ਮੁੱਖ ਮੰਤਰੀ ਆਤਿਸ਼ੀ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ
ਨਵੀਂ ਦਿੱਲੀ, 14 ਜਨਵਰੀ
ਇੱਥੇ ਅੱਜ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਆਤਿਸ਼ੀ ਨੇ ਕਾਲਕਾ ਜੀ ਵਿਧਾਨ ਸਭਾ ਹਲਕੇ ਤੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉਨ੍ਹਾਂ ਲਾਜਪਤ ਨਗਰ ਵਿੱਚ ਜ਼ਿਲ੍ਹਾ ਅਧਿਕਾਰੀ (ਡੀਐੱਮ) ਦੇ ਦਫ਼ਤਰ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਹੀਸਨ। ਉਹ ਕਾਗਜ਼ ਦਾਖ਼ਲ ਕਰਨ ਮਗਰੋਂ ਆਪਣੇ ਹਲਕੇ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਚਲੇ ਗਏ। ਜ਼ਿਕਰਯੋਗ ਹੈ ਕਿ ਆਤਿਸ਼ੀ ਨੇ ਸੋਮਵਾਰ ਨੂੰ ਰੋਡ ਸ਼ੋਅ ਮਗਰੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨੇ ਸਨ ਪਰ ਰੋਡ ਸ਼ੋਅ ਵਿੱਚ ਦੇਰੀ ਹੋਣ ਕਾਰਨ ਉਹ ਆਪਣੇ ਕਾਗਜ਼ ਦਾਖ਼ਲ ਨਾ ਕਰ ਸਕੀ। ਰੋਡ ਸ਼ੋਅ ਦੌਰਾਨ ਉਹ ਤਿੰਨ ਵਜੇ ਤੋਂ ਪਹਿਲਾਂ ਡੀਐੱਮ ਦਫ਼ਤਰ ਨਾ ਪਹੁੰਚ ਸਕੀ। ਕਾਗਜ਼ ਦਾਖ਼ਲ ਕਰਨ ਦਾ ਸਮਾਂ ਤਿੰਨ ਵਜੇ ਤੱਕ ਹੈ। ਇਸ ਕਾਰਨ ਉਹ ਬੀਤੇ ਦਿਨ ਨਾਮਜ਼ਦਗੀ ਪੱਤਰ ਦਾਖ਼ਲ ਨਾ ਕਰ ਸਕੀ। ਮੁੱਖ ਮੰਤਰੀ ਆਤਿਸ਼ੀ ਦਾ ਮੁਕਾਬਲਾ ਇਸ ਵਾਰ ਭਾਜਪਾ ਦੇ ਰਾਮੇਸ਼ ਸਿੰਘ ਬਿਧੂੜੀ ਅਤੇ ਕਾਂਗਰਸ ਦੀ ਅਲਕਾ ਲਾਂਬਾ ਨਾਲ ਹੈ। ਸਾਬਕਾ ਲੋਕ ਸਭਾ ਮੈਂਬਰ ਬਿਧੂੜੀ ਨੇ 2003, 2008 ਅਤੇ 2013 ਵਿੱਚ ਤੁਗਲਕਾਬਾਦ ਵਿਧਾਨ ਸਭਾ ਤੋਂ ਜਿੱਤ ਪ੍ਰਾਪਤ ਕੀਤੀ ਸੀ। ਉਧਰ, ਲਾਂਬਾ ਕਰੀਬ ਪੰਜ ਸਾਲ ਤੱਕ ਆਮ ਆਦਮੀ ਪਾਰਟੀ ਵਿੱਚ ਰਹੀ ਅਤੇ 2019 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਈ। ਕਾਲਕਾ ਜੀ ਵਿਧਾਨ ਸਭਾ ਹਲਕੇ ਵਿੱਚ ਕੁੱਲ 1,94,515 ਵੋਟਰ ਹਨ। ਇਨ੍ਹਾਂ ਵਿੱਚ 1,06,893 ਪੁਰਸ਼ ਅਤੇ 87,617 ਮਹਿਲਾ ਅਤੇ ਪੰਜ ਟਰਾਂਸਜੈਂਡਰ ਵੋਟਰ ਹਨ। ਅੱਜ ਜਦੋਂ ਮੁੱਖ ਮੰਤਰੀ ਆਤਿਸ਼ੀ ਕਾਗਜ਼ ਦਾਖ਼ਲ ਕਰਨ ਪਹੁੰਚੇ ਤਾਂ ਦਫ਼ਤਰ ਵਿੱਚ ਬਹੁਤਾ ਇਕੱਠ ਨਹੀਂ ਸੀ। -ਪੀਟੀਆਈ