ਨਿਰਮਲ ਸਿੰਘ ਨੀਟਾ ਤੇ ਨੰਬਰਦਾਰ ਸੋਮ ਸਿੰਘ ਰਾਠੌਰ ਨੇ ਇਸ ਗ਼ਰੀਬ ਪਰਿਵਾਰ ਲਈ ਸਰਕਾਰ ਅਤੇ ਪਾਵਰਕੌਮ ਤੇ ਧਾਰਮਿਕ ਸਮਾਜਿਕ ਜਥੇਬੰਦੀਆਂ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ।