ਛੱਤੀਸਗੜ੍ਹ: ਸਾਬਕਾ ਮੁੱਖ ਮੰਤਰੀ ਰਮਨ ਸਿੰਘ ਵਿਧਾਨ ਸਭਾ ਦੇ ਸਪੀਕਰ ਬਣੇ
ਰਾਏਪੁਰ, 19 ਦਸੰਬਰ
ਸੀਨੀਅਰ ਭਾਜਪਾ ਵਿਧਾਇਕ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੂੰ ਅੱਜ ਸਰਵਸੰਮਤੀ ਨਾਲ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਹੈ। ਨਵੀਂ ਚੁਣੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਅੱਜ ਇਥੇ ਸ਼ੁਰੂ ਹੋਇਆ।
ਸਪੀਕਰ ਦੇ ਅਹੁਦੇ ਲਈ ਰਮਨ ਸਿੰਘ (71) ਨੇ ਐਤਵਾਰ ਨੂੰ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ ਅਤੇ ਕਿਹਾ ਕਿ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਛੱਤੀਸਗੜ੍ਹ ਵਿਧਾਨ ਸਭਾ ਵਿੱਚ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣ ਦੀ ਹੋਵੇਗੀ। ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅੱਜ ਪ੍ਰੋ-ਟੈੱਮ ਸਪੀਕਰ ਰਾਮਵਿਚਾਰ ਨੇਤਾਮ ਨੇ ਭਾਜਪਾ ਅਤੇ ਕਾਂਗਰਸ ਦੇ ਵਿਧਾਇਕਾਂ ਤੋਂ ਇਲਾਵਾ ਗੋਂਡਵਾਨਾ ਗਣਤੰਤਰ ਪਾਰਟੀ (ਜੀਜੀਪੀ) ਦੇ ਇੱਕ ਵਿਧਾਇਕ ਨੂੰ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁਕਾਈ। ਪ੍ਰੋ-ਟੈੱਮ ਸਪੀਕਰ ਵੱਲੋਂ ਨੇ ਜਿਨ੍ਹਾਂ ਨੂੰ ਸਹੁੰ ਚੁਕਾਈ ਗਈ ਉਨ੍ਹਾਂ ਵਿੱਚ ਮੁੱਖ ਮੰਤਰੀ ਵਿਸ਼ਨੂਦੇਵ ਸਾਏ, ਵਿਰੋਧੀ ਧਿਰ ਦੇ ਨੇਤਾ ਚਰਨ ਦਾਸ ਮਹੰਤ, ਉੱਪ ਮੁੱਖ ਮੰਤਰੀ ਅਰੁਣ ਸਾਓ ਅਤੇ ਵਿਜੈ ਸ਼ਰਮਾ, ਸਾਬਕਾ ਮੁੱਖ ਮੰਤਰੀ ਰਮਨ ਸਿੰਘ ਅਤੇ ਭੁਪੇਸ਼ ਬਘੇਲ ਆਦਿ ਸ਼ਾਮਲ ਸਨ। ਵਿਧਾਇਕਾਂ ਵੱਲੋਂ ਸਹੁੰ ਚੁੱਕਣ ਮਗਰੋਂ ਮੁੱਖ ਮੰਤਰੀ ਵਿਸ਼ਨੂਦੇਵ ਸਾਏ ਨੇ ਰਮਨ ਸਿੰਘ ਦੀ ਸਪੀਕਰ ਵਜੋਂ ਚੋਣ ਲਈ ਤਜਵੀਜ਼ ਪੇਸ਼ ਕੀਤੀ, ਜਿਸ ਦੀ ਤਈਦ ਉਪ ਮੁੱਖ ਮੰਤਰੀ ਸਾਓ ਨੇ ਕੀਤੀ। ਵਿਰੋਧੀ ਧਿਰ ਦੇ ਨੇਤਾ ਚਰਨ ਦਾਸ ਮਹੰਤ ਨੇ ਵੀ ਰਮਨ ਸਿੰਘ ਦੀ ਸਪੀਕਰ ਵਜੋਂ ਚੋਣ ਲਈ ਤਜਵੀਜ਼ ਪੇਸ਼ ਕੀਤੀ, ਜਿਸ ਦੀ ਤਈਦ ਸੀਨੀਅਰ ਕਾਂਗਰਸ ਨੇਤਾ ਭੁਪੇਸ਼ ਬਘੇਲ ਵੱਲੋਂ ਕੀਤੀ ਗਈ। ਭਾਜਪਾ ਮੈਂਬਰਾਂ ਵੱਲੋਂ ਰਮਨ ਸਿੰਘ ਦੇ ਪੱਖ ’ਚ ਤਿੰਨ ਹੋਰ ਤਜਵੀਜ਼ਾਂ ਪੇਸ਼ ਕੀਤੀਆਂ ਗਈਆਂ। ਦੱਸਣਯੋਗ ਹੈ ਕਿ ਸੱਤ ਵਾਰ ਦੇ ਵਿਧਾਇਕ ਰਮਨ ਸਿੰਘ ਰਾਜਨੰਦਗਾਓਂ ਹਲਕੇ ਤੋਂ ਲਗਾਤਾਰ ਵਾਰ ਜੇਤੂ ਰਹੇ ਹਨ। ਉਹ 1999 ਵਿੱਚ ਇੱਕ ਵਾਰ ਸੰਸਦ ਮੈਂਬਰ ਵੀ ਚੁਣੇ ਗਏ ਅਤੇ ਕੇਂਦਰ ਦੀ ਅਟਲ ਬਿਹਾਰੀ ਸਰਕਾਰ ’ਚ ਵਣਜ ਅਤੇ ਉਦਯੋਗ ਮੰਤਰੀ ਵੀ ਰਹੇ। -ਪੀਟੀਆਈ