For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ’ਚ ਸੁਧਾਰ; ਹਾਲੇ ਆਈਸੀਯੂ ’ਚ ਹੀ ਰਹਿਣਗੇ ਦਾਖ਼ਲ

07:31 AM Sep 29, 2024 IST
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ’ਚ ਸੁਧਾਰ  ਹਾਲੇ ਆਈਸੀਯੂ ’ਚ ਹੀ ਰਹਿਣਗੇ ਦਾਖ਼ਲ
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 28 ਸਤੰਬਰ
ਇਥੋਂ ਦੇ ਸੁਪਰ ਸਪੈਸ਼ਲਿਟੀ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਪਰ ਉਹ ਡਾਕਟਰਾਂ ਦੀ ਨਿਗਰਾਨੀ ਵਿੱਚ ਹਸਪਤਾਲ ਦੀ ਤੀਜੀ ਮੰਜ਼ਿਲ ’ਤੇ ਸਥਿਤ ਮੈਡੀਕਲ ਆਈਸੀਯੂ ’ਚ ਹੀ ਰਹਿਣਗੇ। ਮੁੱਖ ਮੰਤਰੀ ਨੂੰ ਪਿਛਲੇ ਦਿਨੀਂ ਤਬੀਅਤ ਖ਼ਰਾਬ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸੇ ਦੌਰਾਨ ਲੈਪਟੋਸਪਾਇਰੋਸਿਸ ਲਈ ਉਨ੍ਹਾਂ ਦੇ ਖੂਨ ਦੇ ਨਮੂਨੇ ਪਾਜ਼ੇਟਿਵ ਆਏ ਹਨ।
ਅੱਜ ਸ਼ਾਮ ਨੂੰ ਫੋਰਟਿਸ ਹਸਪਤਾਲ ਦੇ ਪ੍ਰਬੰਧਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨਾਲ ਸਬੰਧਤ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ। ਹਸਪਤਾਲ ਦੇ ਕਾਰਡੀਓਲੌਜੀ ਵਿਭਾਗ ਦੇ ਡਾਇਰੈਕਟਰ ਤੇ ਮੁਖੀ ਡਾ. ਆਰਕੇ ਜਸਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਮੁੱਖ ਮੰਤਰੀ ਦੀ ਸਿਹਤ ਦੀ ਜਾਂਚ ਕੀਤੀ ਹੈ। ਮੁੱਖ ਮੰਤਰੀ ਦੇ ਟੈਸਟਾਂ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਪਲਮੋਨਰੀ ਆਰਟਰੀ ਪ੍ਰੈਸ਼ਰ ਵਿੱਚ ਵਾਧੇ ਦੇ ਇਲਾਜ ਲਈ ਵੀ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਇਸ ਵੇਲੇ ਮੁੱਖ ਮੰਤਰੀ ਦੀ ਹਾਲਤ ਪੂਰੀ ਤਰ੍ਹਾਂ ਸਥਿਰ ਹੈ ਅਤੇ ਖੂਨ ਦੇ ਟੈਸਟਾਂ ਦੀਆਂ ਰਿਪੋਰਟਾਂ ਵੀ ਠੀਕ ਹਨ। ਉਨ੍ਹਾਂ ਕਿਹਾ ਕਿ ਲੈਪਟੋਸਪਾਇਰੋਸਿਸ ਲਈ ਉਨ੍ਹਾਂ ਦੇ ਖੂਨ ਦੇ ਟੈਸਟ ਵਾਪਸ ਪਾਜ਼ੇਟਿਵ ਆਏ ਹਨ। ਮੁੱਖ ਮੰਤਰੀ ਨੂੰ ਪਹਿਲਾਂ ਹੀ ਢੁਕਵੀਂ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ। ਸਾਰੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਅਤੇ ਰੋਗ ਸਬੰਧੀ ਜਾਂਚਾਂ ਨੇ ਤਸੱਲੀਬਖ਼ਸ਼ ਸੁਧਾਰ ਦਿਖਾਇਆ ਹੈ। ਬੀਤੇ ਦਿਨੀਂ ਹਸਪਤਾਲ ਵਿੱਚ ਮੁੱਖ ਮੰਤਰੀ ਦੇ ਦਿਲ ਨਾਲ ਸਬੰਧਤ ਕੁਝ ਜ਼ਰੂਰੀ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਾ. ਜਸਵਾਲ ਮੁਤਾਬਕ ਮੁੱਖ ਮੰਤਰੀ ਦੀ ਪਲਮੋਨਰੀ ਆਰਟਰੀ ਵਿੱਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ ’ਤੇ ਦਬਾਅ ਪੈ ਗਿਆ ਹੈ, ਜਿਸ ਕਾਰਨ ਬਲੱਡ ਪ੍ਰੈੱਸ਼ਰ ਅਨਿਯਮਤ ਹੋ ਗਿਆ ਹੈ। ਮੁੱਖ ਮੰਤਰੀ ਦੀ ਹਾਲਤ ਵਿੱਚ ਜਲਦੀ ਹੋਰ ਸੁਧਾਰ ਹੋਣ ਦੀ ਆਸ ਹੈ। ਉੱਧਰ ਮੁੱਖ ਮੰਤਰੀ ਦੇ ਜ਼ੇਰੇ ਇਲਾਜ ਹੋਣ ਕਾਰਨ ਫੋਰਟਿਸ ਹਸਪਤਾਲ ਦੇ ਅੰਦਰ ਅਤੇ ਬਾਹਰ ਮੁੱਖ ਗੇਟਾਂ ’ਤੇ ਪੁਲੀਸ ਦਾ ਸਖ਼ਤ ਪਹਿਰਾ ਹੈ। ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ, ਜੋ ਹਸਪਤਾਲ ਵਿੱਚ ਆਉਣ-ਜਾਣ ਵਾਲੇ ਹਰੇਕ ਵਿਅਕਤੀ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ।

Advertisement

ਸੁਖਪਾਲ ਖਹਿਰਾ ਵੱਲੋਂ ਮਾਨ ਦੀ ਸਿਹਤਯਾਬੀ ਦੀ ਕਾਮਨਾ

ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਖਹਿਰਾ ਨੇ ਕਿਹਾ, ‘ਮੈਨੂੰ ਆਪਣੇ ਪੁਰਖਿਆਂ ਅਤੇ ਵਿਰਸੇ ਤੋਂ ਇਹ ਸਿੱਖਿਆ ਮਿਲੀ ਹੈ ਕਿ ਭਾਵੇਂ ਕੋਈ ਤੁਹਾਡਾ ਜਿੰਨਾ ਮਰਜ਼ੀ ਵੱਡਾ ਵਿਰੋਧੀ ਕਿਉਂ ਨਾ ਹੋਵੇ, ਹਮੇਸ਼ਾ ਉਸ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ। ਭਗਵੰਤ ਮਾਨ ਨੇ ਮੈਨੂੰ ਨਿੱਜੀ ਤੌਰ ’ਤੇ ਜਾਣਦੇ ਹੋਏ ਅਤੇ ਮੇਰੇ ਪਿਛੋਕੜ ਨੂੰ ਜਾਣਨ ਦੇ ਬਾਵਜੂਦ ਮੇਰੇ ਨਾਲ ਬਹੁਤ ਵਧੀਕੀਆਂ ਕੀਤੀਆਂ ਹਨ, ਜੋ ਕਿਸੇ ਨਾਲ ਨਹੀਂ ਕਰਨੀਆਂ ਚਾਹੀਦੀਆਂ। ਫਿਰ ਵੀ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਮੁੱਖ ਮੰਤਰੀ ਜਲਦੀ ਠੀਕ ਹੋਣ ਅਤੇ ਦੁਬਾਰਾ ਆ ਕੇ ਆਪਣਾ ਕੰਮ ਸੰਭਾਲਣ।’

Advertisement

ਸੰਦੀਪ ਪਾਠਕ ਨੇ ਮੁੱਖ ਮੰਤਰੀ ਦਾ ਹਾਲ-ਚਾਲ ਪੁੱਛਿਆ

ਉਧਰ, ਅੱਜ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪਹੁੰਚ ਕੇ ਉੱਥੇ ਦਾਖਲ ਮੁੱਖ ਮੰਤਰੀ ਭਗਵੰਤ ਮਾਨ ਦੀ ਖਬਰਸਾਰ ਲਈ ਅਤੇ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਗੱਲ ਕਰ ਕੇ ਮੁੱਖ ਮੰਤਰੀ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਬਾਅਦ ਵਿੱਚ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ।

Advertisement
Author Image

sukhwinder singh

View all posts

Advertisement