ਸ਼ੁਭਕਰਨ ਦੀ ਹੱਤਿਆ ਲਈ ਮੁੱਖ ਮੰਤਰੀ ਜ਼ਿੰਮੇਵਾਰ: ਸੁਖਬੀਰ
ਇਕਬਾਲ ਸਿੰਘ ਸ਼ਾਂਤ
ਲੰਬੀ, 22 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੰਬੀ ਹਲਕੇ ਦੇ ਪਿੰਡ ਰੋਡਾਂਵਾਲੀ, ਭੀਟੀਵਾਲਾ, ਕੱਖਾਂਵਾਲੀ, ਤਰਮਾਲਾ, ਬਨਵਾਲਾ ਅਨੂ, ਤਪਾਖੇੜਾ, ਫ਼ਤਹਿਪੁਰ ਮਨੀਆਂ ਸਮੇਂ ਦਰਜਨ ਪਿੰਡਾਂ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਰੋਡਾਂਵਾਲੀ ਵਿਖੇ ਸੀਨੀਅਰ ਅਕਾਲੀ ਆਗੂ ਸਤਿੰਦਰਜੀਤ ਸਿੰਘ ਮੰਟਾ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੰਕਾਰ ਨਾਲ ਕੰਮ ਨਾ ਲਿਆ ਹੁੰਦਾ ਤਾਂ ਸ਼ੁਭਕਰਨ ਸਿੰਘ ਅੱਜ ਸਾਡੇ ਨਾਲ ਹੁੰਦਾ। ਉਨ੍ਹਾਂ
ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਨੂੰ ਬੇਕਸੂਰ ਨੌਜਵਾਨ ਸ਼ੁਭਕਰਨ ਸਿੰਘ ਦੀ ਹੱਤਿਆ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਸੁਆਲ ਕੀਤਾ ਕਿ ਸ਼ੁਭਕਰਨ ਦੀ ਹੱਤਿਆ ਲਈ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਹੱਤਿਆ ਦਾ ਕੇਸ ਕਿਉਂ ਨਹੀਂ ਦਰਜ ਕੀਤਾ ਗਿਆ। ਉਨ੍ਹਾਂ ਪੁੱਛਿਆ ਕਿ ਮੁਲਜ਼ਮਾਂ ’ਤੇ ਕੇਸ ਦਰਜ ਕਰਨ ਲਈ ਭਗਵੰਤ ਮਾਨ ਕਿਸ ਦੀ ਇਜਾਜ਼ਤ ਦੀ ਉਡੀਕ ਕਰ ਰਹੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਜੇ ਮੁੱਖ ਮੰਤਰੀ ਨੇ ਪਹਿਲਾਂ ਸਾਡੀ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਗੱਲ ਸੁਣੀ ਹੁੰਦੀ ਜੋ ਪਿਛਲੇ ਛੇ ਦਿਨਾਂ ਤੋਂ ਰੌਲਾ ਪਾ ਰਹੇ ਹਨ ਕਿ ਹਰਿਆਣਾ ਸਰਕਾਰ ਨੂੰ ਪੰਜਾਬ ਦੀ ਧਰਤੀ ’ਤੇ ਪੰਜਾਬ ਦੇ ਕਿਸਾਨਾਂ ’ਤੇ ਹਮਲੇ ਕਰਨ ਤੋਂ ਰੋਕਿਆ ਜਾਵੇ, ਤਾਂ ਸ਼ੁਭਕਰਨ ਦੀ ਹੱਤਿਆ ਰੋਕੀ ਜਾ ਸਕਦੀ ਸੀ। ਸ੍ਰੀ ਬਾਦਲ ਨੇ ਅਗਾਮੀ ਇੱਕ ਮਾਰਚ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਸਰਕਾਰ ਤੋਂ 22 ਫਸਲਾਂ ’ਤੇ ਐੱਮਐੱਸਪੀ ਸਬੰਧੀ ਕਾਨੂੰਨ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਤੇਜਿੰਦਰ ਸਿੰਘ ਮਿਡੂਖੇੜਾ, ਅਵਤਾਰ ਸਿੰਘ ਬਨਵਾਲਾ, ਪੱਪੀ ਤਰਮਾਲਾ ਆਦਿ ਮੌਜੂਦ ਸਨ।
ਮੁੱਖ ਮੰਤਰੀ ’ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼
ਸ੍ਰੀ ਬਾਦਲ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਇੱਕ ਪਾਸੇ ਉਹ ਉਨ੍ਹਾਂ ਦੇ ਦੋਸਤ ਵਜੋਂ ਪੇਸ਼ ਆ ਰਹੇ ਹਨ, ਜਦੋਂ ਕਿ ਦੂਜੇ ਪਾਸੇ ਉਹ ਹਰਿਆਣਾ ਸਰਕਾਰ ਦੇ ਲੁਕਵੇਂ ਏਜੰਟ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨਾਲ ਗੱਲਬਾਤ ਵੇਲੇ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਸਮਾਂ ਦੇ ਰਹੇ ਸਨ ਕਿ ਉਹ ਆਪਣੀਆਂ ਸਰਹੱਦਾਂ ਦੀ ਕਿਲ੍ਹੇਬੰਦੀ ਕਰ ਲੈਣ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਮੁੜ ਤੋਂ ਸ਼ੁਰੂ ਕਰਕੇ ਮਸਲੇ ਦਾ ਹੱਲ ਕੀਤਾ ਜਾਵੇ।