For the best experience, open
https://m.punjabitribuneonline.com
on your mobile browser.
Advertisement

ਐੱਸਵਾਈਐੱਲ ’ਤੇ ਪੰਜਾਬ ਨਾਲ ਗੱਦਾਰੀ ਲੁਕਾਉਣ ਲਈ ਬਹਾਨੇ ਲੱਭ ਰਹੇ ਨੇ ਮੁੱਖ ਮੰਤਰੀ: ਜਾਖੜ

08:43 AM Oct 17, 2023 IST
ਐੱਸਵਾਈਐੱਲ ’ਤੇ ਪੰਜਾਬ ਨਾਲ ਗੱਦਾਰੀ ਲੁਕਾਉਣ ਲਈ ਬਹਾਨੇ ਲੱਭ ਰਹੇ ਨੇ ਮੁੱਖ ਮੰਤਰੀ  ਜਾਖੜ
Advertisement

ਦਵਿੰਦਰ ਪਾਲ
ਚੰਡੀਗੜ੍ਹ, 16 ਅਕਤੂਬਰ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੋਸ਼ ਲਾਇਆ ਹੈ ਕਿ ਐਸਵਾਈਐਲ ਦੇ ਗੰਭੀਰ ਮਸਲੇ ’ਤੇ ਸੁਪਰੀਮ ਕੋਰਟ ਵਿੱਚ ਸਿਆਸੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਨਾਲ ਕੀਤੀ ਗੱਦਾਰੀ ਨੂੰ ਲੁਕਾਉਣ ਲਈ ਮੁੱਖ ਮੰਤਰੀ ਲਗਾਤਾਰ ਬਹਾਨੇ ਲੱਭ ਰਹੇ ਹਨ। ਉਨ੍ਹਾਂ ਕਿਹਾ ਕਿ ਗੱਦਾਰੀ ਨੂੰ ਛੁਪਾਉਣ ਲਈ ਹੀ ਸਰਬ ਪਾਰਟੀ ਮੀਟਿੰਗ ਸੱਦਣ ਦੀ ਥਾਂ ਮੁਕਾਬਲੇਬਾਜ਼ੀ ਕਰਵਾਈ ਜਾ ਰਹੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਐਸਵਾਈਐਲ ’ਤੇ ਸਾਰਾ ਪੰਜਾਬ ਇਕਜੁੱਟ ਹੈ ਤੇ ਉਹ ਵਾਰ ਵਾਰ ਇਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਪਰ ਪਤਾ ਨਹੀਂ ਕਿਹੜਾ ਲਾਹਾ ਲੈਣ ਲਈ ‘ਆਪ’ ਨੇ ਅੰਦਰਖਾਤੇ ਸੌਦੇਬਾਜ਼ੀ ਕੀਤੀ ਤੇ ਸੁਪਰੀਮ ਕੋਰਟ ਵਿੱਚ ਗੋਡੇ ਟੇਕੇ ਤੇ ਹੁਣ ਵੀ ਇਸ ਮਸਲੇ ਦੇ ਸਾਰਥਕ ਹੱਲ ਕੱਢਣ ਦੀ ਥਾਂ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਵੱਲੋਂ ਦਿੱਤੇ ਗਏ ਬਹਿਸ ਦੇ ਸੱਦੇ ’ਤੇ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਜੇ ਹੁਣ ਕਹਿ ਹੀ ਦਿੱਤਾ ਹੈ ਤਾਂ ਫਿਰ ਭੱਜਣਾ ਨਹੀਂ ਚਾਹੀਦਾ। ਮੁਕਾਬਲੇ ਵਿੱਚ ਰੈਫਰੀ ਦੀ ਲੋੜ ਹੁੰਦੀ ਹੈ ਇਸੇ ਲਈ ਹਰਵਿੰਦਰ ਸਿੰਘ ਫੂਲਕਾ, ਕੰਵਰ ਸੰਧੂ ਤੇ ਡਾ. ਧਰਮਵੀਰ ਗਾਂਧੀ ਦੇ ਨਾਮ ਉਨ੍ਹਾਂ ਨੇ ਸੁਝਾਏ ਹਨ।
ਬੇਸ਼ੱਕ ਪੰਜਾਬ ਵਿੱਚ ਬੜੀਆਂ ਕਾਬਲ ਸ਼ਖਸੀਅਤਾਂ ਹਨ ਪਰ ਇਹ ਤਿੰਨੇ ਸਿਆਸੀ ਸਮਝ ਰੱਖਣ ਵਾਲੀਆਂ ਤੇ ਨਿਰਪੱਖ ਸ਼ਖਸੀਅਤਾਂ ਹਨ। ਮੁੱਖ ਮੰਤਰੀ ਜਵਾਬ ਦੇਣ ਜਾਂ ਇਨ੍ਹਾਂ ਦੇ ਕਿਰਦਾਰ ’ਤੇ ਸਵਾਲ ਚੁੱਕਣ ਤੇ ਦੱਸਣ ਕਿ ਇਨ੍ਹਾਂ ਵਿਚ ਕੀ ਕਮੀ ਹੈ ਜਾਂ ਫਿਰ ਹਾਮੀ ਭਰਨ ਤੇ ਬਹਾਨੇ ਨਾ ਬਣਾਉਣ। ਉਨ੍ਹਾਂ ਕਿਹਾ, ‘ਹੋਰ ਗੱਲਾਂ ਛੱਡੋ ਤੇ ਗੰਭੀਰ ਮਸਲੇ ’ਤੇ ਗੰਭੀਰਤਾ ਵਿਖਾਓ ਕਿਉਂਕਿ ਪੰਜਾਬ ਜਵਾਬ ਮੰਗਦਾ ਹੈ। ਪੰਜਾਬ ਦੀ ਹੋਂਦ ਦਾ ਸਵਾਲ ਹੈ ਹੁਣ ਭੱਜਣ ਨਹੀਂ ਦਿਆਂਗੇ ਤੇ ਇਨ੍ਹਾਂ ਦੇ ਚਿਹਰੇ ਬੇਨਕਾਬ ਕਰਾਂਗੇ।’ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਦਫਤਰ ਦਾ ਪਤਾ ਨਹੀਂ ਕਿ ਉੱਥੇ ਕੀ ਹੋ ਰਿਹਾ ਹੈ ਤੇ ਦਿੱਲੀ ਵਾਲੇ ਇਨ੍ਹਾਂ ਦੀ ਚੱਲਣ ਨਹੀਂ ਦੇ ਰਹੇ। ਸੂਬੇ ਵਿੱਚ ਨਸ਼ੇ ਤੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਪਹਿਲਾਂ ਜਿੱਥੇ ਇੱਕ ਵਿਧਾਇਕ ਦੇ ਰਿਸ਼ਤੇਦਾਰ ’ਤੇ ਕਾਰਵਾਈ ਕਰਨ ਬਦਲੇ ਇਮਾਨਦਾਰ ਅਫਸਰ ਨੂੰ ਬਦਲ ਦਿੱਤਾ ਉਥੇ ਹੁਣ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਮਸ਼ੀਨਾਂ ਉੱਪਰ ਪਰਚੇ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਇਨ੍ਹਾਂ ਦੇ ਹੱਥਾਂ ਵਿੱਚ ਸੁਰੱਖਿਅਤ ਨਹੀਂ।

Advertisement

ਸੁਨੀਲ ਜਾਖੜ ਦੇ ਫੈਸਲੇ ਨੂੰ ਡਾ. ਗਾਂਧੀ ਨੇ ਨਕਾਰਿਆ

ਪਟਿਆਲਾ (ਪੱਤਰ ਪ੍ਰੇਰਕ): ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਉਹ ਲੁਧਿਆਣਾ ਵਿਚ ਪੰਜਾਬ ਸਰਕਾਰ ਵੱਲੋਂ ਰੱਖੀ ਖੁੱਲ੍ਹੀ ਬਹਿਸ ਵਿਚ ਹਿੱਸਾ ਨਹੀਂ ਲੈਣਗੇ, ਕਿਉਂਕਿ ਉਹ ਗੰਭੀਰ ਸਿਆਸਤਦਾਨ ਹਨ ਤੇ ਗੰਭੀਰ ਤਰੀਕੇ ਨਾਲ ਕੀਤੀ ਜਾਣ ਵਾਲੀ ਸਿਆਸਤ ਦੇ ਹੀ ਹਾਮੀ ਹਨ। ਅੱਜ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲ੍ਹੀ ਬਹਿਸ ’ਚ ਡਾ. ਧਰਮਵੀਰ ਗਾਂਧੀ ਨੂੰ ਬੁਲਾਉਣ ਲਈ ਕਿਹਾ ਸੀ। ਇਸ ਦੇ ਜਵਾਬ ਵਿਚ ਡਾ. ਗਾਂਧੀ ਨੇ ਕਿਹਾ ਕਿ ਉਹ ਸੁਨੀਲ ਜਾਖੜ ਦਾ ਇਸ ਗੱਲੋਂ ਸਤਿਕਾਰ ਕਰਦੇ ਹਨ ਪਰ ਉਹ ਅਜਿਹੀ ਮਜਮਿਆਂ ਵਾਲੀ ਸਿਆਸਤ ਵਿਚ ਭਾਗ ਨਹੀਂ ਲੈਣਗੇ। ਡਾ. ਗਾਂਧੀ ਨੇ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਕਲਾਕਾਰੀ ਦੇ ਪੇਸ਼ੇ ਅਨੁਸਾਰ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਦੀ ਉਹ ਕਦੇ ਵੀ ਹਾਮੀ ਨਹੀਂ ਭਰਦੇ। ਅਜਿਹੀਆਂ ਬਹਿਸਾਂ ਕਰਨ ਲਈ ਵਿਧਾਨ ਸਭਾ ਦਾ ਵੱਡਾ ਮੰਚ ਹੈ, ਉਥੇ ਹੀ ਪੰਜਾਬ ਦੇ ਮਸਲਿਆਂ ’ਤੇ ਬਹਿਸਾਂ ਹੋਣੀਆਂ ਚਾਹੀਦੀਆਂ ਹਨ।

Advertisement
Author Image

Advertisement
Advertisement
×