ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਅੱਜ ਹਲਫ਼ ਲੈਣਗੇ ਮੁੱਖ ਮੰਤਰੀ
ਰਾਏਪੁਰ: ਵਿਸ਼ਨੂਦੇਵ ਸਾਏ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਵਜੋਂ 13 ਦਸੰਬਰ ਨੂੰ ਹਲਫ਼ ਲੈਣਗੇ। ਹਲਫ਼ਦਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਤੇ ਹੋਰ ਆਗੂ ਸ਼ਾਮਲ ਹੋਣਗੇ। ਉਂਜ ਭਲਕੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਨਾਵਾਂ ਬਾਰੇ ਸ਼ਸ਼ੋਪੰਜ ਅਜੇ ਵੀ ਬਰਕਰਾਰ ਹੈ। ਨੇਮਾਂ ਮੁਤਾਬਕ ਛੱਤੀਸਗੜ੍ਹ ਕੈਬਨਿਟ ਵਿੱਚ ਮੁੱਖ ਮੰਤਰੀ ਸਣੇ ਵੱਧ ਤੋਂ ਵੱਧ 13 ਮੰਤਰੀ ਹੀ ਹੋ ਸਕਦੇ ਹਨ। ਪ੍ਰਦੇਸ਼ ਭਾਜਪਾ ਪ੍ਰਧਾਨ ਅਰੁਣ ਸਾਓ ਨੇ ਕਿਹਾ ਕਿ ਬੁੱਧਵਾਰ ਨੂੰ ਹੋਣ ਵਾਲਾ ਸਮਾਗਮ ‘ਇਤਿਹਾਸਕ’ ਹੋਵੇਗਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ਚੋਣਾਂ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਵਾਂਗ ਸਾਏ ਦਾ ਹਲਫ਼ਦਾਰੀ ਸਮਾਗਮ ਤੇ ਮੰਤਰੀ ਪਰਿਸ਼ਦ ਵੀ ਇਤਿਹਾਸਕ ਹੋਵੇਗੀ।’’ ਭਾਜਪਾ ਨੇ ਐਤਵਾਰ ਨੂੰ ਕਬਾਇਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸਾਏ (59) ਦੀ ਨਵੇਂ ਮੁੱਖ ਮੰਤਰੀ ਵਜੋਂ ਚੋਣ ਕੀਤੀ ਸੀ। ਸਾਏ ਛੱਤੀਸਗੜ੍ਹ ਭਾਜਪਾ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਨਵੀਂ ਕੈਬਨਿਟ ਤੇ ਉਪ ਮੁੱਖ ਮੰਤਰੀਆਂ ਨੂੰ ਲੈ ਕੇ ਜਾ ਰਹੇ ਕਿਆਸਾਂ ਦਰਮਿਆਨ ਸਾਓ ਨੇ ਕਿਹਾ, ‘‘ਕਿੰਨੇ ਆਗੂ ਸਹੁੰ ਚੁੱਕਣਗੇ, ਇਹ ਤਾਂ ਸਾਰਿਆਂ ਨੂੰ ਮੌਕੇ ’ਤੇ ਹੀ ਪਤਾ ਲੱਗੇਗਾ।’’ ਹਲਫ਼ਦਾਰੀ ਸਮਾਗਮ ਲਈ ਰਾਏਪੁਰ ਦੇ ਸਾਇੰਸ ਕਾਲਜ ਵਿੱਚ ਜ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਸਮਾਗਮ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਆਸ ਹੈੈ। ਸਾਓ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਭਾਜਪਾ ਪ੍ਰਧਾਨ ਜੇ.ਪੀ.ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਹੋਰਨਾਂ ਰਾਜਾਂ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਹੋਰਨਾਂ ਰਾਜਾਂ ਦੇ ਸੀਨੀਅਰ ਭਾਜਪਾ ਆਗੂ, ਉੱਘੀਆਂ ਹਸਤੀਆਂ ਤੇ ਬੁੱਧੀਜੀਵੀ ਹਲਫ਼ਦਾਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ।’’ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਵੀ ਸਮਾਗਮ ਲਈ ਸੱਦਾ ਭੇਜਿਆ ਗਿਆ ਹੈ। ਕਿਆਸਾਂ ਦੀ ਮੰਨੀਏ ਤਾਂ ਕੈਬਨਿਟ ਵਿੱਚ ਦੋ ਉਪ ਮੁੁੱਖ ਮੰਤਰੀ- ਓਬੀਸੀ ਤੇ ਜਨਰਲ ਵਰਗ ’ਚੋਂ ਇਕ ਇਕ ਹੋ ਸਕਦੇ ਹਨ। ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੂੰ ਸੂਬਾਈ ਅਸੈਂਬਲੀ ਦਾ ਸਪੀਕਰ ਨਾਮਜ਼ਦ ਕੀਤਾ ਜਾ ਸਕਦਾ ਹੈ। -ਪੀਟੀਆਈ