For the best experience, open
https://m.punjabitribuneonline.com
on your mobile browser.
Advertisement

ਆਟੇ ਵਾਲੇ ਥੈਲਿਆਂ ਤੋਂ ਮੁੱਖ ਮੰਤਰੀ ਦੀ ਫੋਟੋ ਗਾਇਬ

08:48 AM Mar 21, 2024 IST
ਆਟੇ ਵਾਲੇ ਥੈਲਿਆਂ ਤੋਂ ਮੁੱਖ ਮੰਤਰੀ ਦੀ ਫੋਟੋ ਗਾਇਬ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 20 ਮਾਰਚ
ਪੰਜਾਬ ’ਚ ਆਟੇ ਦੀ ਹੋਮ ਡਲਿਵਰੀ ਵਾਲੇ ਥੈਲਿਆਂ ’ਤੋਂ ਮੁੱਖ ਮੰਤਰੀ ਦੀ ਤਸਵੀਰ ਹਟਾ ਦਿੱਤੀ ਗਈ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇਨ੍ਹਾਂ ਥੈਲਿਆਂ ’ਤੇ ਮੁੱਖ ਮੰਤਰੀ ਦੀ ਫੋਟੋ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸੀ। ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਕੌਮੀ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਅਨਾਜ ਦੀ ਵੰਡ ਕੀਤੀ ਜਾ ਰਹੀ ਹੈ ਜਦੋਂਕਿ ਪੰਜਾਬ ਸਰਕਾਰ ਨੇ ਆਟੇ ਦੀ ਹੋਮ ਡਲਿਵਰੀ ਦਾ ਕੰਮ ਅਮਲ ਵਿਚ ਲਿਆਂਦਾ ਹੈ। ਕਣਕ ਤੋਂ ਆਟੇ ਦੀ ਪਿਸਾਈ ਅਤੇ ਹੋਮ ਡਲਿਵਰੀ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕ ਰਹੀ ਹੈ।
ਕੇਂਦਰੀ ਖੁਰਾਕ ਮੰਤਰੀ ਪਿਊਸ਼ ਗੋਇਲ ਨੇ ਆਟੇ ਦੀ ਹੋਮ ਡਲਿਵਰੀ ’ਤੇ ਉਂਗਲ ਚੁੱਕੀ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੰਨਾ ਤੋਂ ਆਟੇ ਦੀ ਹੋਮ ਡਲਿਵਰੀ ਦਾ ਕੰਮ ਸ਼ੁਰੂ ਕੀਤਾ ਸੀ। ਮਾਰਕਫੈੱਡ ਵੱਲੋਂ ਲਾਭਪਾਤਰੀਆਂ ਨੂੰ ਘਰੋ ਘਰੀ ਆਟਾ ਸਪਲਾਈ ਕੀਤਾ ਜਾ ਰਿਹਾ ਹੈ। ਹੋਮ ਡਲਿਵਰੀ ਵਾਲੇ ਥੈਲਿਆਂ ’ਤੇ ਮੁੱਖ ਮੰਤਰੀ ਦੀ ਤਸਵੀਰ ਛਾਪੀ ਹੋਈ ਸੀ। ਹੁਣ ਜਦੋਂ ਚੋਣ ਜ਼ਾਬਤਾ ਲੱਗ ਗਿਆ ਹੈ ਤਾਂ ਮਾਰਕਫੈੱਡ ਨੇ ਬਿਨਾਂ ਤਸਵੀਰ ਵਾਲੇ ਥੈਲਿਆਂ ਵਿੱਚ ਆਟੇ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ।
ਮਾਰਕਫੈੱਡ ਦੇ ਐੱਮਡੀ ਗਿਰੀਸ਼ ਦਿਆਲਨ ਦਾ ਕਹਿਣਾ ਸੀ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਆਟੇ ਦੀ ਸਪਲਾਈ ਬਿਨਾਂ ਤਸਵੀਰ ਵਾਲੇ ਥੈਲਿਆਂ ਵਿਚ ਯਕੀਨੀ ਬਣਾ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਜਨਵਰੀ ਤੋਂ ਮਾਰਚ ਤੱਕ ਦੀ ਕਣਕ ਵੰਡੀ ਜਾ ਰਹੀ ਹੈ ਅਤੇ ਪ੍ਰਤੀ ਮਹੀਨਾ ਪੰਜ ਕਿੱਲੋ ਕਣਕ ਪ੍ਰਤੀ ਮੈਂਬਰ ਦਿੱਤੀ ਜਾ ਰਹੀ ਹੈ। ਮਾਰਕਫੈੱਡ ਵੱਲੋਂ ਫਰਵਰੀ ਦੇ ਆਟੇ ਦੀ ਹੋਮ ਡਲਿਵਰੀ ਦਿੱਤੀ ਜਾ ਰਹੀ ਹੈ। ਚੋਣ ਜ਼ਾਬਤੇ ਤੱਕ ਇਨ੍ਹਾਂ ਮਹੀਨਿਆਂ ਦੇ ਆਟੇ ਦੀ ਸਪਲਾਈ ਬਿਨਾਂ ਤਸਵੀਰ ਵਾਲੇ ਥੈਲਿਆਂ ਵਿਚ ਹੀ ਹੋਵੇਗੀ। ਜਾਣਕਾਰੀ ਅਨੁਸਾਰ ਕਰੀਬ 25 ਫੀਸਦੀ ਲਾਭਪਾਤਰੀਆਂ ਨੂੰ ਆਟੇ ਦੀ ਸਪਲਾਈ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਫਰਵਰੀ ਤੋਂ ਬਹਾਲ ਕੀਤੇ ਅਯੋਗ ਰਾਸ਼ਨ ਕਾਰਡਾਂ ’ਤੇ ਵੀ ਅਨਾਜ ਦੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। 24 ਜਨਵਰੀ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਕਰੀਬ ਪੌਣੇ ਤਿੰਨ ਲੱਖ ਅਯੋਗ ਰਾਸ਼ਨ ਕਾਰਡ ਬਹਾਲ ਕਰ ਦਿੱਤੇ ਸਨ ਜਿਨ੍ਹਾਂ ’ਤੇ 10.77 ਲੱਖ ਲਾਭਪਾਤਰੀਆਂ ਨੂੰ ਅਨਾਜ ਮਿਲੇਗਾ।
ਪੰਜਾਬ ਵਿਚ ਕੁੱਲ 1.54 ਕਰੋੜ ਲਾਭਪਾਤਰੀ ਹਨ ਜਿਨ੍ਹਾਂ ਵਿੱਚੋਂ ਕਰੀਬ 30 ਲੱਖ ਲਾਭਪਾਤਰੀਆਂ ਨੂੰ ਆਟੇ ਦੀ ਹੋਮ ਡਲਿਵਰੀ ਦਿੱਤੀ ਜਾਣੀ ਹੈ ਅਤੇ ਇਸ ਲਈ ਕਰੀਬ 700 ਕਰੋੜ ਦਾ ਬਜਟ ਖਰਚ ਕੀਤਾ ਜਾ ਰਿਹਾ ਹੈ। ਬਹਾਲੇ ਕੀਤੇ ਅਯੋਗ ਰਾਸ਼ਨ ਕਾਰਡ ਹੋਲਡਰਾਂ ਨੂੰ ਜਨਵਰੀ ਦਾ ਅਨਾਜ ਨਹੀਂ ਮਿਲੇਗਾ ਅਤੇ ਬਹਾਲੀ ਦੇ ਫੈਸਲੇ ਮਗਰੋਂ ਫਰਵਰੀ ਤੋਂ ਉਨ੍ਹਾਂ ਦੀ ਸਪਲਾਈ ਵੀ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਦੀ ਤਸਵੀਰ ਵਾਲੇ ਥੈਲੇ ਮਾਰਕਫੈੱਡ ਨੇ ਰੋਕ ਲਏ ਹਨ ਅਤੇ ਚੋਣ ਜ਼ਾਬਤਾ ਖਤਮ ਹੋਣ ਮਗਰੋਂ ਇਨ੍ਹਾਂ ਥੈਲਿਆਂ ਨੂੰ ਮੁੜ ਵਰਤੋਂ ’ਚ ਲਿਆਂਦਾ ਜਾਣਾ ਹੈ।

Advertisement

Advertisement
Author Image

joginder kumar

View all posts

Advertisement
Advertisement
×