ਫ਼ੌਜ ਮੁਖੀ ਮਨੋਜ ਪਾਂਡੇ ਵੱਲੋਂ ਬੰਗਲਾਦੇਸ਼ ਮਿਲਟਰੀ ਅਕੈਡਮੀ ਦਾ ਦੌਰਾ
ਢਾਕਾ, 6 ਜੂਨ
ਦੇਸ਼ ਦੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਚਟੋਗ੍ਰਾਮ ਵਿੱਚ ਬੰਗਲਾਦੇਸ਼ ਮਿਲਟਰੀ ਅਕੈਡਮੀ ਦਾ ਦੌਰਾ ਕੀਤਾ ਅਤੇ 84ਵੇਂ ‘ਲੌਂਗ ਕੋਰਸ’ ਦੇ ਕੈਡਿਟ ਅਧਿਕਾਰੀਆਂ ਦੀ ਪਾਸਿੰਗ-ਆਊਟ ਪਰੇਡ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਜਨਰਲ ਪਾਂਡੇ ਬੰਗਲਾਦੇਸ਼ ਦੇ ਦੋ ਰੋਜ਼ਾ ਦੌਰੇ ਤਹਿਤ ਬੀਤੇ ਦਿਨ ਢਾਕਾ ਪਹੁੰਚੇ ਸਨ। ਉਨ੍ਹਾਂ ਵੱਲੋਂ ਬਤੌਰ ਸੈਨਾ ਮੁਖੀ ਬੰਗਲਾਦੇਸ਼ ਦਾ ਇਹ ਦੂਜਾ ਦੌਰਾ ਹੈੇ। ਉਨ੍ਹਾਂ ਨੇ ਪਾਸਿੰਗ-ਆਊਟ ਕੋਰਸ ਦੇ ਐਵਾਰਡ ਜੇਤੂਆਂ ਨੂੰ ਵਧਾਈ ਦਿੱਤੀ ਤੇ ਕੈਡਿਟਾਂ ਨਾਲ ਗੱਲਬਾਤ ਵੀ ਕੀਤੀ ਅਤੇ ਮਿੱਤਰ ਦੇਸ਼ਾਂ ਦੇ ਸਰਵੋਤਮ ਵਿਦੇਸ਼ੀ ਕੈਡਿਟ ਲਈ ਸਥਾਪਿਤ ਕੀਤੀ ‘ਬੰਗਲਾਦੇਸ਼ ਭਾਰਤ ਮਿੱਤਰਤਾ ਟਰਾਫੀ’ ਵੀ ਭੇਟ ਕੀਤੀ। ਕਾਬਿਲੇਗੌਰ ਹੈ ਕਿ ਪਹਿਲੀ ਟਰਾਫੀ ਇਸ ਵਰ੍ਹੇ ਤਨਜ਼ਾਨੀਆ ਦੇ ਅਧਿਕਾਰੀ ਕੈਡਿਟ ਐਵਟਰਨ ਨੂੰ ਦਿੱਤੀ ਗਈ ਸੀ।
ਜਨਰਲ ਪਾਂਡੇ ਨੇ ਬੀਤੇ ਦਿਨ ਆਪਣੇ ਬੰਗਲਾਦੇਸ਼ੀ ਹਮਰੁਤਬਾ ਜਨਰਲ ਐੱਸ. ਐੱਸ. ਸ਼ਫੀਊਦੀਨ ਅਹਿਮਦ ਨਾਲ ਮੁਲਾਕਾਤ ਕੀਤੀ ਸੀ ਅਤੇ ਦੋਹਾ ਦੇਸ਼ਾਂ ਵਿਚਾਲੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਮਜਬੂਤ ਕਰਨ ਲਈ ਚਰਚਾ ਕੀਤੀ ਸੀ। ਬੰਗਲਾਦੇਸ਼ ਦੇ ਹਥਿਆਰਬੰਦ ਬਲਾਂ ਦੀ ਮੀਡੀਆ ਇਕਾਈ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨ ਡਾਇਰੈਕਟੋਰੇਟ ਨੇ ਇਕ ਬਿਆਨ ਵਿੱਚ ਕਿਹਾ ਕਿ ਦੋਹਾਂ ਦੇਸ਼ਾਂ ਦੇ ਸੈਨਾ ਮੁਖੀਆਂ ਨੇ ਭਾਰਤ ਤੇ ਬੰਗਲਾਦੇਸ਼ ਦੀ ਤਰੱਕੀ ਅਤੇ ਭਵਿੱਖੀ ਸਹਿਯੋਗ ਵਧਾਉਣ ਬਾਰੇ ਗੱਲਬਾਤ ਕੀਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸੈਨਾ ਮੁਖੀ ਦੇ ਦੌਰੇ ਨਾਲ ਬੰਗਲਾਦੇਸ਼ ਤੇ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਮਦਦ ਮਿਲਣ ਦੀ ਉਮੀਦ ਹੈ। -ਪੀਟੀਆਈ