ਮੁੱਖ ਮੰਤਰੀ ਸੈਣੀ ਵੱਲੋਂ ਸਵੱਛਤਾ ਮੁਹਿੰਮ ਦੀ ਸ਼ੁਰੂਆਤ
ਪੱਤਰ ਪ੍ਰੇਰਕ
ਕੁਰੂਕਸ਼ੇਤਰ, 27 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਥਾਨੇਸਰ ਸ਼ਹਿਰ ਦੇ ਸ਼ੇਖਚਿੱਲੀ ਮਕਬਰੇ ਦੇ ਵਿਹੜੇ ਵਿੱਚ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਕਰਵਾਏ ਸਵੱਛ ਕੁਰੂਕਸ਼ੇਤਰ ਮੁਹਿੰਮ ਦੇ ਪ੍ਰੋਗਰਾਮ ਦੌਰਾਨ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਲਈ ਕੁਰੂਕਸ਼ੇਤਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣਾ ਹੈ, ਤਾਂ ਜੋ ਕੁਰੂਕਸ਼ੇਤਰ ਦੀ ਸਾਫ਼-ਸਫ਼ਾਈ ਅਤੇ ਸੁੰਦਰਤਾ ਨੂੰ ਪੂਰੀ ਦੁਨੀਆ ਵਿੱਚ ਵਿਸ਼ੇਸ਼ ਪਛਾਣ ਮਿਲੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਭਾਜਪਾ ਆਗੂ ਜੈ ਭਗਵਾਨ ਸ਼ਰਮਾ ਡੀ.ਡੀ., ਭਾਜਪਾ ਆਗੂ ਸੁਭਾਸ਼ ਕਲਸਾਣਾ, ਡਿਪਟੀ ਕਮਿਸ਼ਨਰ ਨੇਹਾ ਸਿੰਘ, ਸਵੱਛ ਭਾਰਤ ਮਿਸ਼ਨ ਹਰਿਆਣਾ ਦੇ ਕਾਰਜਕਾਰੀ ਚੇਅਰਮੈਨ ਸੁਭਾਸ਼ ਚੰਦਰ, ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਰਾਣਾ, ਚੇਅਰਮੈਨ ਧਰਮਵੀਰ ਮਿਜ਼ਾਰਪੁਰ ਨੇ ਸਵੱਛ ਕੁਰੂਕਸ਼ੇਤਰ ਮਹਾ ਸਫ਼ਾਈ ਦਾ ਰਸਮੀ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵੱਛਤਾ ਰੱਥ ਗੀਤਾ ਮਹਾਉਤਸਵ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਸਵੱਛ ਕੁਰੂਕਸ਼ੇਤਰ ਦੇ ਬੋਰਡ ’ਤੇ ਆਪਣੇ ਦਸਤਖ਼ਤ ਵੀ ਕੀਤੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੈਂਕੜੇ ਲੋਕਾਂ ਦੇ ਨਾਲ ਸ਼ੇਖਚਿੱਲੀ ਦੇ ਮਕਬਰੇ ਤੋਂ ਲੈ ਕੇ ਓਪੀ ਜਿੰਦਲ ਪਾਰਕ, ਜੋਤੀਬਾ ਭਾਈ ਫੂਲੇ ਅਤੇ ਤਾਊ ਦੇਵੀ ਲਾਲ ਚੌਕ ਤੱਕ ਕਰੀਬ ਇੱਕ ਘੰਟਾ ਸਫਾਈ ਮੁਹਿੰਮ ਵਿੱਚ ਯੋਗਦਾਨ ਪਾਇਆ। ਮੁੱਖ ਮੰਤਰੀ ਨੇ ਖੁਦ ਝਾੜੂ, ਕਹੀ ਨਾਲ ਕੂੜਾ ਚੁੱਕ ਕੇ ਡਸਟਬਿਨ ਵਿੱਚ ਪਾਇਆ ਅਤੇ ਜੋਤੀਬਾ ਭਾਈ ਫੂਲੇ ਅਤੇ ਤਾਊ ਦੇਵੀ ਲਾਲ ਚੌਕ ਵਿੱਚ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਪੋਲੀਥੀਨ ਅਤੇ ਹੋਰ ਪਲਾਸਟਿਕ ਦੀਆਂ ਵਸਤੂਆਂ ਨੂੰ ਚੁੱਕ ਕੇ ਡਸਟਬਿਨ ਵਿੱਚ ਪਾਈਆਂ। ਸ਼ੇਖਚਿੱਲੀ ਮਕਬਰੇ ਤੋਂ ਕੁਰੂਕਸ਼ੇਤਰ ਦੇ 18 ਜ਼ੋਨਾਂ ਵਿੱਚ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੇ ਹਰ ਨਾਗਰਿਕ ਨੂੰ ਸਫ਼ਾਈ ਮੁਹਿੰਮ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।