ਮੁੱਖ ਮੰਤਰੀ ਦੇ ਓਐੱਸਡੀ ਨੇ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣੀਆਂ
ਬੀਰਬਲ ਰਿਸ਼ੀ
ਧੂਰੀ, 11 ਮਾਰਚ
ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਸੁਖਵੀਰ ਸਿੰਘ ਸੁੱਖੀ ਨੇ ਅੱਜ ਗੈਸਟ ਹਾਊਸ ਬੱਬਨਪੁਰ ਵਿੱਚ ਹਲਕਾ ਧੂਰੀ ਦੀਆਂ 15 ਪੰਚਾਇਤਾਂ ਅਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਸਮੱਸਿਆਵਾਂ ਸੁਣੀਆਂ। ਇਸ ਮੌਕੇ ਲਘੂ ਉਦਯੋਗ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ‘ਆਪ’ ਆਗੂ ਜੱਸੀ ਸੇਖੋਂ ਤੇ ਮੁੱਖ ਮੰਤਰੀ ਫੀਲਡ ਅਫਸਰ ਕਰਮਜੀਤ ਸਿੰਘ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਪਿੰਡ ਬੱਬਨਪੁਰ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਪਿੰਡ ’ਚ ਨਹਿਰੀ ਪਾਣੀ ਲਈ ਦੋ ਮੋਘੇ, ਆਧੁਨਿਕ ਲਾਇਬਰੇਰੀ, ਸੀਵਰੇਜ ਅਤੇ ਪਿੰਡ ਦਾ ਪਾਣੀ ਦੂਸ਼ਿਤ ਹੋਣ ਕਾਰਨ ਸ਼ੁੱਧ ਪਾਣੀ ਲਈ ਨਹਿਰੀ ਪਾਣੀ ਟਰੀਟ ਕਰਕੇ ਦੇਣ ਦੀ ਮੰਗ ਕੀਤੀ। ਘਨੌਰੀ ਕਲਾਂ ਦੇ ਸਰਪੰਚ ਅਮ੍ਰਿਤਪਾਲ ਸਿੰਘ ਨੇ ਵਿਕਾਸ ਕਾਰਜਾਂ ਲਈ ਗਰਾਂਟ ਮੰਗੀ। ਕੱਕੜਵਾਲ ਦੇ ਸਰਪੰਚ ਜਗਜੀਤ ਸਿੰਘ ਫੌਜੀ ਨੇ ਸੀਵਰੇਜ, 18 ਫੁੱਟੀ ਫਿਰਨੀ, ਬਾਬਾ ਦਾਦਾ ਸਿੰਘ ਤੱਕ ਪੱਕੀ ਸੜਕ ਬਣਾਉਣ ਦੀ ਮੰਗ ਕੀਤੀ। ਜਹਾਂਗੀਰ ਦੀ ਸਰਪੰਚ ਬੀਬੀ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਸਟੇਡੀਅਮ, ਨਹਿਰੀ ਪਾਣੀ ਲਈ ਮੋਘੇ, ਪਿੰਡ ’ਚ ਕੈਮਰਿਆਂ ਤੋਂ ਇਲਾਵਾ ਜਹਾਂਗੀਰ-ਬਮਾਲ ਤੇ ਜਹਾਂਗੀਰ-ਕੱਕੜਵਾਲ ਦੋਵੇਂ ਕੱਚੇ ਰਸਤਿਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ। ਇਸ ਮੌਕੇ ਓਐੱਸਡੀ ਸੁਖਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਹਲਕਾ ਧੂਰੀ ਵਿੱਚ ਪੰਚਾਇਤਾਂ ਨੂੰ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਘਨੌਰੀ ਕਲਾਂ, ਰਾਜੋਮਾਜਰਾ, ਕੱਕੜਵਾਲ, ਪੇਧਨੀ ਕਲਾਂ, ਕਹੇਰੂ, ਜਹਾਂਗੀਰ, ਦੌਲਤਪੁਰ, ਜਾਤੀਮਾਜਰਾ, ਮੱਲੂਮਾਜਰਾ, ਬੱਬਨਪੁਰ, ਬੱਲਮਗੜ੍ਹ, ਦੁਗਨੀ, ਪੁੰਨਾਵਾਲ, ਲੱਡਾ ਅਤੇ ਬਮਾਲ ਆਦਿ ਪੰਚਾਇਤਾਂ ਨਾਲ ਮੀਟਿੰਗ ਕੀਤੀ