ਮੁੱਖ ਮੰਤਰੀ ਖੱਟਰ ਨੇ ਕੁਸ਼ੱਲਿਆ ਡੈਮ ਦਾ ਜਾਇਜ਼ਾ ਲਿਆ
ਪੱਤਰ ਪ੍ਰੇਰਕ
ਪੰਚਕੂਲਾ, 10 ਜੁਲਾਈ
ਪੰਚਕੂਲਾ ਦੀਆਂ ਸੜਕਾਂ ਉੱਤੇ ਬਰਸਾਤੀ ਪਾਣੀ ਵਗ ਰਿਹਾ ਹੈ। ਮੋਰਨੀ ਪੰਚਕੂਲਾ ਅਤੇ ਮੋਰਨੀ ਰਾਏਪੁਰਰਾਣੀ ਸੜਕ ਉੱਤੇ 40 ਤੋਂ ਵੱਧ ਥਾਵਾਂ ਉੱਤੇ ਪਹਾੜ ਦਾ ਮਲਬਾ ਡਿੱਗਿਆ ਹੈ। ਇਸ ਕਾਰਨ ਪੰਚਕੂਲਾ-ਮੋਰਨੀ ਮਾਰਗ ਬੰਦ ਪਿਆ ਹੈ। ਮੁੱਖ ਮੰਤਰੀ ਖੱਟਰ ਨੇ ਕੁਸ਼ੱਲਿਆ ਡੈਮ ਦਾ ਜਾਇਜ਼ਾ ਲਿਆ। ਘੱਗਰ ਡੈਮ ’ਤੇ 3,00,000 ਕਿਊਸਿਕ ਪਾਣੀ ਦਾ ਅਲਰਟ ਜਾਰੀ ਹੁੰਦਾ ਹੈ। ਇਸ ਮੌਕੇ ਪੰਚਕੂਲਾ ਦੀ ਡੀਸੀ ਪ੍ਰਿਯੰਕਾ ਸੋਨੀ ਤੇ ਕਈ ਅਧਿਕਾਰੀ ਮੌਜੂਦ ਸਨ। ਭਾਰੀ ਬਰਸਾਤ ਕਾਰਨ ਪਿੰਜੌਰ ਨਾਲਾਗੜ੍ਹ ਸੜਕ ਉੱਤੇ ਪਿੰਡ ਮੜਾਂਵਾਲਾ ਕੋਲ ਪੁੱਲ ਦਾ ਜ਼ਿਆਦਾ ਹਿੱਸਾ ਪਾਣੀ ਵਿੱਚ ਰੁੜ੍ਹ ਗਿਆ। ਇਸ ਕਾਰਨ ਬੱਦੀ, ਬਰੋਟੀਵਾਲਾ, ਨਾਲਾਗੜ੍ਹ ਅਤੇ ਪਿੰਜੌਰ ਨੂੰ ਜਾਣ ਵਾਲਾ ਸੰਪਰਕ ਟੁੱਟ ਗਿਆ। ਪੂਰੇ ਜ਼ਿਲ੍ਹੇ ਵਿੱਚ ਪਣੀ ਨੇ ਤਬਾਹੀ ਮਚਾਈ ਹੋਈ ਹੈ। ਪੰਚਕੂਲਾ ਦੀ ਇੰਦਰਾਂ ਕਲੋਨੀ, ਰਾਜੀਵ ਕਲੋਨੀ, ਸੈਕਟਰ-19 ਨਾਲ ਲਗਦਾ ਅਭੈਪੁਰ ਪਿੰਡ, ਇੰਡਸਟਰੀਅਲ ਏਰੀਆ ਫੇਜ਼-1 ਅਤੇ ਫੇਜ਼-2 ਪਾਣੀ ਭਰਿਆ ਪਿਆ ਹੈ। ਰਾਜ ਸਰਕਾਰ ਨੇ ਹੜ੍ਹਾਂ ਤੋਂ ਸਤਾਏ ਲੋਕਾਂ ਲਈ ਹੈਲਪਲਾਈਨ ਨੰਬਰ 0172-2545938 ਜਾਰੀ ਕੀਤਾ ਹੈ। ਪੰਚਕੂਲਾ ਦੇ ਘੱਗਰ ਵਿੱਚ 25 ਤੋਂ ਵੱਧ ਫਸੀਆਂ ਗਾਊਆਂ ਨੂੰ ਐੱਨਡੀਆਰਐਫ ਦੀ ਟੀਮ, ਫਾਇਰ ਸਟੇਸ਼ਨ ਦੀ ਟੀਮ ਨੇ ਕਰੇਨਾਂ ਨਾਲ ਬਾਹਰ ਕੱਢਿਆ ਅਤੇ ਗਾਊਸ਼ਾਲਾ ’ਚ ਪਹੁੰਚਾਇਆ ਗਿਆ।