ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੇ ਨੇ ਮੁੱਖ ਮੰਤਰੀ: ਅੰਮ੍ਰਿਤਾ ਵੜਿੰਗ
ਸ਼ਗਨ ਕਟਾਰੀਆ
ਬਠਿੰਡਾ, 6 ਮਾਰਚ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਪੰਜਾਬ ਦੀ ਸੱਤਾਧਾਰੀ ਧਿਰ ’ਤੇ ਤਲਖ਼ ਟਿੱਪਣੀਆਂ ਕੀਤੀਆਂ ਹਨ। ਗੌਰਤਲਬ ਹੈ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੀ ਟਿਕਟ ’ਤੇ ਆਗਾਮੀ ਚੋਣ ਲੜਨ ਦੇ ਪ੍ਰਬਲ ਚਾਹਵਾਨ ਅੰਮ੍ਰਿਤਾ ਵੜਿੰਗ ਅੱਜ ਇਥੇ ਬਠਿੰਡਾ (ਸ਼ਹਿਰੀ) ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਮਿਲਣ ਲਈ ਆਏ ਸਨ। ਉਨ੍ਹਾਂ ਦਰਜਨ ਤੋਂ ਵੱਧ ਕੌਂਸਲਰਾਂ ਅਤੇ ਵਾਰਡਾਂ ’ਚ ਜਾ ਕੇ ਲੋਕਾਂ ਦੇ ਦੁੱਖ-ਸੁੱਖ ਦੀ ਸਾਰ ਜਾਣੀ। ਉਨ੍ਹਾਂ ਦਾ ਕਹਿਣਾ ਸੀ ਕਿ ਚਾਲੂ ਵਿਧਾਨ ਸਭਾ ਇਜਲਾਸ ’ਚ ਲੋਕਾਂ ਦੇ ਭਲੇ ਲਈ ਚਰਚਾ ਹੋਣੀ ਚਾਹੀਦੀ ਸੀ ਪਰ ਪਵਿੱਤਰ ਸਦਨ ’ਚ ਜਿਸ ਤਰ੍ਹਾਂ ਦੀ ਦੂਸ਼ਣਬਾਜ਼ੀ ਹੋ ਰਹੀ ਹੈ ਉਸ ਨਾਲ ਹਰ ਵਿਅਕਤੀ ਦਾ ਸਿਰ ਝੁਕਿਆ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਮੁੱਖ ਮੰਤਰੀ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂ ਕਿ ਅੱਜ ਲੋਕ ਕੰਮ ਚਾਹੁੰਦੇ ਹਨ ਅਤੇ ਕੰਮਾਂ ਦੇ ਆਧਾਰ ’ਤੇ ਹੀ ਸਰਕਾਰਾਂ ਦਾ ਕੱਦ ਚੁਣਿਆ ਜਾਂਦਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਰਿਕਾਰਡ ਵਿੱਚ ਸਭ ਤੋਂ ਨਿਕੰਮੀ ਅਤੇ ਫੇਲ੍ਹ ਸਰਕਾਰ ਸਾਬਤ ਹੋਈ ਹੈ ਅਤੇ ਇਸ ਤੋਂ ਭਵਿੱਖ ਵਿੱਚ ਵੀ ਪੰਜਾਬ ਦੇ ਭਲੇ ਦੀ ਕੋਈ ਉਮੀਦ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ, ਸਭ ਤੋਂ ਵੱਧ ਕਿਸਾਨ ਵਿਰੋਧੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਹਾਲ ’ਚ ਪੇਸ਼ ਕੀਤੇ ਬਜਟ ਵਿੱਚ ਲੋਕਾਂ ਲਈ ਕੁਝ ਵੀ ਨਹੀਂ ਰੱਖਿਆ ਗਿਆ। ਚੋਣਾਂ ਵੇਲੇ ਦਿੱਤੀਆਂ ਗਾਰੰਟੀਆਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਉਨ੍ਹਾਂ ਕਿਹਾ ਕਿ ਨਸ਼ੇ ਨਾਲ ਜਵਾਨੀ ਮਰ ਰਹੀ ਹੈ। ਔਰਤਾਂ ਚੜ੍ਹੇ ਮਹੀਨੇ ਹਜ਼ਾਰ ਰੁਪਏ ਉਡੀਕ ਰਹੀਆਂ ਹਨ। ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ ਪਰ ਮੁੱਖ ਮੰਤਰੀ ਸਾਹਿਬ ਇਨ੍ਹਾਂ ਮੁੱਦਿਆਂ ’ਤੇ ਜਵਾਬ ਦੇਣ ਦੀ ਬਜਾਏ ਵਿਰੋਧੀ ਧਿਰਾਂ ’ਤੇ ਤਨਜ਼ ਕਸ ਕੇ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਖਨੌਰੀ ਹੱਦ ’ਤੇ ਫ਼ੌਤ ਹੋਏ ਅੰਦੋਲਨਕਾਰੀ ਕਿਸਾਨ ਸ਼ੁਭਕਰਨ ਸਿੰਘ ਬਾਰੇ ਕਿਹਾ ਕਿ ਉਸ ਦੇ ਸਿਰ ’ਚੋਂ ਗੋਲ਼ੀ ਨਿੱਕਲੀ ਹੈ ਪਰ ਪੰਜਾਬ ਸਰਕਾਰ ਨੇ ਅਣਪਛਾਤੀ ਪੁਲੀਸ ’ਤੇ ਜ਼ੀਰੋ ਐਫਆਈਆਰ ਦਰਜ ਕੀਤੀ ਹੈ, ਜੋ ਠੀਕ ਨਹੀਂ। ਇਸ ਮੌਕੇ ਵੜਿੰਗ ਦੇ ਨਾਲ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ, ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਕਿਰਨਦੀਪ ਕੌਰ ਵਿਰਕ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਪਵਨ ਮਾਨੀ, ਬਲਜਿੰਦਰ ਠੇਕੇਦਾਰ, ਮਲਕੀਤ ਗਿੱਲ, ਕੁਲਵਿੰਦਰ ਕੌਰ, ਰਾਜ ਰਾਣੀ, ਸਾਧੂ ਸਿੰਘ, ਪੁਸ਼ਪਾ ਰਾਣੀ, ਵਿਪਨ ਮਿੱਤੂ, ਪ੍ਰਵੀਨ ਗਰਗ, ਸ਼ਾਮ ਲਾਲ ਜੈਨ, ਮਨਜੀਤ ਕੌਰ ਬੁੱਟਰ ਤੇ ਹੋਰ ਹਾਜ਼ਰ ਸਨ।
ਖੇਤਾਂ ਵਿਚ ਗੜਿਆਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ
ਬਠਿੰਡਾ (ਮਨੋਜ ਸ਼ਰਮਾ): ਇਸੇ ਦੌਰਾਨ ਅੰਮ੍ਰਿਤਾ ਵੜਿੰਗ ਨੇ ਬਠਿੰਡਾ ਖੇਤਰ ਵਿਚ ਹੋਈ ਬੇਮੌਸਮੀ ਬਾਰਿਸ਼, ਝੱਖੜ ਅਤੇ ਗੜਿਆਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡ ਬੱਲੂਆਣਾ, ਬੁਰਜ ਮਹਿਮਾ, ਚੁੱਘੇ ਕਲਾਂ, ਵਿਰਕ ਕਲਾਂ, ਵਿਰਕ ਖੁਰਦ, ਕਰਮਗ੍ਹੜ ਛੱਤਰਾਂ, ਮਹਿਮਾ ਸਰਕਾਰੀ, ਮਹਿਮਾ ਭਗਵਾਨਾ, ਆਕਲੀਆਂ ਕਲਾਂ ਵਿਖੇ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਨੁਕਸਾਨੀ ਫਸਲ ਦੇ ਮੁਆਵਜ਼ੇ ਦੀ ਮੰਗ ਲਈ ਅਵਾਜ਼ ਚੁੱਕਣਗੇ।