ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਹਲਾਕ
ਰਾਏਪੁਰ/ਸੁਕਮਾ, 9 ਜਨਵਰੀ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਮਾਰੇ ਗਏ ਹਨ। ਸੂਬੇ ਦੇ ਉਪ ਮੁੱਖ ਮੰਤਰੀ ਵਿਜੈ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਸ਼ਰਮਾ ਨੇ ਕਿਹਾ ਕਿ ਸੁਕਮਾ ’ਚ ਨਕਸਲ ਵਿਰੋਧੀ ਮੁਹਿੰਮ ’ਚ ਸੁਰੱਖਿਆ ਬਲਾਂ ਨੂੰ ਸਫਲਤਾ ਮਿਲੀ ਹੈ।
ਉਨ੍ਹਾਂ ਰਾਏਪੁਰ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਤੱਕ ਤਿੰਨ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਸ਼ਰਮਾ ਕੋਲ ਗ੍ਰਹਿ ਵਿਭਾਗ ਹੈ। ਛੇ ਜਨਵਰੀ ਨੂੰ ਬੀਜਾਪੁਰ ਜ਼ਿਲ੍ਹੇ ’ਚ ਨਕਸਲੀਆਂ ਵੱਲੋਂ ਕੀਤੇ ਗਏ ਆਈਈਡੀ ਧਮਾਕੇ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ, ‘ਨਕਸਲੀਆਂ ਨੇ ਜੋ ਕੀਤਾ ਉਸ ਮਗਰੋਂ ਸੁਰੱਖਿਆ ਬਲਾਂ ’ਚ ਭਾਰੀ ਗੁੱਸਾ ਹੈ।’ ਜ਼ਿਕਰਯੋਗ ਹੈ ਕਿ ਇਸ ਹਮਲੇ ’ਚ ਅੱਠ ਸੁਰੱਖਿਆ ਕਰਮੀ ਸ਼ਹੀਦ ਹੋ ਗਏ ਸਨ ਤੇ ਉਨ੍ਹਾਂ ਦੇ ਵਾਹਨ ਚਾਲਕ ਦੀ ਵੀ ਮੌਤ ਹੋ ਗਈ ਸੀ। ਸ਼ਰਮਾ ਨੇ ਕਿਹਾ, ‘ਮੈਂ ਉਨ੍ਹਾਂ (ਸੁਰੱਖਿਆ ਬਲਾਂ) ਨਾਲ ਮੁਲਾਕਾਤ ਕੀਤੀ ਹੈ। ਮੈਂ ਦੁਹਰਾਉਂਦਾ ਹਾਂ ਕਿ ਸਾਡੇ ਜਵਾਨਾਂ ਦੀ ਸ਼ਕਤੀ ਤੇ ਹੌਸਲੇ ਨਾਲ (ਨਕਸਲ) ਖਤਰੇ ਨੂੰ ਨਿਰਧਾਰਤ ਸਮੇਂ ਅੰਦਰ ਖਤਮ ਕਰ ਦਿੱਤਾ ਜਾਵੇਗਾ।’ -ਪੀਟੀਆਈ
ਸੁਰੱਖਿਆ ਬਲਾਂ ਵੱਲੋਂ ਦੋ ਆਈਈਡੀ ਬਰਾਮਦ
ਬੀਜਾਪੁਰ:
ਸੁਰੱਖਿਆ ਬਲਾਂ ਨੇ ਅੱਜ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਨਕਸਲੀਆਂ ਵੱਲੋਂ ਲਾਏ ਦੋ ਆਈਈਡੀ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਆਵਾਪੱਲੀ ਥਾਣੇ ਦੀ ਹੱਦ ’ਚ ਮੁਰਦੰਗਾ ਗੰਦਗੀ ਟਰੈਕ ਤੋਂ ਆਈਈਡੀ ਦਾ ਉਦੋਂ ਪਤਾ ਲੱਗਾ ਜਦੋਂ ਸੀਆਰਪੀਐੱਫ ਦੀ 229ਵੀਂ ਬਟਾਲੀਅਨ ਅਤੇ ਸਥਾਨਕ ਪੁਲੀਸ ਦੀ ਇੱਕ ਸਾਂਝੀ ਟੀਮ ਰੋਡ ਓਪਨਿੰਗ ਪਾਰਟੀ (ਆਰਓਪੀ) ਅਤੇ ਡਿਮਾਈਨਿੰਗ ਡਿਊਟੀ ’ਤੇ ਨਿਕਲੀ ਸੀ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਧਮਾਕਾਖੇਜ਼ ਸਮੱਗਰੀ ਨਕਾਰਾ ਕਰ ਦਿੱਤੀ ਗਈ ਹੈ। -ਪੀਟੀਆਈ