ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਚੇ ਦੀ ਮੌਤ ਦਾ ਮਾਮਲਾ: ਏਲਾਂਤੇ ਮਾਲ ਦੇ ਅਧਿਕਾਰੀਆਂ ਨੇ ਸੀਸੀਪੀਸੀਆਰ ਨੂੰ ਰਿਪੋਰਟ ਸੌਂਪੀ

07:46 AM Jul 04, 2024 IST
ਹਾਦਸੇ ’ਚ ਮਰਨ ਵਾਲੇ ਬੱਚੇ ਸ਼ਾਹਬਾਜ਼ ਦੀ ਤਸਵੀਰ।

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਜੁਲਾਈ
ਇੱਥੋਂ ਦੇ ਨੈਕਸਸ ਏਲਾਂਤੇ ਮਾਲ ਵਿੱਚ ਖਿਡੌਣਾ ਰੇਲਗੱਡੀ ਪਲਟਣ ਕਾਰਨ ਬੱਚੇ ਦੀ ਮੌਤ ਹੋਣ ਦੇ ਮਾਮਲੇ ਵਿੱਚ ਚੰਡੀਗੜ੍ਹ ਕਮਿਸ਼ਨ ਫਾਰ ਦਿ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀਸੀਪੀਸੀਆਰ) ਨੂੰ ਸ਼ਾਪਿੰਗ ਮਾਲ ਦੇ ਪ੍ਰਬੰਧਕਾਂ ਨੇ ਰਿਪੋਰਟ ਸੌਂਪ ਦਿੱਤੀ ਹੈ। ਇਸ ਤੋਂ ਇਲਾਵਾ ਬਾਲ ਕਮਿਸ਼ਨ ਨੇ ਇਸ ਮਾਮਲੇ ਵਿੱਚ ਪੁਲੀਸ ਕੋਲੋਂ ਵੀ ਕਾਰਵਾਈ ਰਿਪੋਰਟ ਮੰਗੀ ਹੈ।
ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਦੱਸਿਆ ਕਿ ਕਮਿਸ਼ਨ ਨੇ ਨੈਕਸਸ ਏਲਾਂਟੇ ਮਾਲ ਦੀ ਪ੍ਰਬੰਧਕੀ ਟੀਮ ਦੇ ਸਬੰਧਤ ਅਧਿਕਾਰੀਆਂ ਕੋਲੋਂ ਰਿਪੋਰਟ ਪ੍ਰਾਪਤ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਏਲਾਂਤੇ ਮਾਲ ਦੇ ਅਧਿਕਾਰੀਆਂ ਨੇ ਕਮਿਸ਼ਨ ਨੂੰ ਸੌਂਪੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਉਨ੍ਹਾਂ ਕੋਲ ਸਿੱਖਿਅਤ ਤੇ ਹਾਈਟੈੱਕ ਸੁਰੱਖਿਆ ਸਟਾਫ ਹੈ ਅਤੇ ਉਨ੍ਹਾਂ ਕੋਲ ਮਾਲ ਵਿੱਚ ਮੈਡੀਕਲ ਸਹੂਲਤ ਵੀ ਉਪਲਬਧ ਹੈ। ਕਿਸੇ ਵੀ ਤਰ੍ਹਾਂ ਦੀ ਘਟਨਾ ਹੋਣ ’ਤੇ ਉਨ੍ਹਾਂ ਦਾ ਗਰੇਸ਼ੀਅਨ ਹਸਪਤਾਲ ਨਾਲ ਸਮਝੌਤਾ ਹੈ। ਉਹ ਸਮੇਂ-ਸਮੇਂ ’ਤੇ ਆਪਣੇ ਸਟਾਫ ਦੀ ਸਿਖਲਾਈ ਸਬੰਧੀ ਵਰਕਸ਼ਾਪ ਤੇ ਸੈਮੀਨਾਰ ਵੀ ਕਰਵਾਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਕਮਿਸ਼ਨ ਨੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲੀਸ ਕੋਲੋਂ ਵੀ ਕਾਰਵਾਈ ਅਤੇ ਸਥਿਤੀ ਰਿਪੋਰਟ ਮੰਗੀ ਗਈ ਹੈ।
ਜ਼ਿਕਰਯੋਗ ਹੈ ਕਿ ਏਲਾਂਤੇ ਮਾਲ ਵਿੱਚ 11 ਸਾਲਾ ਬੱਚੇ ਦੀ ਖਿਡੌਣਾ ਰੇਲਗੱਡੀ (ਟੋਏ ਟ੍ਰੇਨ) ਵਿੱਚ ਝੂਟਾ ਲੈਂਦੇ ਸਮੇਂ ਡੱਬਾ ਪਲਟਣ ਕਾਰਨ ਮੌਤ ਹੋ ਗਈ ਸੀ। ਇਹ ਬੱਚਾ ਨਵਾਂਸ਼ਹਿਰ ਤੋਂ ਪਰਿਵਾਰ ਸਮੇਤ ਚੰਡੀਗੜ੍ਹ ਘੁੰਮਣ ਆਇਆ ਸੀ। ਘਟਨਾ ਤੋਂ ਬਾਅਦ ਬੱਚੇ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸ਼ਾਹਬਾਜ਼ ਵਜੋਂ ਹੋਈ ਸੀ। ਸ਼ਿਪਰਾ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਵਿਚ ਲਗਦੇ ਮੇਲਿਆਂ ਤੇ ਹੋਰ ਥਾਵਾਂ ’ਤੇ ਝੂਟਿਆਂ ਸਬੰਧੀ ਬੱਚਿਆਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਤੇ ਸਾਵਧਾਨੀਆਂ ਵਰਤਣ ਦੀ ਹਦਾਇਤ ਦਿੱਤੀ ਹੈ।

Advertisement

ਪੁਲੀਸ ਦੀ ਪੜਤਾਲ ਦੇ ਪਹਿਲੂ ਵੀ ਜਾਂਚਾਂਗੇ: ਚੇਅਰਪਰਸਨ

ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਦੱਸਿਆ ਕਿ ਘਟਨਾ ਨੂੰ ਐਨੇ ਦਿਨ ਹੋ ਗਏ ਹਨ ਤੇ ਪੁਲੀਸ ਨੇ ਹੁਣ ਤੱਕ ਇਸ ਸਬੰਧ ਵਿੱਚ ਕੀ ਕਾਰਵਾਈ ਕੀਤੀ ਹੈ, ਇਸ ਬਾਰੇ ਰਿਪੋਰਟ ਮੰਗੀ ਗਈ ਹੈ। ਪੁਲੀਸ ਪੜਤਾਲ ਦੇ ਹਰੇਕ ਪਹਿਲੂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਿਹੀਆਂ ਖਾਮੀਆਂ ਤੇ ਘਟਨਾਵਾਂ ਨੂੰ ਭਵਿੱਖ ਵਿੱਚ ਰੋਕਣ ਲਈ ਯਤਨ ਕੀਤੇ ਜਾਣਗੇ ਅਤੇ ਮਾਲ ਤੇ ਹੋਰ ਸੰਸਥਾਵਾਂ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਜੇਕਰ ਏਲਾਂਟੇ ਕੋਲ ਸਿੱਖਿਅਤ ਤੇ ਮੈਡੀਕਲ ਸਟਾਫ ਹੈ ਤਾਂ ਘਟਨਾ ਵੇਲੇ ਮੈਡੀਕਲ ਸਟਾਫ ਕਿੱਥੇ ਸੀ। ਮੁੱਢਲੀ ਪੜਤਾਲ ਵਿੱਚ ਵੀ ਸਪੱਸ਼ਟ ਹੋਇਆ ਹੈ ਕਿ ਘਟਨਾ ਵੇਲੇ ਬੱਚੇ ਨੂੰ ਫਸਟ ਏਡ ਤੇ ਹੋਰ ਮੈਡੀਕਲ ਸਹਾਇਤਾ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਹ ਰਿਪੋਰਟ ਤੋਂ ਬਾਅਦ ਵਿਸਥਾਰ ਵਿੱਚ ਜਾਂਚ ਕਰਨਗੇ ਤੇ ਖਾਮੀਆਂ ਮਿਲਣ ’ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
Advertisement