ਮੁੱਖ ਮੰਤਰੀ ਮਾਨ ਨੂੰ ਫਰਾਂਸ ਦੌਰੇ ਦੀ ਨਹੀਂ ਮਿਲੀ ਇਜਾਜ਼ਤ
* ਵਫ਼ਦ ਨੇ ਅੱਜ ਤੋਂ 9 ਅਗਸਤ ਤੱਕ ਕਰਨਾ ਸੀ ਫਰਾਂਸ ਦੌਰਾ
ਚਰਨਜੀਤ ਭੁੱਲਰ
ਚੰਡੀਗੜ੍ਹ, 2 ਅਗਸਤ
ਕੇਂਦਰੀ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਦਸ ਮੈਂਬਰੀ ਵਫ਼ਦ ਨੂੰ ਪੈਰਿਸ ਓਲੰਪਿਕ ਵਿੱਚ ਸ਼ਾਮਲ ਭਾਰਤੀ ਖਿਡਾਰੀਆਂ ਲਈ ਉਲੀਕੇ ‘ਹੌਸਲਾ ਵਧਾਊ ਦੌਰੇ’ ਨੂੰ ਰਾਜਸੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਇਹ ਇਨਕਾਰ ਫਰਾਂਸ ਦੌਰੇ ਦੀ ਤੈਅ ਤਰੀਕ ਤੋਂ ਇਕ ਦਿਨ ਪਹਿਲਾਂ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਹਾਕੀ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਪੈਰਿਸ ਜਾਣਾ ਚਾਹੁੰਦੇ ਸਨ। ਦਸ ਮੈਂਬਰੀ ਵਫ਼ਦ ਨੇ 3 ਅਗਸਤ ਤੋਂ 9 ਅਗਸਤ ਤੱਕ ਫਰਾਂਸ ਦਾ ਦੌਰਾ ਕਰਨਾ ਸੀ। ਪੈਰਿਸ ਓਲੰਪਿਕ ਵਿਚ ਖੇਡ ਰਹੀ ਭਾਰਤੀ ਹਾਕੀ ਟੀਮ ਦੇ ਕੁੱਲ 19 (ਸਮੇਤ ਤਿੰਨ ਰਾਖਵੇਂ ਖਿਡਾਰੀ) ਖਿਡਾਰੀਆਂ ’ਚੋਂ ਦਸ ਪੰਜਾਬੀ ਹਨ। ਹਾਕੀ ਟੀਮ ਦੀ ਕਪਤਾਨੀ ਅਤੇ ਉਪ ਕਪਤਾਨੀ ਵੀ ਪੰਜਾਬ ਦੇ ਖਿਡਾਰੀਆਂ ਕੋਲ ਹੈ। ਭਗਵੰਤ ਮਾਨ ਅਜਿਹੇ ਤੀਜੇ ‘ਆਪ’ ਆਗੂ ਹਨ ਜਿਨ੍ਹਾਂ ਨੂੰ ਕੇਂਦਰ ਨੇ ਵਿਦੇਸ਼ ਦੌਰੇ ’ਤੇ ਜਾਣ ਤੋਂ ਰੋਕਿਆ ਹੈ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਦੌਰੇ ਲਈ ਅਤੇ ਗੋਪਾਲ ਰਾਏ ਨੂੰ ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ।
ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਜਿਨ੍ਹਾਂ ਕੋਲ ਜ਼ੈੱਡ ਪਲੱਸ ਸੁਰੱਖਿਆ ਛੱਤਰੀ ਹੈ, ਨੂੰ ਰਾਜਸੀ ਪ੍ਰਵਾਨਗੀ ਨਾ ਦਿੱਤੇ ਜਾਣ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ। ਭਾਵੇਂ ਕੇਂਦਰ ਨੇ ਸਿੱਧੇ ਤੌਰ ’ਤੇ ਨਹੀਂ ਕਿਹਾ ਪਰ ਇਹ ਇਸ਼ਾਰਾ ਕੀਤਾ ਹੈ ਕਿ ਪੈਰਿਸ ਵਿੱਚ ਦੁਨੀਆ ਭਰ ਤੋਂ ਦਰਸ਼ਕ ਪੁੱਜੇ ਹੋਏ ਹਨ ਅਤੇ ਇੰਨੇ ਥੋੜ੍ਹੇ ਸਮੇਂ ’ਚ ਮੁੱਖ ਮੰਤਰੀ ਦੀ ਸੁਰੱਖਿਆ ਦਾ ਬੰਦੋਬਸਤ ਕਰਨਾ ਸੌਖਾ ਨਹੀਂ ਹੈ।
ਕੇਂਦਰ ਤਰਫ਼ੋਂ ਰਾਜਸੀ ਪ੍ਰਵਾਨਗੀ ਨਾ ਦਿੱਤੇ ਜਾਣ ਪਿੱਛੇ ਸਿਆਸੀ ਕਾਰਨ ਵੀ ਹੋ ਸਕਦੇ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੌਮਾਂਤਰੀ ਮੰਚ ’ਤੇ ਖਿਡਾਰੀਆਂ ਨਾਲ ਮਿਲਣੀ ਨੂੰ ਕੌਮਾਂਤਰੀ ਪੱਧਰ ’ਤੇ ਪ੍ਰਚਾਰ ਮਿਲਣਾ ਸੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਦੋਂ ਕਿ ਕੇਂਦਰ ਦੀ ਸੱਤਾ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਕੋਲ ਹੈ। ਪਤਾ ਲੱਗਾ ਹੈ ਕਿ ਸਿਆਸੀ ਹਸਤੀਆਂ ਦੀ ਪ੍ਰਵਾਨਗੀ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਦੇਖਦੇ ਹਨ। ਕੇਂਦਰ ਨੇ ਜ਼ੁਬਾਨੀ ਤੌਰ ’ਤੇ ਇਹ ਤਰਕ ਵੀ ਦਿੱਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਰਾਜਸੀ ਪ੍ਰਵਾਨਗੀ ਲੈਣ ਵਾਸਤੇ ਕਾਫ਼ੀ ਦੇਰੀ ਨਾਲ ਪੱਤਰ ਭੇਜਿਆ ਗਿਆ। ਦੋ ਦਿਨ ਪਹਿਲਾਂ ਹੀ ਸੂਬਾ ਸਰਕਾਰ ਨੇ ਪ੍ਰਕਿਰਿਆ ਸ਼ੁਰੂ ਕੀਤੀ ਸੀ। ਪੱਤਰ ਅਨੁਸਾਰ ਮੁੱਖ ਮੰਤਰੀ ਦੀ ਅਗਵਾਈ ਵਾਲੇ ਵਫ਼ਦ ਦੇ ਦੋ ਮੁੱਖ ਮਕਸਦ ਦੱਸੇ ਗਏ ਹਨ ਜਿਨ੍ਹਾਂ ਵਿਚ ਪਹਿਲਾ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨਾ ਅਤੇ ਦੂਜਾ ਪੰਜਾਬ ਵਿੱਚ ਨਿਵੇਸ਼ ਲਈ ਕੌਮਾਂਤਰੀ ਮੰਚ ’ਤੇ ਸੰਭਾਵਨਾਵਾਂ ਦੀ ਤਲਾਸ਼ ਕਰਨਾ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪੈਰਿਸ ਜਾਣ ਵਾਲੇ ਵਫ਼ਦ ’ਚ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ, ਮੁੱਖ ਸਕੱਤਰ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਵੀਕੇ ਸਿੰਘ ਅਤੇ ਹੋਰ ਕਈ ਅਧਿਕਾਰੀਆਂ ਦੇ ਨਾਮ ਸ਼ਾਮਲ ਸਨ।
ਪ੍ਰਧਾਨ ਮੰਤਰੀ ਇਕੱਲੇ ਹੀ ਵਿਦੇਸ਼ ਜਾਣਾ ਚਾਹੁੰਦੇ ਨੇ: ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਆਪਣੇ ਨਿੱਜੀ ਖਰਚੇ ’ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਵਾਸਤੇ ਪੈਰਿਸ ਜਾਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਇਕੱਲੇ ਹੀ ਵਿਦੇਸ਼ ਜਾਣਾ ਚਾਹੁੰਦੇ ਹਨ ਤੇ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਕੌਮਾਂਤਰੀ ਮੰਚ ’ਤੇ ਕੋਈ ਦੂਜਾ ਵਿਅਕਤੀ ਦੇਸ਼ ਦੀ ਨੁਮਾਇੰਦਗੀ ਕਰੇ। ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਡਿਪਲੋਮੈਟਿਕ ਪਾਸਪੋਰਟ ਹੈ ਪਰ ਫਿਰ ਵੀ ਉਨ੍ਹਾਂ ਨੂੰ ਇਨਕਾਰ ਕੀਤਾ ਗਿਆ ਹੈ। ਉਨ੍ਹਾਂ ਸਾਫ਼ ਕੀਤਾ ਕਿ ਜਿਉਂ ਹੀ ਭਾਰਤੀ ਹਾਕੀ ਟੀਮ ਦੀਆਂ ਜਿੱਤਾਂ ਦਾ ਸਿਲਸਿਲਾ ਤੁਰਿਆ ਸੀ , ਉਦੋਂ ਹੀ ਉਨ੍ਹਾਂ ਨੇ ਦੌਰੇ ਲਈ ਅਪਲਾਈ ਕਰ ਦਿੱਤਾ ਸੀ।