ਪਤੰਗ ਉਡਾਉਂਦਿਆਂ ਬੱਚੇ ਦੀ ਮੈਨਹੋਲ ’ਚ ਡਿੱਗਣ ਕਾਰਨ ਮੌਤ
06:30 AM Jan 29, 2025 IST
ਪੱਤਰ ਪ੍ਰੇਰਕ
ਪੰਚਕੂਲਾ, 28 ਜਨਵਰੀ
ਇੱਥੇ ਸੀਵਰੇਜ ਦੇ ਮੈਨਹੋਲ ਵਿੱਚ ਡਿੱਗਣ ਨਾਲ 10 ਸਾਲਾ ਬੱਚੇ ਦੀ ਮੌਤ ਹੋ ਗਈ। ਇਹ ਹਾਦਸਾ ਪਤੰਗ ਉਡਾਉਂਦਿਆਂ ਹੋਇਆ। ਜਦੋਂ ਬੱਚੇ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਬੱਚੇ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਦਕਸ਼ ਵਜੋਂ ਹੋਈ ਹੈ, ਜੋ ਰਾਮਗੜ੍ਹ ਕੋਟ ਬਿੱਲਾ ਦਾ ਰਹਿਣ ਵਾਲਾ ਹੈ। ਰਾਮਗੜ੍ਹ ਥਾਣਾ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੇ ਦੇ ਪਿਤਾ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਘਰ ਦੇ ਬਾਹਰ ਪਤੰਗ ਉਡਾ ਰਿਹਾ ਸੀ ਤੇ ਨੇੜੇ ਹੀ ਸੜਕ ਕਿਨਾਰੇ ਸੀਵਰੇਜ ਦੇ ਮੈਨਹੋਲ ਦਾ ਢੱਕਣ ਖੁੱਲ੍ਹਾ ਸੀ। ਇਸ ਦੌਰਾਨ ਉਹ ਮੈਨਹੋਲ ਵਿੱਚ ਡਿੱਗ ਪਿਆ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
Advertisement
Advertisement