ਮੁੱਖ ਮੰਤਰੀ ਅੱਜ ਕਰਨਗੇ ਪੁਲੀਸ ਅਫ਼ਸਰਾਂ ਨਾਲ ਮੀਟਿੰਗ
* ਫੀਲਡ ਦੇ ਪੁਲੀਸ ਅਫ਼ਸਰਾਂ ਤੋਂ ਮੁੱਖ ਮੰਤਰੀ ਖ਼ਫ਼ਾ
ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 3 ਫਰਵਰੀ
ਮੁੱਖ ਮੰਤਰੀ ਭਗਵੰਤ ਮਾਨ 4 ਫਰਵਰੀ ਨੂੰ ਜ਼ਿਲ੍ਹਾ ਪੁਲੀਸ ਕਪਤਾਨਾਂ ਨਾਲ ਇੱਕ ਮੀਟਿੰਗ ਕਰਨਗੇ। ਗ੍ਰਹਿ ਵਿਭਾਗ ਨੇ ਇਸ ਮੀਟਿੰਗ ਦਾ ਏਜੰਡਾ ਅੱਜ ਜਾਰੀ ਕਰ ਦਿੱਤਾ ਹੈ। ਮੀਟਿੰਗ ਵਿੱਚ ਜ਼ਿਲ੍ਹਾ ਪੁਲੀਸ ਕਪਤਾਨਾਂ ਤੋਂ ਇਲਾਵਾ ਹੋਰ ਕਿਸੇ ਵੀ ਉੱਚ ਅਧਿਕਾਰੀ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਦਿੱਲੀ ਚੋਣਾਂ ਦੇ ਪ੍ਰਚਾਰ ਮਗਰੋਂ ਨਵੇਂ ਸਿਰਿਓਂ ਕੰਮ ਦੀ ਸ਼ੁਰੂਆਤ ਕਰ ਰਹੇ ਹਨ।
ਪਿਛਲੇ ਕੁਝ ਦਿਨਾਂ ਦੌਰਾਨ ਮੁੱਖ ਮੰਤਰੀ ਨੇ ਪੁਲੀਸ ਦੀ ਕਾਰਗੁਜ਼ਾਰੀ ਬਾਰੇ ਜ਼ਮੀਨੀ ਰਿਪੋਰਟ ਹਾਸਲ ਕੀਤੀ ਹੈ। ਪੁਲੀਸ ਵਿਭਾਗ ਵਿਚ ਭ੍ਰਿਸ਼ਟਾਚਾਰ ਦਾ ਮੁੱਦਾ ਵੀ ਉੱਭਰ ਕੇ ਸਾਹਮਣੇ ਆਇਆ ਹੈ ਅਤੇ ਖ਼ਾਸ ਤੌਰ ’ਤੇ ਜ਼ਿਲ੍ਹਾ ਪਟਿਆਲਾ ’ਚੋਂ ਕੁਝ ਰਿਪੋਰਟਾਂ ਮੁੱਖ ਮੰਤਰੀ ਨੂੰ ਮਿਲੀਆਂ ਹਨ। ਸਮਾਣਾ ਦੇ ਕਿਸੇ ਵਿਅਕਤੀ ’ਤੇ ਝੂਠਾ ਕੇਸ ਦਰਜ ਕੀਤੇ ਜਾਣ ਦੇ ਮਾਮਲੇ ਨੂੰ ਮੁੱਖ ਮੰਤਰੀ ਨੇ ਗੰਭੀਰਤਾ ਨਾਲ ਲਿਆ ਹੈ। ਸੂਤਰ ਦਸਦੇ ਹਨ ਕਿ ਮੁੱਖ ਮੰਤਰੀ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਕੁਝ ਪੁਲੀਸ ਅਫ਼ਸਰਾਂ ਨੇ ‘ਕਰਾਸ ਕੇਸ’ ਬਣਾਉਣ ਦਾ ਕਾਰੋਬਾਰ ਹੀ ਸ਼ੁਰੂ ਕਰ ਰੱਖਿਆ ਹੈ। ਮੁੱਖ ਮੰਤਰੀ ਨੂੰ ਫੀਡ ਬੈਕ ਮਿਲੀ ਹੈ ਕਿ ਕਿਵੇਂ ਪੁਲੀਸ ਪਹਿਲਾਂ ਕਿਸੇ ਕੇਸ ਵਿੱਚ ਦੂਸਰੀ ਧਿਰ ਨੂੰ ‘ਕਰਾਸ ਕੇਸ’ ਲਈ ਪ੍ਰੇਰਦੀ ਹੈ ਅਤੇ ਮਗਰੋਂ ਪੜਤਾਲ ਦੇ ਨਾਮ ਹੇਠ ਹੱਥ ਗਰਮ ਕਰਦੀ ਹੈ। ਸੂਤਰ ਦਸਦੇ ਹਨ ਕਿ ਮੁੱਖ ਮੰਤਰੀ ਇਸ ਗੱਲੋਂ ਖ਼ਫ਼ਾ ਹਨ ਕਿ ਫ਼ੀਲਡ ਵਿਚ ਕੁਝ ਥਾਣੇਦਾਰ ਅਜਿਹਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਉੱਚ ਅਧਿਕਾਰੀ ਰੋਕਣ ਵਿਚ ਨਾਕਾਮ ਰਹੇ ਹਨ।
ਗ੍ਰਹਿ ਵਿਭਾਗ ਵੱਲੋਂ ਜੋ ਏਜੰਡਾ ਤਿਆਰ ਕੀਤਾ ਗਿਆ ਹੈ, ਉਸ ਅਨੁਸਾਰ ਮੁੱਖ ਮੰਤਰੀ ਵੱਲੋਂ ਭਲਕ ਦੀ ਮੀਟਿੰਗ ਵਿਚ ਲਾਅ ਐਂਡ ਆਰਡਰ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਜ਼ਿਲ੍ਹਾਵਾਰ ਅਧਿਕਾਰੀਆਂ ਤੋਂ ਰਿਪੋਰਟ ਲਈ ਜਾਵੇਗੀ। ਜੁਰਮ ਦਰ ਦਾ ਮੁਲਾਂਕਣ ਵੀ ਕੀਤਾ ਜਾਣਾ ਹੈ ਅਤੇ ਨਸ਼ਿਆਂ ਦੀ ਤਸਕਰੀ ਸਬੰਧੀ ਸਮੀਖਿਆ ਕਰਨਗੇ। ਜਿਨ੍ਹਾਂ ਜ਼ਿਲ੍ਹਿਆਂ ਦੀ ਪੁਲੀਸ ਇਸ ਮਾਮਲੇ ਵਿਚ ਨਾਕਾਮ ਰਹੀ ਹੈ, ਉਨ੍ਹਾਂ ਦੀ ਖਿਚਾਈ ਵੀ ਹੋਣ ਦੀ ਸੰਭਾਵਨਾ ਹੈ।