ਮੁੱਖ ਮੰਤਰੀ ਫ਼ੀਲਡ ਅਫ਼ਸਰ ਵੱਲੋਂ ਫ਼ਰਦ ਕੇਂਦਰ ਦੀ ਚੈਕਿੰਗ
ਮਾਲੇਰਕੋਟਲਾ, 17 ਜੂਨ
ਪੰਜਾਬ ਸਰਕਾਰ ਵੱਲੋਂ ਚੱਲ ਰਹੀ ਗਵਰਨੈਂਸ ਸੁਧਾਰ ਮੁਹਿੰਮ ਤਹਿਤ ਆਮ ਲੋਕਾਂ ਨੂੰ ਸਿੱਧੀਆਂ ਅਤੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਮੰਤਰੀ ਫ਼ੀਲਡ ਅਫ਼ਸਰ ਤੇ ਸਹਾਇਕ ਕਮਿਸ਼ਨਰ (ਜਨਰਲ) ਰਾਕੇਸ਼ ਗਰਗ ਨੇ ਮਾਲੇਰਕੋਟਲਾ ਵਿੱਚ ਫ਼ਰਦ ਕੇਂਦਰ ਅਤੇ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਤਹਿਸੀਲਦਾਰ ਰੀਤੂ ਗੁਪਤਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। ਚੈਕਿੰਗ ਦੌਰਾਨ ਦਫ਼ਤਰ ਵਿੱਚ ਲਾਗੂ ਸਰਵਿਸ ਡਿਲਿਵਰੀ ਮਾਪਦੰਡਾਂ, ਪੈਂਡਿੰਗ ਕੇਸਾਂ, ਆਨਲਾਈਨ ਫ਼ਰਦ ਪ੍ਰਣਾਲੀ ਦੀ ਵਰਤੋਂ, ਅਤੇ ਖ਼ਸਰਾ ਨੰਬਰਾਂ ਦੀ ਮੈਪਿੰਗ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਰਾਕੇਸ਼ ਗਰਗ ਨੇ ਦਫ਼ਤਰ ਵਿੱਚ ਮੌਜੂਦ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਕੰਮ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਕਰਨ ਲਈ ਕਿਹਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਜ਼ਮੀਨ ਸਬੰਧੀ ਸਾਰੇ ਰਿਕਾਰਡ ਡਿਜੀਟਲ ਫਾਰਮੈਟ ਵਿੱਚ ਤਿਆਰ ਕਰਕੇ ਆਮ ਲੋਕਾਂ ਲਈ ਸੌਖਾ, ਤੇਜ਼ ਅਤੇ ਪਾਰਦਰਸ਼ੀ ਐਕਸੈੱਸ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਨੇ ਫ਼ਰਦ ਕੇਂਦਰ ਵਿੱਚ ਆਉਣ ਵਾਲੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਮਿਲ ਰਹੀਆਂ ਸੇਵਾਵਾਂ ਬਾਰੇ ਸੁਝਾਅ ਅਤੇ ਪ੍ਰਤੀਕਿਰਿਆ ਹਾਸਲ ਕੀਤੀ ਗਈ।