ਮੁੱਖ ਮੰਤਰੀ ਵੱਲੋਂ ਪੰਜ ਰੋਜ਼ਾ ਕੌਮਾਂਤਰੀ ਸਰਸਵਤੀ ਉਤਸਵ ਦਾ ਉਦਘਾਟਨ
ਦਵਿੰਦਰ ਸਿੰਘ
ਯਮੁਨਾ ਨਗਰ, 29 ਜਨਵਰੀ
ਮੁੱਖ ਮੰਤਰੀ ਨਾਇਬ ਸੈਣੀ ਅੱਜ ਇੱਥੋਂ ਦੇ ਆਦਿਬਦਰੀ ਵਿਖੇ ਸਰਸਵਤੀ ਦੇ ਮੂਲ ਸਥਾਨ ਪਹੁੰਚੇ ਅਤੇ ਉਨ੍ਹਾਂ ਨੇ ਪੰਜ ਰੋਜ਼ਾ ਅੰਤਰਰਾਸ਼ਟਰੀ ਸਰਸਵਤੀ ਉਤਸਵ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਮੌਕੇ ‘ਤੇ ਹਵਨ ਯੱਗ ਵਿੱਚ ਹਿੱਸਾ ਲਿਆ ਅਤੇ ਸਰਸਵਤੀ ਸਰੋਵਰ ਵਿਖੇ ਪ੍ਰਾਰਥਨਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਸਰਸਵਤੀ ਨੂੰ ਹਕੀਕਤ ਵਿੱਚ ਲਿਆਉਣ ਲਈ ਹਰ ਤਰ੍ਹਾਂ ਦੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁਰੂਕਸ਼ੇਤਰ, ਯਮੁਨਾਨਗਰ ਅਤੇ ਕੈਥਲ ਵਿੱਚ ਸਰਸਵਤੀ ਨਦੀ ’ਤੇ 18 ਪੁਲ ਬਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹਿਮਾਚਲ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਹਿਮਾਚਲ ਸਰਹੱਦ ’ਤੇ ਡੈਮ ਬਣਾਇਆ ਜਾ ਰਿਹਾ ਹੈ ਤਾਂ ਜੋ ਸਰਸਵਤੀ ਦੇ ਪਾਣੀ ਨੂੰ ਇਸ ਵਿੱਚ ਸਟੋਰ ਕਰਕੇ ਸਰਸਵਤੀ ਨਦੀ ਵਿੱਚ ਸਾਰਾ ਸਾਲ ਪਾਣੀ ਵਗਦਾ ਰਹੇ। ਸ੍ਰੀ ਸੈਣੀ ਨੇ ਕਿਹਾ ਕਿ ਅੱਜ ਇਹ ਵੀ ਮਾਣ ਦੀ ਗੱਲ ਹੈ ਕਿ ਗੰਗਾ, ਯਮੁਨਾ ਅਤੇ ਸਰਸਵਤੀ ਦੇ ਸੰਗਮ ਪ੍ਰਯਾਗਰਾਜ ਵਿਖੇ ਮਹਾਂਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਸਰਕਾਰ ਨੇ ਆਪਣੇ ਪ੍ਰਬੰਧਾਂ ਨੂੰ ਸਹੀ ਢੰਗ ਨਾਲ ਨਹੀਂ ਰੱਖਿਆ ਹੈ, ਜਿਸ ਕਾਰਨ ਉਥੇ ਅੱਜ ਅਜਿਹੇ ਹਾਲਾਤ ਪੈਦਾ ਹੋਏ ਹਨ। ਇਸ ਮੌਕੇ ਹਰਿਆਣਾ ਦੇ ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ, ਹਰਿਆਣਾ ਦੇ ਸਮਾਜ ਭਲਾਈ ਮੰਤਰੀ ਕ੍ਰਿਸ਼ਨ ਬੇਦੀ, ਸਾਬਕਾ ਮੰਤਰੀ ਕੰਵਰ ਪਾਲ ਗੁੱਜਰ, ਹਿਮਾਚਲ ਪ੍ਰਦੇਸ਼ ਭਾਜਪਾ ਪ੍ਰਧਾਨ ਰਾਜੀਵ ਬਿੰਦਲ, ਐਡਵੋਕੇਟ ਮੁਕੇਸ਼ ਗਰਗ, ਗੋਪੀ ਚੰਦ ਗੰਗੌਰੀ ਲਾਡਵਾ, ਧਰਮ ਪਾਲ ਮਹਿਰਾ ਕਿਸਾਨ ਸੈੱਲ, ਭਾਜਪਾ ਦੇ ਉਪ ਪ੍ਰਧਾਨ ਲਾਡਵਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ । ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।