ਮੁੱਖ ਮੰਤਰੀ ਵੱਲੋਂ ਏਮਸ ’ਚ ਵੇਟਿੰਗ ਹਾਲ ਦਾ ਉਦਘਾਟਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਜੂਨ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਸ) ਵਿੱਚ ਮਰੀਜ਼ਾਂ ਦੇ ਨਾਲ ਜਾਣ ਵਾਲੇ ਲੋਕਾਂ ਲਈ ਵੇਟਿੰਗ ਹਾਲ ਦਾ ਉਦਘਾਟਨ ਕੀਤਾ। ਧਨੁਕਾ ਐਗਰੀਟੈਕ ਲਿਮਟਿਡ ਵੱਲੋਂ 6 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਇਹ ਹਾਲ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪਹਿਲ ਦਾ ਹਿੱਸਾ ਹੈ ਜੋ ਹਜ਼ਾਰਾਂ ਲੋਕਾਂ ਦੀ ਸੇਵਾ ਕਰੇਗਾ।
ਸਮਾਗਮ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਸਮਾਜ ਨੂੰ ਇੱਕ ਵਿਕਸਤ ਦੇਸ਼ ਅਤੇ ਇੱਕ ਵਿਕਸਤ ਦਿੱਲੀ ਲਈ ਇਕੱਠੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਮਾਜ ਨੂੰ ਇੱਕ ਪਲੇਟਫਾਰਮ ’ਤੇ ਆਉਣ ਅਤੇ ਇਕੱਠੇ ਕੰਮ ਕਰਨ ਦੀ ਲੋੜ ਹੈ, ਤਾਂ ਹੀ ਵਿਕਸਤ ਭਾਰਤ ਅਤੇ ਵਿਕਸਤ ਦਿੱਲੀ ਦਾ ਟੀਚਾ ਸਾਕਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਉਡੀਕ ਹਾਲ ਸਿਰਫ਼ ਇੱਕ ਸਹਿਯੋਗ ਨਹੀਂ ਹੈ ਸਗੋਂ ਮਨੁੱਖਤਾ ਨਾਲ ਪ੍ਰੇਮ ਦਾ ਪ੍ਰਗਟਾਵਾ ਹੈ। ਇਹ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਹਜ਼ਾਰਾਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਇੱਕ ਸੁਰੱਖਿਅਤ, ਆਰਾਮਦਾਇਕ ਅਤੇ ਸਤਿਕਾਰ ਵਾਲਾ ਸਥਾਨ ਦੇਵੇਗਾ। ਇਹ ਵੇਟਿੰਗ ਹਾਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀਆਂ ਸਮੱਸਿਆਵਾਂ ਦਾ ਇੱਕ ਸਾਰਥਕ ਹੱਲ ਹੈ, ਜਿਨ੍ਹਾਂ ਨੂੰ ਤੇਜ਼ ਗਰਮੀ, ਕੜਾਕੇ ਦੀ ਠੰਢ ਅਤੇ ਬਰਸਾਤ ਦੇ ਮੌਸਮ ਵਿੱਚ ਏਮਸ ਦੇ ਬਾਹਰ ਘੰਟਿਆਂਬੱਧੀ ਉਡੀਕ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਅਜਿਹੇ ਯਤਨਾਂ ਦਾ ਸਵਾਗਤ ਕਰਦੀ ਹੈ ਅਤੇ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ। ਸਾਡੀ ਸਰਕਾਰ ਦਿੱਲੀ ਦੇ ਲੋਕਾਂ ਨੂੰ ਵਧੀਆ ਅਤੇ ਆਧੁਨਿਕ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ।
ਉਨ੍ਹਾਂ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ’ਤੇ ਇੱਥੇ ਪੌਦਾ ਵੀ ਲਗਾਇਆ। ਉਨ੍ਹਾਂ ਕਿਹਾ ਕਿ ਵਾਤਾਵਰਨ ਸੁਰੱਖਿਆ ਕੋਈ ਵਿਕਲਪ ਨਹੀਂ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡਾ ਸਾਂਝਾ ਫਰਜ਼ ਅਤੇ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਪੌਦੇ ਲਗਾਉਣਾ, ਰਹਿੰਦ-ਖੂੰਹਦ ਪ੍ਰਬੰਧਨ, ਪਾਣੀ ਦੀ ਸੰਭਾਲ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਵਰਗੇ ਕਈ ਸਾਰਥਕ ਕਦਮ ਚੁੱਕੇ ਹਨ ਪਰ ਅਸਲ ਤਬਦੀਲੀ ਉਦੋਂ ਹੀ ਆਵੇਗੀ ਜਦੋਂ ਜਨਤਕ ਭਾਗੀਦਾਰੀ ਇਸ ਨਾਲ ਜੁੜੀ ਹੋਵੇਗੀ। ਇਸ ਮੌਕੇ ਹਸਪਤਾਲ ਦੇ ਪ੍ਰਬੰਧਕ ਵੀ ਮੌਜੂਦ ਸਨ।