ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡਿਪਟੀ ਕਮਿਸ਼ਨਰਾਂ ਦੀ ਝਾੜ-ਝੰਬ

09:26 AM Jun 18, 2024 IST
ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਚਰਨਜੀਤ ਭੁੱਲਰ
ਚੰਡੀਗੜ੍ਹ, 17 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਵਿੱਚ ‘ਆਪ’ ਸਰਕਾਰ ਖ਼ਿਲਾਫ਼ ਲੋਕਾਂ ਦੀ ਨਾਰਾਜ਼ਗੀ ਨੂੰ ਦੇਖਦਿਆਂ ਅੱਜ ਡਿਪਟੀ ਕਮਿਸ਼ਨਰਾਂ ਦੀ ਝਾੜ-ਝੰਬ ਕੀਤੀ। ਮੁੱਖ ਮੰਤਰੀ ਵੱਲੋਂ ਪਿਛਲੇ ਦਿਨਾਂ ਵਿੱਚ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਜੋ ਵਿਚਾਰ ਚਿੰਤਨ ਕੀਤਾ ਗਿਆ, ਉਸ ਵਿੱਚ ਮਿਲੀ ਫੀਡਬੈਕ ਅਤੇ ਫ਼ੀਲਡ ਵਿੱਚੋਂ ਆਈਆਂ ਰਿਪੋਰਟਾਂ ਮਗਰੋਂ ਡੀਸੀਜ਼ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ‘ਕੰਮ ਕਰਨ ਜਾਂ ਕੁਰਸੀ ਛੱਡਣ’।
ਮੁੱਖ ਮੰਤਰੀ ਨੇ ਅੱਜ ਇੱਥੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਹੇਠਲੇ ਪੱਧਰ ’ਤੇ ਅਜੇ ਭ੍ਰਿਸ਼ਟਾਚਾਰ ਰੁਕਿਆ ਨਹੀਂ ਹੈ ਅਤੇ ਲੋਕਾਂ ਦਾ ਸਰਕਾਰੀ ਦਫ਼ਤਰਾਂ ਵਿਚ ਖੱਜਲ ਹੋਣਾ ਵੀ ਘਟਿਆ ਨਹੀਂ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜੇ ਕਿਸੇ ਜ਼ਿਲ੍ਹੇ ਵਿੱਚ ਹੇਠਲੇ ਪੱਧਰ ਅਤੇ ਖ਼ਾਸ ਕਰਕੇ ਤਹਿਸੀਲਾਂ ਵਿੱਚ ਕੁਰੱਪਸ਼ਨ ਦੇ ਕੇਸ ਸਾਹਮਣੇ ਆਏ ਤਾਂ ਇਸ ਲਈ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਜ਼ਿੰਮੇਵਾਰ ਹੋਵੇਗਾ। ਆਮ ਲੋਕਾਂ ਦੀ ਹਰ ਤਰ੍ਹਾਂ ਦੀ ਅਸੁਵਿਧਾ ਲਈ ਡਿਪਟੀ ਕਮਿਸ਼ਨਰ ਜੁਆਬਦੇਹ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਅਫ਼ਸਰਸ਼ਾਹੀ ਤੋਂ ਵਿਧਾਇਕ ਨਾਰਾਜ਼ ਹਨ ਅਤੇ ਲੋਕ ਵੀ ਔਖੇ ਹਨ ਜਿਸ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਲੋਕ ਸੇਵਕ ਬਣ ਕੇ ਕੰਮ ਕਰਨਾ ਪਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ’ਚ ਲੋਕਾਂ ਦੇ ਰੌਂਅ ਨੇ ਸਰਕਾਰ ਨੂੰ ਦਫ਼ਤਰਾਂ ਵਿੱਚ ਸਭ ਅੱਛਾ ਨਾ ਹੋਣ ਦਾ ਚੇਤਾ ਕਰਾਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਹੋਣ ਅਤੇ ਉੱਪਰੋਂ ਕਿਸੇ ਫ਼ੋਨ ਦੀ ਅਧਿਕਾਰੀ ਉਡੀਕ ਨਾ ਕਰਨ। ਮੁੱਖ ਮੰਤਰੀ ਨੇ ਵਿਧਾਇਕਾਂ ਦੀ ਗੱਲ ਸੁਣਨ ਦੀ ਤਾਕੀਦ ਵੀ ਡਿਪਟੀ ਕਮਿਸ਼ਨਰਾਂ ਨੂੰ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਮੁੱਖ ਮੰਤਰੀ ਸਹਾਇਤਾ ਕੇਂਦਰ ਬਣਾਏ ਜਾਣਗੇ ਜਿੱਥੇ ਲੋਕ ਪਹੁੰਚ ਕਰ ਸਕਣਗੇ।
ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਹਫ਼ਤੇ ਵਿੱਚ ਦੋ ਦਿਨ ਪਿੰਡਾਂ ਵਿੱਚ ਤਿੰਨ ਤਿੰਨ ਘੰਟੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਤਾਂ ਜੋ ਲੋਕਾਂ ਦੇ ਮਸਲੇ ਪਿੰਡਾਂ ਵਿੱਚ ਹੀ ਹੱਲ ਹੋ ਸਕਣ। ਇਸ ਸਬੰਧੀ ਪਹਿਲਾਂ ਪਿੰਡਾਂ ਦੇ ਗੁਰੂ ਘਰਾਂ ਵਿੱਚੋਂ ਮੁਨਿਆਦੀ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਡੀਸੀ ਦਫ਼ਤਰਾਂ ਅੱਗੇ ਲੋਕ ਘੰਟਿਆਂਬੱਧੀ ਬੈਠੇ ਰਹਿੰਦੇ ਹਨ ਹੁਣ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਡੈਸ਼ ਬੋਰਡ’ ਬਣੇਗਾ ਤਾਂ ਜੋ ਦਫ਼ਤਰਾਂ ਵਿਚ ਪੈਂਡਿੰਗ ਅਤੇ ਨਿਪਟਾਰਾ ਹੋਈਆਂ ਦਰਖਾਸਤਾਂ ’ਤੇ ਨੇੜਿਓਂ ਨਜ਼ਰ ਰੱਖੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਜੇ ਡਿਪਟੀ ਕਮਿਸ਼ਨਰ ਆਪਣੀ ਡਿਊਟੀ ਨਹੀਂ ਨਿਭਾ ਸਕਦੇ ਤਾਂ ਉਹ ਹੋਰ ਅਧਿਕਾਰੀਆਂ ਨੂੰ ਮੌਕਾ ਦੇ ਦੇਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਆਟਾ ਦਾਲ ਸਕੀਮ ਤਹਿਤ ਸਾਲ ਵਿੱਚ ਤਿੰਨ ਵਾਰ ਚਾਰ ਚਾਰ ਮਹੀਨਿਆਂ ਦਾ ਇਕੱਠਾ ਰਾਸ਼ਨ ਦਿੱਤਾ ਜਾਇਆ ਕਰੇਗਾ। ਮੁੱਖ ਮੰਤਰੀ ਨੇ ਹੜ੍ਹਾਂ ਦੀ ਰੋਕਥਾਮ ਲਈ ਤਿਆਰੀਆਂ ਦਾ ਜਾਇਜ਼ਾ ਵੀ ਲਿਆ। ਅੱਜ ਮੁੱਖ ਮੰਤਰੀ ਅਧਿਕਾਰੀਆਂ ’ਤੇ ਕਾਫ਼ੀ ਖ਼ਫ਼ਾ ਨਜ਼ਰ ਆਏ ਅਤੇ ਉਨ੍ਹਾਂ ਅਸਿੱਧੇ ਤੌਰ ’ਤੇ ਇਸ਼ਾਰਾ ਕੀਤਾ ਕਿ ਚੋਣਾਂ ਵਿੱਚ ਹੋਈ ਹਾਰ ਪਿੱਛੇ ਅਧਿਕਾਰੀਆਂ ਵੱਲੋਂ ਲੋਕਾਂ ਦੀ ਦਫ਼ਤਰਾਂ ਵਿੱਚ ਕੀਤੀ ਅਣਦੇਖੀ ਵੀ ਜ਼ਿੰਮੇਵਾਰ ਰਹੀ ਹੈ।

Advertisement

ਬਿਜਲੀ ਦੀ ਕੋਈ ਕਮੀ ਨਹੀਂ ਹੈ: ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਵਾਧੂ ਬਿਜਲੀ ਹੈ ਅਤੇ ਝੋਨੇ ਦੇ ਸੀਜ਼ਨ ਦੇ ਬਾਵਜੂਦ ਕਿਸੇ ਵੀ ਸੈਕਟਰ ਵਿੱਚ ਬਿਜਲੀ ਕੱਟ ਨਹੀਂ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਹੜ੍ਹ ਰੋਕਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭਲਕੇ ਘੱਗਰ ਨਦੀ ਦੀ ਮਾਰ ਹੇਠ ਆਉਂਦੇ ਪਿੰਡਾਂ ਦਾ ਦੌਰਾ ਕਰਨਗੇ।

Advertisement
Advertisement
Advertisement