For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖੜੀ ਮੌਕੇ ਮਹਿਲਾਵਾਂ ਨੂੰ ਤੋਹਫ਼ਾ

06:55 AM Aug 18, 2024 IST
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖੜੀ ਮੌਕੇ ਮਹਿਲਾਵਾਂ ਨੂੰ ਤੋਹਫ਼ਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰੱਖੜੀ ਬੰਨ੍ਹਦੀ ਹੋਈ ਨਵਦੀਪ ਕੌਰ।
Advertisement

ਪਰਸ਼ੋਤਮ ਬੱਲੀ/ਰਵਿੰਦਰ ਰਵੀ
ਬਰਨਾਲਾ, 17 ਅਗਸਤ
ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਡੀ ਸੌਗਾਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਂਗਣਵਾੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਭਰਨ ਦੇ ਨਾਲ-ਨਾਲ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਰੱਖੜੀ ਦੇ ਤਿਉਹਾਰ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਆਪਣੇ ਸੰਬੋਧਨ ’ਚ ਮੁੱਖ ਮੰਤਰੀ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਦੀ ਭਰਤੀ ਨਾਲ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ ਜੋ ਮਹਿਲਾਵਾਂ ਦੇ ਵਧ ਅਧਿਕਾਰਾਂ ਲਈ ਬੇਹੱਦ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਆਸ਼ਾ ਵਰਕਰਾਂ ਦੀਆਂ ਜਾਇਜ਼ ਮੰਗਾਂ ਉਤੇ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾ ਸ਼ਕਤੀਕਰਨ ਦੇ ਮਨੋਰਥ ਨਾਲ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਛੇ ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲੀਸ ਕਪਤਾਨ ਅਤੇ ਅੱਠ ਜ਼ਿਲ੍ਹਿਆਂ ਵਿੱਚ ਮਹਿਲਾ ਡਿਪਟੀ ਕਮਿਸ਼ਨਰ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਗ ਬੁਝਾਊ ਸਟਾਫ਼ ਵਿੱਚ ਮਹਿਲਾਵਾਂ ਦੀ ਭਰਤੀ ਲਈ ਫਿਜ਼ੀਕਲ ਟੈਸਟ ਦੇ ਮੌਜੂਦਾ ਮਾਪਦੰਡ ਬਦਲਣ ਲਈ ਨਿਯਮਾਂ ਵਿੱਚ ਲੋੜੀਂਦੀਆਂ ਸੋਧਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਅੱਗ ਬੁਝਾਊ ਸਟਾਫ਼ ਵਿੱਚ ਲੜਕੀਆਂ ਦੀ ਭਰਤੀ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਸਮਰਪਿਤ ਸੜਕ ਸੁਰੱਖਿਆ ਫੋਰਸ ਕਾਇਮ ਕੀਤੀ ਹੈ ਤਾਂ ਜੋ ਸੂਬਾਈ ਤੇ ਕੌਮੀ ਸ਼ਾਹਰਾਹਾਂ ਉਤੇ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਹ ਫੋਰਸ ਪਿਛਲੇ ਸਾਲ ਦੇ ਮੁਕਾਬਲੇ ਸੜਕ ਹਾਦਸਿਆਂ ਵਿੱਚ ਲਗਪਗ 1300 ਕੀਮਤੀ ਜਾਨਾਂ ਬਚਾਅ ਚੁੱਕੀ ਹੈ। ਇਸ ਤੋਂ ਇਲਾਵਾ ਹਾਦਸਿਆਂ ਵਿੱਚ ਫੱਟੜ ਹੋਣ ਵਾਲਿਆਂ ਦੇ 90 ਲੱਖ ਦੀ ਕੀਮਤ ਦੇ ਰੂਪ ਵਿੱਚ ਨਕਦੀ ਅਤੇ ਵਸਤਾਂ ਨੂੰ ਸੁਰੱਖਿਅਤ ਵਾਪਸ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਇੱਥੇ ਹੀ ਰਹਿ ਕੇ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ। ਭਗਵੰਤ ਮਾਨ ਨੇ ਕਿਹਾ, “ਮੇਰੇ ਮਨ ਨੂੰ ਤਸੱਲੀ ਹੈ ਕਿ ਇਸ ਵਾਰ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਦਾਖ਼ਲੇ ਲੈਣ ਲਈ ਨੌਜਵਾਨਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਇਸ ਨਾਲ ਸਾਡੀਆਂ ਲੋਕ ਭਲਾਈ ਨੀਤੀਆਂ ਦੀ ਝਲਕ ਦਾ ਪ੍ਰਗਟਾਵਾ ਹੁੰਦਾ ਹੈ ਜਿਸ ਕਰਕੇ ਨੌਜਵਾਨਾਂ ਵਿੱਚ ਵਤਨ ਵਾਪਸੀ ਦੀ ਸ਼ੁਰੂਆਤ ਦੇਖੀ ਜਾ ਸਕਦੀ ਹੈ।” ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਪਿਛਲੇ ਹੁਕਮਰਾਨਾਂ ਨੂੰ ਬਹਾਦਰ ਲੋਕਾਂ ਨੇ ਸੱਤਾ ਤੋਂ ਲਾਂਭੇ ਕਰ ਦਿੱਤਾ ਹੈ, ਜੋ ਹੁਣ ਸਿਆਸੀ ਗੁੰਮਨਾਮੀ ਵਿੱਚ ਚਲੇ ਗਏ ਹਨ ਅਤੇ ਸਿਆਸੀ ਬਿਖਰਾਅ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ 44,700 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਮੁਕਤ ਤੇ ਨਿਰੋਲ ਮੈਰਿਟ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਵਾਸਤੇ ਅੱਠ ਹਾਈ-ਟੈੱਕ ਕੋਚਿੰਗ ਸੈਂਟਰ ਖੋਲ੍ਹਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਨ ਦੀ ਸਿਖਲਾਈ ਪ੍ਰਦਾਨ ਕਰਨਗੇ। ਰੱਖੜੀ ਦੇ ਪਵਿੱਤਰ ਤਿਉਹਾਰ ਦੀ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਭੈਣ-ਭਰਾ ਦੀ ਗੂੜ੍ਹੀ ਮੁਹੱਬਤ, ਆਪਸੀ ਸਾਂਝ ਅਤੇ ਭੈਣਾਂ ਦੀ ਰਾਖੀ ਕਰਨ ਦੇ ਵਚਨ ਦਾ ਪਵਿੱਤਰ ਤਿਉਹਾਰ ਹੈ।

Advertisement

ਨਵ-ਨਿਯੁਕਤ ਸੁਪਰਵਾਈਜ਼ਰ ਨੇ ਭਗਵੰਤ ਮਾਨ ਨੂੰ ਬੰਨ੍ਹੀ ਰੱਖੜੀ

ਸਮਾਗਮ ਦੌਰਾਨ ਨਵ-ਨਿਯੁਕਤ ਸੁਪਰਵਾਈਜ਼ਰ ਨਵਦੀਪ ਕੌਰ ਨੇ ਸਰਕਾਰੀ ਨੌਕਰੀ ਦੇਣ ਮੌਕੇ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਲਈ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਨੌਕਰੀ ਨਾਲ ਉਸ ਦਾ ਅਤੇ ਮਾਪਿਆਂ ਦਾ ਸੁਪਨਾ ਸਾਕਾਰ ਹੋਇਆ ਹੈ। ਉਸ ਨੇ ਧੰਨਵਾਦ ਵਜੋਂ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਰੱਖੜੀ ਵੀ ਬੰਨ੍ਹੀ। ਉਸ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੌਰਾਨ ਹੀ ਭਰਾ ਨੂੰ ਵੀ ਸਰਕਾਰੀ ਨੌਕਰੀ ਮਿਲੀ ਹੈ। ਇਸ ਮੌਕੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ, ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement