ਪੀਡਬਲਿਊਡੀ ਵੱਲੋਂ ਮੁੱਖ ਮੰਤਰੀ ਦੀ ਅਧਿਕਾਰਤ ਰਿਹਾਇਸ਼ ਸੀਲ
ਨਵੀਂ ਦਿੱਲੀ, 9 ਅਕਤੂਬਰ
ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਨੇ ਅੱਜ 6 ਫਲੈਗਸਟਾਫ ਰੋਡ ਸਥਿਤ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਅਧਿਕਾਰਤ ਰਿਹਾਇਸ਼, ਜਿਸ ਨੂੰ ‘ਸ਼ੀਸ਼ ਮਹਿਲ’ ਵੀ ਕਿਹਾ ਜਾਂਦਾ ਹੈ, ਨੂੰ ਉਸ ਦੇ ਹੈਂਡਓਵਰ ਬਾਰੇ ਵਿਵਾਦ ਮਗਰੋਂ ਸੀਲ ਕਰ ਦਿੱਤਾ ਹੈ। ਪੀਡਬਲਿਊਡੀ ਨੇ ਰਿਹਾਇਸ਼ ਦੇ ਗੇਟ ’ਤੇ ਦੋ ਤਾਲੇ ਜੜ੍ਹ ਦਿੱਤੇ ਹਨ।
ਭਾਜਪਾ ਨੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਸ਼ਿਕਾਇਤ ਕੀਤੀ ਸੀ ਕਿ ਇਸ ਰਿਹਾਇਸ਼ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਨੂੰ ਮੁਕੰਮਲ ਢੰਗ ਨਾਲ ਤਬਦੀਲ ਨਹੀਂ ਕੀਤੀ ਗਈ ਤੇ ਉਨ੍ਹਾਂ ਇਸ ਮਾਮਲੇ ’ਚ ਦਖਲ ਮੰਗਿਆ ਸੀ। ਉਨ੍ਹਾਂ ਇਹ ਦੋਸ਼ ਵੀ ਲਾਇਆ ਸੀ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਜੇ ਰਸਮੀ ਤੌਰ ’ਤੇ ਆਪਣੀ ਰਿਹਾਇਸ਼ ਖਾਲੀ ਨਹੀਂ ਕੀਤੀ ਹੈ। ਇਸ ਦੇ ਜਵਾਬ ’ਚ ਪੀਡਬਲਿਊਡੀ ਨੇ ਕਥਿਤ ਅਣਅਧਿਕਾਰਤ ਕਬਜ਼ੇ ਲਈ ਆਪਣੇ ਦੋ ਸੈਕਸ਼ਨ ਅਫਸਰਾਂ ਤੇ ਦਿੱਲੀ ਵਿਜੀਲੈਂਸ ਵਿਭਾਗ ਦੇ ਕੇਜਰੀਵਾਲ ਦੇ ਸਾਬਕਾ ਵਿਸ਼ੇਸ਼ ਸਕੱਤਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਵਿਵਾਦ ਹੈਂਡਓਵਰ ਦੇ ਨਿਯਮਾਂ ਦਾ ਪਾਲਣ ਨਾ ਕਰਨ ਬਾਰੇ ਹੈ। ਇਹ ਬੰਗਲਾ ਪੀਡਬਲਿਊਡੀ ਨੂੰ ਢੁੱਕਵੇਂ ਢੰਗ ਨਾਲ ਚਾਬੀਆਂ ਸੌਂਪੇ ਬਿਨਾਂ ਅਤੇ ਉੱਥੇ ਮੌਜੂਦ ਸਾਮਾਨ ਦੀ ਜਾਂਚ ਕੀਤੇ ਬਿਨਾਂ ਕਿਸੇ ਨੂੰ ਅਲਾਟ ਨਹੀਂ ਕੀਤਾ ਜਾ ਸਕਦਾ। -ਆਈਏਐੱਨਐੱਸ
ਭਾਜਪਾ ਵੱਲੋਂ ਕਾਰਵਾਈ ਦਾ ਸਵਾਗਤ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 6 ਫਲੈਗ ਸਟਾਫ ਰੋਡ ਸਥਿਤ ਪੁਰਾਣੀ ਵਿਵਾਦਤ ਰਿਹਾਇਸ਼ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਸੀਲ ਕੀਤੇ ਜਾਣ ਦਾ ਸਵਾਗਤ ਕੀਤਾ। ਸ੍ਰੀ ਸਚਦੇਵਾ ਨੇ ਕਿਹਾ ਹੈ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਬੰਗਲੇ ਨੂੰ ਸੀਲ ਕਰਨਾ ਲੋਕਾਂ ਦੀਆਂ ਉਮੀਦਾਂ ਅਨੁਸਾਰ ਹੈ ਅਤੇ ਵਿਭਾਗ ਨੂੰ ਇਸ ਇਮਾਰਤ ਦਾ ਵੀਡੀਓ ਗ੍ਰਾਫਿਕ ਸਰਵੇਖਣ ਕਰਕੇ ਰਿਪੋਰਟ ਦਿੱਲੀ ਵਾਸੀਆਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ। -ਪੱਤਰ ਪ੍ਰੇਰਕ
ਭਾਜਪਾ ਦੇ ਇਸ਼ਾਰੇ ’ਤੇ ਐੱਲਜੀ ਨੇ ਕੀਤੀ ਕਾਰਵਾਈ: ਸੀਐੱਮਓ
ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਨੇ ਦਾਅਵਾ ਕੀਤਾ ਕਿ ਉਪ ਰਾਜਪਾਲ ਵਿਨੈ ਸਕਸੈਨਾ ਨੇ ਭਾਜਪਾ ਦੇ ਇਸ਼ਾਰੇ ’ਤੇ ਸਰਕਾਰੀ ਰਿਹਾਇਸ਼ ਤੋਂ ‘ਜ਼ਬਰਦਸਤੀ’ ਆਤਿਸ਼ੀ ਦਾ ਸਮਾਨ ਹਟਾਇਆ ਹੈ। ਸੀਐੱਮਓ ਨੇ ਦੋਸ਼ ਲਾਇਆ, ‘ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਦੀ ਰਿਹਾਇਸ਼ ਖਾਲੀ ਕੀਤੀ ਗਈ ਹੈ। ਭਾਜਪਾ ਦੇ ਇਸ਼ਾਰੇ ’ਤੇ, ਉਪ ਰਾਜਪਾਲ ਨੇ ਮੁੱਖ ਮੰਤਰੀ ਨਿਵਾਸ ਤੋਂ ਜ਼ਬਰਦਸਤੀ ਮੁੱਖ ਮੰਤਰੀ ਆਤਿਸ਼ੀ ਦਾ ਸਮਾਨ ਹਟਾ ਦਿੱਤਾ।’ ਦਿੱਲੀ ਦੇ ਮੁੱਖ ਮੰਤਰੀ ਦਫਤਰ ਦੇ ਦੋਸ਼ਾਂ ’ਤੇ ਉਪ ਰਾਜਪਾਲ ਦੇ ਦਫਤਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। -ਪੱਤਰ ਪ੍ਰੇਰਕ