ਛੱਤੀਸਗੜ੍ਹ: ਨਕਸਲੀਆਂ ਵੱਲੋਂ ਧਮਾਕੇ ’ਚ ਜਵਾਨ ਜ਼ਖ਼ਮੀ
ਸੁਕਮਾ (ਛੱਤੀਸਗੜ੍ਹ), 24 ਨਵੰਬਰ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਅੱਜ ਬਾਰੂਦੀ ਸੁਰੰਗ (ਆਈਈਡੀ) ਰਾਹੀਂ ਕੀਤੇ ਧਮਾਕੇ ਵਿੱਚ ਜ਼ਿਲ੍ਹਾ ਰਿਜ਼ਰਵ ਗਾਰਡ ਦਾ ਇੱਕ ਕਾਂਸਟੇਬਲ ਜ਼ਖ਼ਮੀ ਹੋ ਗਿਆ। ਪੁਲੀਸ ਮੁਤਾਬਕ ਸੁਰੱਖਿਆ ਕਰਮੀਆਂ ਨੇ ਜ਼ਿਲ੍ਹੇ ਦੇ ਇਸੇ ਇਲਾਕੇ ਵਿੱਚ ਇੱਕ ਹੋਰ ਥਾਂ ਤੋੋਂ ਨਕਸਲੀਆਂ ਵੱਲੋਂ ਵਿਛਾਈ ਬਾਰੂਦੀ ਸੁਰੰਗ ਵੀ ਬਰਾਮਦ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਆਈਈਡੀ ਧਮਾਕਾ ਸਵੇਰੇ ਕਰੀਬ 11 ਵਜੇ ਚਿੰਤਲਨਾਰ ਥਾਣਾ ਖੇਤਰ ਅਧੀਨ ਨਵੇਂ ਸਥਾਪਤ ਰਾਏਗੁਡਾ ਪੁਲੀਸ ਕੈਂਪ ਨੇੜੇ ਉਸ ਸਮੇਂ ਹੋਇਆ, ਜਦੋਂ ਡੀਆਰਜੀ ਦੀ ਟੀਮ ਉੱਥੇ ਪਹੁੰਚੀ। ਡੀਆਰਜੀ ਸੂਬਾ ਪੁਲੀਸ ਦੀ ਯੂਨਿਟ ਹੈ ਜੋ ਘਟਨਾ ਸਮੇਂ ਮੁਹਿੰਮ ’ਤੇ ਨਿਕਲੀ ਸੀ। ਇਸ ਦੌਰਾਨ ਡੀਆਰਜੀ ਕਾਂਸਟੇਬਲ ਪੋਡੀਅਮ ਵਿਨੋਦ ਅਚਾਨਕ ਆਈਈਡੀ ਦੇ ਸੰਪਰਕ ਵਿੱਚ ਆ ਗਿਆ। -ਪੀਟੀਆਈ
ਸੀਆਰਪੀਐੱਫ ਵੱਲੋਂ ਬਸਤਰ ਵਿੱਚ ਤਿੰਨ ਨਵੇਂ ਕੈਂਪ ਸਥਾਪਤ
ਰਾਏਪੁਰ: ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸੀਆਰਪੀਐੱਫ ਨੇ ਤਿੰਨ ਨਵੇਂ ਮੋਹਰੀ ਕੈਂਪ ਸਥਾਪਤ ਕੀਤੇ ਹਨ ਤਾਂ ਜੋ ਸੁਰੱਖਿਆ ਬਲਾਂ ਨੂੰ ਨਕਸਲ ਵਿਰੋਧੀ ਮੁਹਿੰਮ ਸ਼ੁਰੂ ਕਰਨ ਲਈ ਰਣਨੀਤਕ ਕੇਂਦਰ ਬਣਾਉਣ ਵਾਸਤੇ ਥਾਂ ਮੁਹੱਈਆ ਕਰਵਾਈ ਜਾ ਸਕੇ। ਸੁਕਮਾ ਜ਼ਿਲ੍ਹੇ ਦੇ ਤੁੰਪਲਪਾੜ ਅਤੇ ਰਾਇਗੁਡੇਮ ਅਤੇ ਬੀਜਾਪੁਰ ਜ਼ਿਲ੍ਹੇ ਦੇ ਕੌਂਡਾਪੱਲੀ ਵਿੱਚ ਫਾਰਵਰਡ ਆਪਰੇਸ਼ਨ ਸੈਂਟਰ ਸਥਾਪਤ ਕੀਤੇ ਹਨ। -ਪੀਟੀਆਈ