For the best experience, open
https://m.punjabitribuneonline.com
on your mobile browser.
Advertisement

ਗਣਤੰਤਰ ਦਿਵਸ ਸਮਾਗਮ ’ਚੋਂ ਅਚਾਨਕ ਚਲੇ ਗਏ ਮੁੱਖ ਮੰਤਰੀ ਭਗਵੰਤ ਮਾਨ

10:33 AM Jan 28, 2024 IST
ਗਣਤੰਤਰ ਦਿਵਸ ਸਮਾਗਮ ’ਚੋਂ ਅਚਾਨਕ ਚਲੇ ਗਏ ਮੁੱਖ ਮੰਤਰੀ ਭਗਵੰਤ ਮਾਨ
ਲੁਧਿਆਣਾ ਵਿੱਚ ਕੌਮੀ ਝੰਡਾ ਲਹਿਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ।
Advertisement

ਗਗਨਦੀਪ ਅਰੋੜਾ
ਲੁਧਿਆਣਾ, 27 ਜਨਵਰੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਗਣਤੰਤਰ ਦਿਵਸ ਸਮਾਗਮ ’ਚ ਸ਼ਾਮਲ ਹੋਣ ਲਈ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਚਾਨਕ ਹੀ ਸੂਬਾ ਪੱਧਰੀ ਸਮਾਗਮ ਵਿੱਚੋਂ ਚਲੇ ਗਏ। ਉਨ੍ਹਾਂ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਭਾਸ਼ਣ ਦਿੱਤਾ ਅਤੇ ਉਸ ਤੋਂ ਬਾਅਦ ਕੁਝ ਪੁਲੀਸ ਅਧਿਕਾਰੀਆਂ ਦਾ ਸਨਮਾਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਸਰਕਾਰੀ ਸਮਾਗਮ ਵਿੱਚੋਂ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਓਐਸਡੀ ਨੂੰ ਫੋਨ ਆਇਆ ਤੇ ਤੁਰੰਤ ਗੱਡੀਆਂ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਤੇ ਕੁਝ ਹੀ ਮਿੰਟਾਂ ’ਚ ਮੁੱਖ ਮੰਤਰੀ ਸਮਾਗਮ ’ਚੋਂ ਚਲੇ ਗਏ। ਇਸ ਬਾਰੇ ਚਰਚਾ ਚਲਦੀ ਰਹੀ ਕਿ ਮੁੱਖ ਮੰਤਰੀ ਅਚਾਨਕ ਸਮਾਗਮ ਵਿਚੋਂ ਕਿਉਂ ਚਲੇ ਗਏ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਜਿਸ ਬਾਰੇ ਕਿਸੇ ਨੇ ਖੁਲਾਸਾ ਨਾ ਕੀਤਾ। ਸ਼ੁੱਕਰਵਾਰ ਨੂੰ ਇਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿ ਆਖਰ ਫੋਨ ਕਿਸ ਦਾ ਸੀ ਤੇ ਉਹ ਇੰਨੀ ਜਲਦੀ ਵਿਚ ਕਿਉਂ ਚਲੇ ਗਏ। ਪੰਜਾਬ ਦੇ ਮੁੱਖ ਮੰਤਰੀ ਪੀਏਯੂ ’ਚ ਸਮਾਗਮ ਦੌਰਾਨ ਸਵੇਰੇ ਪੁੱਜੇ। ਉਨ੍ਹਾਂ ਪੁਲੀਸ ਅਧਿਕਾਰੀਆਂ ਦਾ ਸਨਮਾਨ ਕੀਤਾ ਤਾਂ ਇਸ ਦੌਰਾਨ ਉਨ੍ਹਾਂ ਦੇ ਓ.ਐਸ.ਡੀ. ਨੇ ਉਨ੍ਹਾਂ ਦੇ ਕੰਨ ’ਚ ਕੁਝ ਆਖਿਆ ਤਾਂ ਉਸ ਤੋਂ ਕੁਝ ਹੀ ਮਿੰਟਾਂ ਬਾਅਦ ਮੁੱਖ ਮੰਤਰੀ ਸਮਾਗਮ ਵਿੱਚੋਂ ਚਲੇ ਗਏ। ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਪੈਸ਼ਲ ਚੀਫ਼ ਸੈਕਟਰੀ ਵੀ.ਕੇ ਸਿੰਘ ਨੇ ਮੁਲਾਜ਼ਮਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਤੇ ਸਾਰੇ ਸਮਾਗਮ ਦੌਰਾਨ ਹਾਜ਼ਰ ਰਹੇ। ਉਨ੍ਹਾਂ ਨੇ ਕਈ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ।

Advertisement

ਮੁਹੱਲਾ ਕਲੀਨਿਕ ਅਤੇ ਚਾਂਦ ਸਿਨੇਮਾ ਪੁਲ ਦਾ ਕਰਨਾ ਸੀ ਉਦਘਾਟਨ

ਮੁੱਖ ਮੰਤਰੀ ਭਗਵੰਤ ਮਾਨ ਨੇ ਗਣਤੰਤਰ ਦਿਵਸ ਮੌਕੇ ਲੁਧਿਆਣਾ ’ਚ ਕਈ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਾ ਸੀ। ਗਣਤੰਤਰ ਦਿਵਸ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਕੇਂਦਰੀ ’ਚ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨਾ ਸੀ ਤੇ ਉਸ ਤੋਂ ਬਾਅਦ 10 ਸਾਲਾਂ ਤੋਂ ਬੰਦ ਪਏ ਚਾਂਦ ਸਿਨੇਮਾ ਪੁਲ ਦੇ ਕੰਮ ਦਾ ਉਦਘਾਟਨ ਕਰਨਾ ਸੀ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ, ਪੂਰਾ ਰੂਟ ਲੱਗ ਗਿਆ ਸੀ, ਪਰ ਮੁੱਖ ਮੰਤਰੀ ਲੁਧਿਆਣਾ ਤੋਂ ਚਲੇ ਗਏ ਅਤੇ ਸਾਰੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ।

ਕੇਂਦਰ ਵੱਲੋਂ ਰੱਦ ਕੀਤੀ ਝਾਕੀ ਵਿਧਾਨ ਸਭਾ ਹਲਕਿਆਂ ਵਿੱਚ ਘੁੰਮਾਈ

ਗਣਤੰਤਰ ਦਿਵਸ ਮੌਕੇ ਪੰਜਾਬ ਦੀ ਕੱਢੀ ਗਈ ਝਾਕੀ।

ਦਿੱਲੀ ਦੇ ਗਣਤੰਤਰ ਦਿਵਸ ਸਮਾਗਮ ’ਚੋਂ ਨਾਕਾਰੀ ਗਈ ਪੰਜਾਬ ਦੀ ਝਾਕੀ ਨੂੰ ਲੁਧਿਆਣਾ ਗਣਤੰਤਰ ਦਿਵਸ ਸਮਾਗਮ ਦੀ ਸ਼ਾਨ ਬਣਾ ਕੇ ਪੇਸ਼ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰ ਸਰਕਾਰ ’ਤੇ ਨਿਸ਼ਾਨੇ ਸੇਧੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਹੀ ਐਲਾਨ ਕੀਤਾ ਕਿ ਇਸ ਝਾਕੀ ਨੂੰ ਪੂਰੇ ਪੰਜਾਬ ’ਚ ਘੁੰਮਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਭਾਜਪਾ ਦਾ ਸੱਚ ਦਿਖਾਇਆ ਜਾ ਸਕੇ ਕਿ ਇਸ ਝਾਕੀ ’ਚ ਅਜਿਹਾ ਕੀ ਸੀ, ਜੋ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਨਾਲ ਮਤਰੇਆ ਵਿਹਾਰ ਕੀਤਾ। ਗਣਤੰਤਰ ਦਿਵਸ ਸਮਾਗਮ ਖਤਮ ਹੋਣ ਤੋਂ ਬਾਅਦ ਕੇਂਦਰ ਵੱਲੋਂ ਰੱਦ ਕੀਤੀ ਗਈ ਝਾਕੀ ਵਿਧਾਨ ਸਭਾ ਹਲਕਾ ਪੱਛਮੀ, ਹਲਕਾ ਉਤਰੀ, ਹਲਕਾ ਆਤਮ ਨਗਰ, ਹਲਕਾ ਪੂਰਬੀ, ਹਲਕਾ ਕੇਂਦਰੀ ਵਿੱਚ ਘੁੰਮਾਈ ਗਈ। ਪੰਜਾਬ ਵੱਲੋਂ ਬਣਾਈਆਂ ਗਈਆਂ ਝਾਕੀਆਂ ਦਾ ਹਰ ਹਲਕੇ ਵਿੱਚ ਵਿਧਾਇਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿਧਾਇਕਾਂ ਨੇ ਇਨ੍ਹਾਂ ਝਾਕੀਆਂ ਨੂੰ ਪੂਰੇ ਹਲਕੇ ਦੇ ਮੁੱਖ ਬਾਜ਼ਾਰਾਂ ਵਿੱਚ ਘੁੰਮਾਇਆ।

Advertisement
Author Image

sukhwinder singh

View all posts

Advertisement
Advertisement
×