ਛੋਲੀਆ ਖਾਣ ਦੇ ਦਿਨ
ਨਿੰਦਰ ਘੁਗਿਆਣਵੀ
ਚੁਬਾਰੇ ਅੰਦਰ ਬੈਠਾ ਹਾਂ। ਦੂਰ ਕਿਸੇ ਗਲੀ ਵਿੱਚੋਂ ਗੁਫੀਏ ਬੌਰੀਏ ਆਵਾਜ਼ ਆ ਰਹੀ ਹੈ, “ਛੋਲੀਆ ਲੈ ਲੋ ਛੋਲੀਆ... ਹਰਿਆ ਹਰਿਆ... ਲਵਾ ਲਵਾ ਛੋਲੀਆ ਲੈ ਲੋ... ਭਾਈ ਉਏ...।” ਇੰਨੀ ਲੰਮੀ ‘ਲੈ ਲੋਅਅਅ... ਭਾਈ ਉਏ’ ਉਚਾਰਦਿਆਂ ਉਹ ਪੂਰੀ ਲੈਅ ਵਿੱਚ ਜਾਪਦਾ ਹੈ, ਕਿਸੇ ਬੁੱਢੀ ਸਾਰੰਗੀ ਵਿੱਚੋਂ ਨਿੱਲਕਦੇ ਸੁਰ ਵਰਗੀ ਹੈ ਉਹਦੀ ਆਵਾਜ਼। ਗੁਫੀਏ ਦੀ ਆਵਾਜ਼ ਸੁਣ ਗਲੀ ਵਿਚ ਝਾਕਿਆ ਹਾਂ। ਸੁੰਨ-ਮਸੁੰਨੀ ਗਲੀ। ਹਨੇਰੀ ਵਰਗੀ ਹਵਾ ਕੱਖ ਉਡਾ ਰਹੀ ਹੈ। ਘਰਾਂ ਦੇ ਬੂਹੇ ਭਿੜੇ ਹੋਏ ਨੇ। ਗੁਫੀਏ ਦੀ ਆਵਾਜ਼ ਲਗਾਤਾਰ ਗੂੰਜ ਰਹੀ ਹੈ, “ਹਰਿਆ ਹਰਿਆ ਲਵਾ ਲਵਾ ਛੋਲੀਆ ਲੈ ਲੋਅਅਅ ਭਾਈ ਉਏ...।”
ਦੁਪਹਿਰ ਹੈ। ਸਾਦਿਕ ਮੰਡੀ ਆਪਣੇ ਇਲਾਕੇ ਵਿਚ ਉਤਰਿਆਂ ਰੋਡਵੇਜ਼ ਦੀ ਬੱਸ ਵਿੱਚੋਂ। ਧੁੱਪ ਖੂਬ ਖਿੜੀ ਹੈ। ਕਣਕਾਂ ਦੇ ਸਿੱਟੇ ਸੁਨਹਿਰੀ ਰੰਗ ਵਿਚ ਰੰਗੇ ਗਏ ਨੇ। ਸਬਜ਼ੀ ਵੇਚਣ ਵਾਲਿਆਂ ਦੀਆਂ ਫੜ੍ਹੀਆਂ ਤੇ ਰੇਹੜੀਆਂ ’ਤੇ ਰੌਣਕ ਹੈ। ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਖੂਬ ਚਹਿਲ-ਪਹਿਲ ਹੈ। ਨਿੱਕੀਆਂ-ਨਿੱਕੀਆਂ ਰੇਹੜੀਆਂ ’ਤੇ ਲਵੇ-ਲਵੇ ਕੱਦੂ ਵਿਕਣੇ ਆ ਗਏ ਨੇ, ਅਗੇਤੇ ਹੀ। ਪਿਛਲੀ ਵਾਰ ਚੰਡੀਗੜ੍ਹ ਜਾਂਦਾ ਘਰੇ ਕੱਦੂ, ਘੀਆ ਤੋਰੀ, ਚੌਲੇ, ਕਰੇਲੇ, ਭਿੰਡੀਆਂ ਤੇ ਹੋਰ ਨਿੱਕ-ਸੁਕ ਦੇ ਬੀਜ ਬੀਜ ਕੇ ਗਿਆ ਸਾਂ। ਘਰ ਜਾ ਕੇ ਦੇਖਾਂਗਾ, ਹੁਣ ਤੱਕ ਤਾਂ ਬੀਜ ਜ਼ਰੂਰ ਫੁੱਟ ਪਏ ਹੋਣੇ! ਮਗਰੋਂ ਹਲਕਾ ਜਿਹਾ ਮੀਂਹ ਵੀ ਪੈ ਹਟਿਆ ਹੈ, ਬੀਜਾਂ ਦੇ ਫੁੱਟਣ ਬਾਰੇ ਸੋਚ ਕੇ ਮਨ ਨੂੰ ਹੁਲਾਰਾ ਆਇਆ ਲੱਗਿਆ। ਦੇਖ ਰਿਹਾਂ, ਸਾਡੇ ਪਿੰਡ ਦੇ ਮਿਹਨਤਕਸ਼ ਬੌਰੀਏ ਧਰਤੀ ਉਤੇ ਬੋਰੀਆਂ ਵਿਛਾਈ ਹਰਾ-ਕਚੂਰ ਛੋਲੀਆ ਰੱਖੀ ਬੈਠੇ ਨੇ, ਹਾਕਾਂ ਮਾਰ ਰਹੇ, “ਆਜੋ ਬਈ ਲੈ ਜੋ... ਵੀਹਾਂ ਦਾ ਕਿੱਲੋ... ਤਾਜ਼ਾ ਤੇ ਕਰਾਰਾ ਛੋਲੀਆ... ਆਜੋ ਬਈ ਆਜੋ, ਫੇਰ ਨਾ ਆਖਿਓ ਮੁੱਕ ਗਿਆ... ਰੁੱਤ ਛੋਲੀਆ ਖਾਣ ਦੀ ਆਈ...।” ਗਾਹਕਾਂ ਵੱਲ ਬੌਰੀਆਂ ਦੀਆਂ ਵੱਜ ਰਹੀਆਂ ਹਾਕਾਂ ਵਿਚੋਂ ਸਾਹਿਤਕਤਾ ਲੱਭਣ ਲਗਦਾ ਹਾਂ ਖੜ੍ਹਾ-ਖਲੋਤਾ। ਪਥਰੀਲੇ ਸ਼ਹਿਰ ਵਿਚੋਂ ਪਿੰਡ ਨੂੰ ਆਇਆ ਹਾਂ, ਖਵਰੈ ਮਨ ਤਦੇ ਹੀ ਹਲਕਾ-ਫੁਲਕਾ ਜਿਹਾ ਹੋ ਗਿਆ ਜਾਪਦੈ! ਹਫ਼ਤੇ ਮਗਰੋਂ ਆਇਆ ਹੋਵਾਂ ਤੇ ਘਰ ਛੋਲੀਆ ਲਿਜਾਣ ਨੂੰ ਦਿਲ ਨਾ ਕਰੇ! 16 ਸੈਕਟਰ ਵਿਚ ਤਾਂ ਛੋਲੀਏ ਦਾ ਸੁਫ਼ਨਾ ਵੀ ਨਹੀਂ ਆਉਂਦਾ, ਲੱਭਣਾ ਕਿੱਥੋਂ! ਨਾ ਲੱਭੇ ਨਹੀਂ ਲਭਦਾ ਤਾਂ... ਬਰਗਰ, ਨੂਡਲਜ, ਬ੍ਰੈੱਡ, ਬੜੇ ਤੇ ਪੀਜ਼ੇ ਖਾਣ ਵਾਲੇ ਕੀ ਜਾਨਣ ਇਹਦੀ ਪਤਲੀ ਤਰੀ ਦਾ ਸੁਆਦ! ਦੋ ਕਿੱਲੋ ਤੁਲਵਾਇਆ ਤੇ ਚੱਲ ਪਿਆਂ ਪਿੰਡ ਨੂੰ!
ਤਾਇਆ ਰਾਮ ਚੇਤੇ ਆ ਰਿਹੈ, ਉਹਦਾ ਖੂਹ ਵਾਲੇ ਖੇਤੋਂ ਆਥਣੇ ਛੋਲੀਆ ਪੁੱਟ ਕੇ ਲਿਆਉਣਾ ਅਤੇ ਦਾਦੀ ਤੇ ਭੂਆ ਨੂੰ ਕੱਢਣ ਲਈ ਕਹਿਣਾ, ਬਾਲਪਨ ਵਿਚ ਬੜਾ ਚੰਗਾ-ਚੰਗਾ ਲਗਦਾ ਸੀ। ਤਦੇ ਹੀ ਹੁਣ ਤੱਕ ਨਹੀਂ ਭੁੱਲਿਆ। ਦਾਦੀ ਤੇ ਭੂਆ ਛੰਨੇ ਵਿਚ ਛੋਲੀਆ ਕੱਢਦੀਆਂ। ਮੈਂ ਕੱਢੇ ਦਾਣਿਆਂ ਦੇ ਫੱਕੇ ਮਾਰਦਾ, ਨਾਲ ਭੂਆ ਤੋਂ ਝਿੜਕਾਂ ਖਾਂਦਾ। ਪੱਕੀਆਂ ਡੋਡੀਆਂ ਦੀਆਂ ਹੋਲਾਂ ਭੁੰਨੀਆਂ ਜਾਂਦੀਆਂ ਤੇ ਹਰੇ ਦਾਣਿਆਂ ਨੂੰ ਮਸਾਲਾ ਭੁੰਨ ਕੇ ਰਿੰਨ੍ਹਿਆ ਜਾਂਦਾ। ਖੇਤੋਂ ਛੋਲੀਆ ਲਿਆਉਣ ਵਾਲਾ ਤਾਇਆ ਹੁਣ ਭਾਵੇਂ ਨਹੀਂ ਹੈ, ਤੇ ਨਾ ਹੀ ਦਾਦੀ ਤੇ ਭੂਆ ਹੀ ਰਹੀਆਂ ਪਰ ਚੌਂਕੇ ਵਿਚ ਭੁੱਜ ਰਹੇ ਮਸਾਲੇ ਦੀ ਮਹਿਕ ਅਜੇ ਤੱਕ ਨਹੀਂ ਮਰੀ।
ਖੂਹ ਵਾਲੇ ਖੇਤ ਵਾਲਾ ਟਿੱਬਾ ਬਥੇਰਾ ਕੁਝ ਦਿੰਦਾ ਰਿਹਾ ਸਾਡੇ ਟੱਬਰ ਨੂੰ। ਛੋਲੀਏ ਤੋਂ ਬਿਨਾਂ ਤੋਰੀਆ ਤੇ ਤਾਰਾ-ਮੀਰਾ ਵੀ ਬਥੇਰਾ ਹੁੰਦਾ। ਉਨ੍ਹੀਂ ਦਿਨੀਂ ਉਥੇ ਸਰੋਂ ਦੀ ਵੀ ਕੋਈ ਤੋਟ ਨਾ ਰਹਿੰਦੀ ਤੇ ਸਰੋਂ ਵੇਚਣ ਬਾਅਦ ਵਧੀ ਸਰੋਂ ਦਾ ਤੇਲ ਘਰ ਲਈ ਕਢਾ ਕੇ ਲਿਆਉਂਦੇ ਕੋਹਲੂ ਤੋਂ। ਸਿਵਿਆਂ ਦੇ ਖੱਬੇ ਹੱਥ ਟਿੱਬੇ ’ਤੇ ਖਲੋਤੀ ਵੱਡੀ ਟਾਹਲੀ ਜਦ ਬਹੁਤੀ ਫੈਲ ਜਾਂਦੀ ਤਾਂ ਜਿਵੇਂ ਆਪਣੇ ਆਪ ਹੀ ਬੋਲ ਕੇ ਆਖਦੀ ਹੋਵੇ, “ਛਾਂਗ ਲਵੋ ਹੁਣ, ਬਥੇਰੀ ਵਧ-ਫੁੱਲ ਗਈ ਆਂ, ਘਰੇ ਬਾਲਣ ਵੀ ਮੁੱਕ ਗਿਆ ਹੋਣਾ।” ਬੇਰੀਆਂ ਨੂੰ ਬੂਰ ਪੈਣਾ ਤਾਂ ਤਾਏ ਨੇ ਪਿਤਾ ਨੂੰ ਕਹਿਣਾ, “ਬਈ ਬਿੱਲੂ, ਐਤਕੀਂ ਬੇਰ ਬਹੁਤ ਲੱਥੂ।” ਬੇਰੀਆਂ ਬੇਰ ਦਿੰਦੀਆਂ ਨਾ ਥੱਕਦੀਆਂ, ਨਾ ਤੋੜਨ ਤੇ ਚੁਗਣ ਵਾਲੇ ਤੇ ਨਾ ਹੀ ਖਾਣ ਵਾਲੇ ਥੱਕਦੇ। ਕੌੜ-ਤੁੰਮਿਆਂ ਦੀਆਂ ਵੇਲਾਂ ਆਪ-ਮੁਹਾਰੀਆਂ ਵਧੀ ਜਾਂਦੀਆਂ। ਇਨ੍ਹਾਂ ਵਿਚ ਅਜਵੈਣ ਤੇ ਹੋਰ ਕਈ ਕੁਝ ਪਾ ਕੇ ਘਰ ਵਾਸਤੇ ਚੂਰਨ ਵੱਖਰਾ ਬਣਾ ਲੈਂਦੇ ਤੇ ਪਸ਼ੂਆਂ ਨੂੰ ਚਾਰਨ ਵਾਸਤੇ ਵੱਖਰਾ। ਚਿੱਬੜਾਂ ਦਾ ਤਾਂ ਅੰਤ ਹੀ ਕੋਈ ਨਹੀਂ ਸੀ। ਚਿੱਬੜਾਂ ਦੀ ਚਟਣੀ ਬਿਨਾਂ ਨਾਗਾ ਕੁੱਟੀ ਜਾਂਦੀ। ਅਚਾਰ ਵੀ ਪਾਉਂਦੇ ਤੇ ਚੀਰ ਕੇ ਸੁਕਾ ਵੀ ਲੈਂਦੇ। ਤਦੇ ਹੀ ਤਾਂ ਕਿਹਾ ਕਿ ਇਸ ਟਿੱਬੇ ਨੇ ਬਥੇਰਾ ਕੁਝ ਦਿੱਤਾ ਸਾਡੇ ਟੱਬਰ ਨੂੰ! ਜਦ ਟਿੱਬਾ ਥੋੜ੍ਹਾ ਕੁ ਪੱਧਰਾ ਕੀਤਾ ਤਾਂ ਇੱਕ ਸਾਲ ਵਾਸਤੇ ਕਰਤਾਰੇ ਬੌਰੀਏ ਨੂੰ ਹਿੱਸੇ ’ਤੇ ਦੇ ਦਿੱਤਾ। ਉਹਨੇ ਮਤੀਰੇ, ਖੱਖੜੀਆਂ ਤੇ ਖਰਬੂਜੇ ਖੂਬ ਲਾਏ। ਉਥੇ ਹੀ ਝੁੱਗੀ ਪਾ ਲਈ ਤੇ ਉੱਥੇ ਰਹਿੰਦਾ ਰਿਹਾ ਕਰਤਾਰਾ।
ਸਕੂਟਰੀ ਵਿਹੜੇ ਲਿਆ ਵਾੜੀ ਹੈ। ਗੁਰਦੁਆਰੇ ਬਾਬਾ ਰਹਿਰਾਸ ਕਰ ਰਿਹਾ। ਅੱਜ ਪਤਾ ਨਹੀਂ ਕਿਉਂ, ਆਪ-ਮੁਹਾਰੇ ਜਿਹੇ ਹੀ ਮੂੰਹੋਂ ਨਿਕਲ ਗਿਐ, “ਹੇ ਸੱਚੇ ਪਾਤਸ਼ਾਹ... ਤੇਰਾ ਈ ਆਸਰਾ... ਚੜ੍ਹਦੀ ਕਲਾ ਰੱਖੀਂ... ਸਰਬੱਤ ਦਾ ਭਲਾ ਹੋਵੇ।”
ਸੰਪਰਕ: 94174-21700