ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਰੀਦ ਵਿੱਚ ਦੇਰ ਲਈ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ: ਬਿੱਟੂ

09:06 AM Oct 27, 2024 IST
ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਬਿੱਟੂ। -ਫੋਟੋ: ਰਵੀ ਕੁਮਾਰ

ਆਤਿਸ਼ ਗੁਪਤਾ
ਚੰਡੀਗੜ੍ਹ, 26 ਅਕਤੂਬਰ
ਪੰਜਾਬ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਕੇਂਦਰ ਤੇ ਸੂਬਾ ਸਰਕਾਰ ਵਿਚਾਲੇ ਰੇੜਕਾ ਬਰਕਰਾਰ ਹੈ। ਇਸੇ ਦੌਰਾਨ ਦੋਵੇਂ ਸਰਕਾਰਾਂ ਇੱਕ-ਦੂਜੇ ’ਤੇ ਦੂਸ਼ਣਬਾਜ਼ੀ ਕਰ ਰਹੀਆਂ ਹਨ। ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਝੋਨੇ ਦੀ ਖਰੀਦ ਨਾ ਹੋਣ ਲਈ ‘ਆਪ’ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਸੂਬਾ ਸਰਕਾਰ ਦੇ ਗ਼ਲਤ ਫ਼ੈਸਲਿਆਂ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੀ ਸਮੱਸਿਆਵਾਂ ਪੁੱਛਣ ਲਈ ਸੂਬੇ ਦੀ ਇੱਕ ਵੀ ਅਨਾਜ ਮੰਡੀ ਵਿੱਚ ਨਹੀਂ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ ਸਭਾ ਚੋਣਾਂ ਵਿੱਚ ਹਾਰ ਦਾ ਬਦਲਾ ਕਿਸਾਨਾਂ, ਕਮਿਸ਼ਨ ਏਜੰਟਾਂ, ਰਾਈਸ ਮਿੱਲਰਾਂ ਅਤੇ ਟਰਾਂਸਪੋਰਟਰਾਂ ਨੂੰ ਤੰਗ ਕਰ ਕੇ ਲੈ ਰਹੀ ਹੈ।
ਬਿੱਟੂ ਨੇ ਕਿਹਾ ਕਿ ਹਾਲ ਹੀ ਵਿੱਚ ਕੇਂਦਰ ਨਾਲ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਕੋਲ ਝੋਨਾ ਸਟੋਰ ਕਰਨ ਲਈ 3 ਲੱਖ ਟਨ ਤੋਂ ਵੱਧ ਜਗ੍ਹਾ ਖਾਲ੍ਹੀ ਪਈ ਹੈ। ਜੇ ਜਗ੍ਹਾ ਦੀ ਘਾਟ ਨਹੀਂ ਹੈ ਤਾਂ ਪੰਜਾਬ ਦੀਆਂ ਮੰਡੀਆਂ ਝੋਨੇ ਨਾਲ ਕਿਉਂ ਭਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੋ ਮਹੀਨੇ ਪਹਿਲਾਂ ਹੀ ਸੀਜ਼ਨ ਸੁਚਾਰੂ ਢੰਗ ਨਾਲ ਚਲਾਉਣ ਲਈ ਸੂਬੇ ਨੂੰ 44,000 ਕਰੋੜ ਰੁਪਏ ਜਾਰੀ ਕੀਤੇ ਸਨ ਪਰ ਪੰਜਾਬ ਸਰਕਾਰ ਸਹੀ ਢੰਗ ਮਾਲ ਖਰੀਦ ਨਹੀਂ ਰਹੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਝੋਨੇ ਦੀ ਕਿਸਮ ਪੀਆਰ 126 ਦੀਆਂ ਹਾਈਬ੍ਰਿਡ ਕਿਸਮਾਂ ਨੂੰ ਗ਼ਲਤ ਢੰਗ ਨਾਲ ਮਨਜ਼ੂਰੀ ਦਿੱਤੀ ਸੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਵੱਲੋਂ ਵਿਕਸਤ ਕੀਤੀ ਗਈ ਅਸਲ ਪੀਆਰ 126 ਕਿਸਮ ਕਿਸਾਨਾਂ ਲਈ ਚੰਗੀ ਹੈ ਪਰ ਹਾਈਬ੍ਰਿਡ ਪੀਆਰ 126 ਕਿਸਮ ਬਿਮਾਰੀਆਂ ਨਾਲ ਭਰਪੂਰ ਹੈ।
ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਕਦੇ ਵੀ ਝੋਨੇ ਦੀ ਖਰੀਦ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ‘ਆਪ’ ਸਰਕਾਰ ਝੋਨੇ ਦੀ ਖਰੀਦ ਤੇ ਮਿਲਿੰਗ ਕਰਵਾਉਣ ’ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਨਾਜ ਨੂੰ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਰਾਹੀਂ ਵੰਡਣ ਲਈ ਵਚਨਬੱਧ ਹੈ ਤਾਂ ਜੋ ਗ਼ਰੀਬ ਲੋਕਾਂ ਨੂੰ ਭੋਜਨ ਦਿੱਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੇ ਗ਼ਲਤ ਨੀਤੀਗਤ ਫ਼ੈਸਲਿਆਂ ਨੇ ਇਸ ਤਿਉਹਾਰੀ ਸੀਜ਼ਨ ਵਿੱਚ ਸਮਾਜ ਦੇ ਸਾਰੇ ਵਰਗਾਂ ਨੂੰ ਸੜਕਾਂ ’ਤੇ ਲਿਆਂਦਾ ਹੈ। ਇਸ ਤੋਂ ਪਹਿਲਾਂ ਬਿੱਟੂ ਨੇ ਗਿੱਦੜਬਾਹਾ ਤੋਂ ‘ਆਪ’ ਦੇ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਨੂੰ ਵਰਕਰਾਂ ਸਣੇ ਪਾਰਟੀ ਵਿੱਚ ਸ਼ਾਮਲ ਕਰਵਾਇਆ।

Advertisement

ਪੰਜਾਬ ’ਚੋਂ ਅਨਾਜ ਚੁੱਕਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ: ਕੰਗ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ’ਤੇ ਝੂਠ ਬੋਲਣ ਦੇ ਦੋਸ਼ ਲਾਏ ਹਨ। ਕੰਗ ਨੇ ਕਿਹਾ ਕਿ ਪੰਜਾਬ ’ਚੋਂ ਅਨਾਜ ਚੁੱਕਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਕੇਂਦਰ ਸਰਕਾਰ ਫ਼ਸਲ ਚੁੱਕਣ ਵਿੱਚ ਨਾਕਾਮ ਰਹੀ ਹੈ ਅਤੇ ਹੁਣ ਨਕਲੀ ਬੀਜਾਂ ਦਾ ਬਹਾਨਾ ਬਣਾਉਣ ਲੱਗੀ ਹੋਈ ਹੈ। ਜੇ ਬੀਜਾਂ ਵਿੱਚ ਕੋਈ ਸਮੱਸਿਆ ਸੀ ਤਾਂ ਕੇਂਦਰ ਸਰਕਾਰ ਨੇ ਝੋਨੇ ਦੀ ਫ਼ਸਲ ਖਰੀਦਣ ਲਈ ਸੀਸੀਐੱਲ ਲਿਮਿਟ ਜਾਰੀ ਹੀ ਨਹੀਂ ਕਰਨੀ ਸੀ। ਕੰਗ ਨੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵੱਲੋਂ ਸਾਰੇ ਸਬੰਧਤ ਅਦਾਰਿਆਂ ਦੀ ਸਹਿਮਤੀ ਤੋਂ ਬਾਅਦ ਪੀਆਰ-126 ਬਣਾਇਆ ਗਿਆ ਹੈ। ਇਸ ਵਿੱਚ ਰਾਈਸ ਮਿੱਲਰ ਤੇ ਕੇਂਦਰ ਸਰਕਾਰ ਨੇ ਵੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੀਏਯੂ ਕੋਈ ਨਵਾਂ ਬੀਜ ਤਿਆਰ ਕਰਦਾ ਹੈ ਤਾਂ ਇਹ ਸਭ ਦੀ ਸਹਿਮਤੀ ਲੈਣ ਤੋਂ ਬਾਅਦ ਹੀ ਮਾਰਕੀਟ ਵਿੱਚ ਵੇਚਿਆ ਜਾਂਦਾ ਹੈ। ਇਹ ਬੀਜ ਪੰਜਾਬ ਵਿੱਚ 7 ​​ਸਾਲਾਂ ਤੋਂ ਬੀਜਿਆ ਜਾ ਰਿਹਾ ਹੈ। ਅੱਜ ਤੱਕ ਇਸ ਸਬੰਧੀ ਕੋਈ ਸਮੱਸਿਆ ਨਹੀਂ ਆਈ। ਹੁਣ ਜਦੋਂ ਕੇਂਦਰ ਸਰਕਾਰ ਫ਼ਸਲ ਚੁੱਕਣ ਵਿੱਚ ਅਸਫ਼ਲ ਸਾਬਤ ਹੋਈ ਤਾਂ ਉਹ ਆਈਆਈਟੀ ਕਾਨਪੁਰ ਤੋਂ ਬੀਜ ਟੈਸਟ ਕਰਵਾਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਵੱਲੋਂ ਨਕਲੀ ਅਤੇ ਮਹਿੰਗੇ ਬੀਜਾਂ ਬਾਰੇ ਕੀਤੀ ਜਾ ਰਹੀ ਗੱਲ ਪੂਰੀ ਤਰ੍ਹਾਂ ਝੂਠ ਹੈ। ਸੰਸਦ ਮੈਂਬਰ ਨੇ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ।

Advertisement
Advertisement