ਮੁੱਖ ਮੰਤਰੀ ਵੱਲੋਂ ਮਹਿਲਾ ਸਵਾਰੀਆਂ ਲਈ ਬੱਸ ਰੋਕਣ ਦੀ ਹਦਾਇਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਦਸੰਬਰ
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬੱਸ ਅੱਡਿਆਂ ’ਤੇ ਬੱਸਾਂ ਦੀ ਉਡੀਕ ਕਰ ਰਹੀਆਂ ਮਹਿਲਾਵਾਂ ਲਈ ਬੱਸਾਂ ਜ਼ਰੂਰ ਰੋਕਣ। ਉਨ੍ਹਾਂ ਪਬਲਿਕ ਟਰਾਂਸਪੋਰਟ (ਡੀਟੀਸੀ ਅਤੇ ਕਲੱਸਟਰ) ਦੀਆਂ ਬੱਸਾਂ ਦੇ ਅਮਲੇ ਨੂੰ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਮੁਅੱਤਲ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਉਹ ਮਹਿਲਾ ਸਵਾਰੀਆਂ ਨੂੰ ਨਹੀਂ ਚੁੱਕਦੇ ਜਾਂ ਬੱਸ ਅੱਡੇ ਤੋਂ ਦੂਰ ਬੱਸਾਂ ਰੋਕਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦਿੱਲੀ ਦੀਆਂ ਔਰਤਾਂ ਨੂੰ ਅਜਿਹੀਆਂ ਬੱਸਾਂ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ‘ਤੇ ਪਾਉਣ ਲਈ ਕਿਹਾ ਤਾਂ ਜੋ ਗਲਤ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਟਰਾਂਸਪੋਰਟ ਵਿਭਾਗ ਨੇ ਬੱਸਾਂ ਦੇ ਸਾਰੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਬੱਸ ਅੱਡਿਆਂ ਤੋਂ ਮਹਿਲਾ ਯਾਤਰੀਆਂ ਨੂੰ ਬੱਸਾਂ ਵਿਚ ਬਿਠਾਉਣਾ ਯਕੀਨੀ ਬਣਾਉਣ ਲਈ ਆਦੇਸ਼ ਜਾਰੀ ਕੀਤਾ ਹੈ। ਆਤਿਸ਼ੀ ਨੇ ਕਿਹਾ ਕਿ ਅਜਿਹੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ ਜੇਕਰ ਉਨ੍ਹਾਂ ਦੀਆਂ ਬੱਸਾਂ ਮਹਿਲਾ ਯਾਤਰੀਆਂ ਲਈ ਨਹੀਂ ਰੁਕਦੀਆਂ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਮਹਿਲਾ ਯਾਤਰੀ ਬੱਸਾਂ ਦੀ ਖੁੱਲ੍ਹ ਕੇ ਵਰਤੋਂ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਔਰਤਾਂ ਨੂੰ ਮੁਫਤ ਯਾਤਰਾ ਲਈ ਜਾਰੀ ਕੀਤੇ ਗਏ ਗੁਲਾਬੀ ਪਾਸਾਂ ਲਈ ਡੀਟੀਸੀ ਅਤੇ ਕਲੱਸਟਰ ਬੱਸਾਂ ਦੋਵਾਂ ਦੀ ਅਦਾਇਗੀ ਕਰਦੀ ਹੈ। ਇਸ ਲਈ ਔਰਤਾਂ ਬੱਸਾਂ ’ਚ ਸਫਰ ਕਰਨ ਨੂੰ ਤਰਜੀਹ ਦੇਣ।