For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ

07:30 AM Nov 17, 2023 IST
ਮੁੱਖ ਮੰਤਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ
ਲੁਧਿਆਣਾ ਵਿਚ ਨਸ਼ਿਆਂ ਖ਼ਿਲਾਫ਼ ਸਾਈਕਲ ਰੈਲੀ ਵਿਚ ਹਿੱਸਾ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement

ਸੰਤੋਖ ਗਿੱਲ/ਗਗਨ ਅਰੋੜਾ
ਗੁਰੂਸਰ ਸੁਧਾਰ/ ਲੁਧਿਆਣਾ, 16 ਨਵੰਬਰ
ਪਿੰਡ ਸਰਾਭਾ ਦੇ ਮੁੱਖ ਚੌਕ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਦੇ ਆਦਮਕੱਦ ਬੁੱਤ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਰਾਜ ਪੱਧਰੀ ਸਮਾਗਮ ਵਿੱਚ ਮੀਡੀਆ ਨੂੰ ਮੁੱਖ ਮੰਤਰੀ ਦੇ ਨੇੜੇ ਨਹੀਂ ਢੁਕਣ ਦਿੱਤਾ ਗਿਆ।
ਇਸ ਮੌਕੇ ਪੰਥਕ ਮੋਰਚੇ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਅਚਾਨਕ ਸ਼ੁਰੂ ਹੋਈ ਨਾਅਰੇਬਾਜ਼ੀ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੇ ਅੱਗ ਬੁਝਾਊ ਗੱਡੀ ਨੂੰ ਅੱਗੇ ਕਰ ਕੇ ਅਤੇ ਘੇਰਾ ਪਾ ਕੇ ਪੰਥਕ ਮੋਰਚੇ ਦੇ ਆਗੂਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਮੁੱਖ ਚੌਕ ਤੋਂ ਸਿੱਧੇ ਸ਼ਹੀਦ ਸਰਾਭਾ ਦੇ ਜੱਦੀ ਘਰ ਪਹੁੰਚੇ ਅਤੇ ਸ਼ਹੀਦ ਦੇ ਬੁੱਤ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਖੇਡ ਸਟੇਡੀਅਮ ਵਿੱਚ ਗਏ। ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਪ੍ਰਬੰਧਕਾਂ ਨੂੰ ਭਗਵੰਤ ਮਾਨ ਦੇ ਨੇੜੇ ਜਾਣ ਤੋਂ ਰੋਕਣ ’ਤੇ ਹੋਈ ਤਲਖ਼ੀ ਬਾਅਦ ਮੁੱਖ ਮੰਤਰੀ ਨੇ ਮੌਕਾ ਸੰਭਾਲਦਿਆਂ ਪ੍ਰਬੰਧਕਾਂ ਨੂੰ ਕੋਲ ਬੁਲਾ ਕੇ ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਖਿਚਵਾਈ। ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਐਲਾਨ ਕੀਤਾ ਕਿ ਸ਼ਹੀਦਾਂ ਦੇ ਪਿੰਡਾਂ ਨੂੰ ਨਮੂਨੇ ਦੇ ਪਿੰਡ ਵਜੋਂ ਵਿਕਸਤ ਕਰਾਂਗੇ। ਉਨ੍ਹਾਂ ਪੰਜਾਬ ਦੇ ਹਰ ਹਲਕੇ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ 6 ਲਾਇਬਰੇਰੀਆਂ ਖੋਲ੍ਹਣ ਦਾ ਐਲਾਨ ਕੀਤਾ ਅਤੇ ਅਜਿਹੀ ਲਾਇਬਰੇਰੀ ਪਿੰਡ ਸਰਾਭਾ ਵਿੱਚ ਖੋਲ੍ਹਣ ਦੇ ਨਾਲ-ਨਾਲ ਇੱਥੇ ਪਬਲਿਕ ਸਰਵਿਸ ਕਮਿਸ਼ਨ ਦੀ ਤਿਆਰੀ ਲਈ ਸਿਖਲਾਈ ਕੇਂਦਰ ਬਣਾਉਣ ਦਾ ਵੀ ਐਲਾਨ ਕੀਤਾ। ਇਸੇ ਦੌਰਾਨ ਲੁਧਿਆਣਾ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਨੇ ਹਰੀ ਝੰਡੀ ਦਿਖਾ ਕੇ ਕੀਤੀ। ਇਸ ਸਾਈਕਲ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ। ਨਸ਼ਿਆਂ ਵਿਰੁੱਧ ਕੁੱਲ 13 ਕਿੱਲੋਮੀਟਰ ਤੱਕ ਨੌਜਵਾਨਾਂ ਨੇ ਸਾਈਕਲ ਚਲਾਈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਨਸ਼ਿਆਂ ਦੀ ਸਮੱਸਿਆ ’ਤੇ ਕਾਬੂ ਪਾਉਣਾ ਅਤੇ ਸਾਈਕਲ ਦੀ ਸਵਾਰੀ ਨੂੰ ਸਿਹਤਮੰਦ ਤੇ ਸਥਿਰ ਜੀਵਨ ਦੀ ਲੋੜ ਵਜੋਂ ਉਭਾਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਇਹ ਸਭ ਤੋਂ ਵੱਡੀ ਸਾਈਕਲ ਰੈਲੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨ ਦੇ ਨੇਕ ਇਰਾਦੇ ਨਾਲ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਸਾਈਕਲ ਸਵਾਰਾਂ ਨੇ ਰੈਲੀ ਦੌਰਾਨ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ ਦੀਆਂ ਕੁਰਬਾਨੀਆਂ ਨਾਲ ਜੁੜੀਆਂ ਯਾਦਗਾਰਾਂ ਦੀ ਵੀ ਯਾਤਰਾ ਕੀਤੀ।
ਉਨ੍ਹਾਂ ਦੱਸਿਆ ਕਿ ਸਾਈਕਲ ਸਵਾਰ ਸਬੰਧਤ ਸਥਾਨਾਂ ਤੋਂ ਪਵਿੱਤਰ ਮਿੱਟੀ ਲੈ ਕੇ ਆਏ, ਜਿਸ ਦੀ ਵਰਤੋਂ ਬੂਟੇ ਲਾਉਣ ਲਈ ਕੀਤੀ ਜਾਵੇਗੀ ਅਤੇ ਇਨ੍ਹਾਂ ਬੂਟਿਆਂ ਦੇ ਨਾਮ ਕ੍ਰਮਵਾਰ ਸਦਭਾਵਨਾ, ਵਚਨ, ਗਿਆਨ, ਏਕਤਾ ਤੇ ਉਮੀਦ ਵਜੋਂ ਰੱਖੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਸਿਰਫ਼ ਨਸ਼ਿਆਂ ਵਿਰੁੱਧ ਇੱਕ ਸਾਈਕਲ ਰੈਲੀ ਨਹੀਂ, ਸਗੋਂ ਨਸ਼ਿਆਂ ਦੀ ਰੋਕਥਾਮ, ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਤੇ ਇਨਕਲਾਬੀ ਨਾਇਕਾਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਸਮੂਹਿਕ ਯਤਨ ਹੈ। ਇਸ ਮੌਕੇ ’ਤੇ ਪੰਜਾਬ ਪੁਲੀਸ ਗੌਰਵ ਯਾਦਵ ਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਖਾਸ ਤੌਰ ’ਤੇ ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਤੇ ਪੁਲੀਸ ਕਮਿਸ਼ਨਰ ਨੇ ਵੀ ਸਾਈਕਲ ਚਲਾਇਆ।

Advertisement

ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

ਲੁਧਿਆਣਾ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਵਿੱਤਰ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ ਅਤੇ ਪੰਜਾਬ ਵਿੱਚ ਰੋਜ਼ਾਨਾ ਪਰਾਲੀ ਸਾੜਨ ਦੇ ਕਾਫ਼ੀ ਮਾਮਲੇ ਸਾਹਮਣੇ ਆ ਰਹੇ ਹਨ। ਮੁੱਖ ਮੰਤਰੀ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਪਰਾਲੀ ਸਾੜਨ ਅਤੇ ਪਟਾਕੇ ਵਜਾਉਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ, ‘ਅਸੀਂ ਆਪਣੀ ਆਕਸੀਜਨ ਫੂਕ ਰਹੇ ਹਾਂ। ਧੂੰਆਂ ਸਭ ਤੋਂ ਪਹਿਲਾਂ ਸਾਡੇ ਬੱਚਿਆਂ ਦੇ ਫੇਫੜਿਆਂ ਵਿੱਚ ਜਾਂਦਾ ਹੈ ਅਤੇ ਇਸ ਬਾਅਦ ਇਹ ਬਾਕੀ ਨੁਕਸਾਨ ਕਰਦਾ ਹੈ।’ਮੁੱਖ ਮੰਤਰੀ ਨੇ ਗੁਰਬਾਣੀ ਦਾ ਹਵਾਲਾ ਦਿੰਦਿਆ ਕਿਹਾ ‘ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤੁ ਮਹਤ’ ਸਲੋਕ ਵਿੱਚ ਗੁਰੂਆਂ ਨੇ ਹਵਾ (ਪਵਨ) ਨੂੰ ਗੁਰੂ, ਜਲ (ਪਾਣੀ) ਨੂੰ ਪਿਤਾ ਅਤੇ ਭੂਮੀ (ਧਰਤ) ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਮੁੱਖ ਮੰਤਰੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਜਦੋਂ ਪੰਜਾਬ ਵਿੱਚ ਬੀਤੇ ਦੋ ਮਹੀਨਿਆਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 30,000 ਦਾ ਅੰਕੜਾ ਪਾਰ ਕਰ ਗਈਆਂ ਹਨ। -ਪੀਟੀਆਈ

Advertisement
Author Image

Advertisement
Advertisement
×