ਛੱਤੀਸਗੜ੍ਹ: ਨਕਸਲੀ ਹਮਲੇ ’ਚ ਅੱਠ ਜਵਾਨ ਸ਼ਹੀਦ
ਬੀਜਾਪੁਰ, 6 ਜਨਵਰੀ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਅੱਜ ਨਕਸਲੀਆਂ ਨੇ ਇੱਕ ਵਾਹਨ ਨੂੰ ਬਾਰੂਦੀ ਸੁਰੰਗ ’ਚ ਧਮਾਕਾ ਕਰਕੇ ਉਡਾ ਦਿੱਤਾ। ਇਸ ਹਮਲੇ ’ਚ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਅੱਠ ਜਵਾਨਾਂ ਅਤੇ ਇੱਕ ਵਾਹਨ ਚਾਲਕ ਦੀ ਮੌਤ ਹੋ ਗਈ। ਪਿਛਲੇ ਦੋ ਸਾਲਾਂ ਅੰਦਰ ਸੂਬੇ ’ਚ ਸੁਰੱਖਿਆ ਬਲਾਂ ’ਤੇ ਮਾਓਵਾਦੀਆਂ ਦਾ ਇਹ ਸਭ ਤੋਂ ਵੱਡਾ ਹਮਲਾ ਹੈ।
ਬਸਤਰ ਖੇਤਰ ਪੁਲੀਸ ਦੇ ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਕੁਟਰੂ ਥਾਣਾ ਖੇਤਰ ਦੇ ਅੰਬੇਲੀ ਪਿੰਡ ਨੇੜੇ ਦੁਪਹਿਰ ਤਕਰੀਬਨ 2.15 ਵਜੇ ਨਕਸਲੀਆਂ ਨੇ ਬਾਰੂਦੀ ਸੁਰੰਗ ’ਚ ਧਮਾਕਾ ਕਰਕੇ ਇੱਕ ਵਾਹਨ ਨੂੰ ਉਡਾ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਜਵਾਨ ਨਕਸਲ ਵਿਰੋਧੀ ਮੁਹਿੰਮ ਮਗਰੋਂ ਆਪਣੀ ਐੱਸਯੂਵੀ ਕਾਰ ਰਾਹੀਂ ਮੁੜ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਸਾਰੇ ਅੱਠ ਡੀਆਰਜੀ ਜਵਾਨ ਜਵਾਨਾਂ ਤੇ ਵਾਹਨ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਡੀਆਰਜੀ ਸੂਬਾਈ ਪੁਲੀਸ ਦੀ ਇਕਾਈ ਹੈ ਅਤੇ ਇਸ ਵਿੱਚ ਜ਼ਿਆਦਾਤਰ ਸਥਾਨਕ ਆਦਿਵਾਸੀ ਤੇ ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਨੂੰ ਭਰਤੀ ਕੀਤਾ ਜਾਂਦਾ ਹੈ। ਆਈਜੀ ਨੇ ਦੱਸਿਆ ਕਿ ਘਟਨਾ ਸਥਾਨ ’ਤੇ ਵਾਧੂ ਫੋਰਸ ਭੇਜੀ ਗਈ ਹੈ ਅਤੇ ਲਾਸ਼ਾਂ ਬਾਹਰ ਕੱਢੀਆਂ ਜਾ ਰਹੀਆਂ ਹਨ। ਸੁੰਦਰਰਾਜ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਆਈਜੀ ਨੇ ਕਿਹਾ ਕਿ ਇਹ ਡੀਆਰਜੀ ਜਵਾਨ ਨਾਰਾਇਣਪੁਰ, ਦਾਂਤੇਵਾੜਾ ਤੇ ਬੀਜਾਪੁਰ ਦੀਆਂ ਹੱਦਾਂ ’ਤੇ ਸੁਰੱਖਿਆ ਕਰਮੀਆਂ ਦੀਆਂ ਸਾਂਝੀਆਂ ਟੀਮਾਂ ਵੱਲੋਂ ਤਿੰਨ ਦਿਨ ਚਲਾਈ ਗਈ ਨਕਸਲ ਵਿਰੋਧੀ ਮੁਹਿੰਮ ’ਚ ਸ਼ਾਮਲ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਮਗਰੋਂ ਘਟਨਾ ਸਥਾਨ ’ਤੇ 10 ਫੁੱਟ ਤੋਂ ਜ਼ਿਆਦਾ ਡੂੰਘਾ ਖੱਡਾ ਹੋ ਗਿਆ। ਦੱਖਣੀ ਬਸਤਰ ਖੇਤਰ ਦੇ ਡੀਆਈਜੀ ਕਮਲੋਚਨ ਕਸ਼ਿਅਪ ਨੇ ਦੱਸਿਆ ਕਿ ਪੁਲੀਸ ਨੂੰ ਸ਼ੱਕ ਹੈ ਕਿ ਨਕਸਲੀਆਂ ਵੱਲੋਂ ਇਸ ਹਮਲੇ ਲਈ 60-70 ਕਿਲੋ ਵਜ਼ਨੀ ਬਾਰੂਦੀ ਸੁਰੰਗ ਦੀ ਵਰਤੋਂ ਕੀਤੀ ਗਈ। ਫੋਰੈਂਸਿਕ ਮਾਹਿਰ ਘਟਨਾ ਸਥਾਨ ’ਤੇ ਜਾਂਚ ਕਰ ਰਹੇ ਹਨ। ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਵਿਸ਼ਨੂ ਦੇਵ ਸਾਏ ਨੇ ਕਿਹਾ ਕਿ ਬਸਤਰ ਖੇਤਰ ’ਚ ਜਾਰੀ ਸੁਰੱਖਿਆ ਬਲਾਂ ਦੀ ਮੁਹਿੰਮ ਤੋਂ ਨਕਸਲੀ ਨਿਰਾਸ਼ ਹਨ ਤੇ ਇਸ ਲਈ ਉਹ ਅਜਿਹੀਆਂ ਬੁਜ਼ਦਿਲਾਨਾ ਹਰਕਤਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ। ਇਸੇ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨਕਸਲੀ ਹਮਲੇ ’ਚ ਜਵਾਨਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਜਵਾਨਾਂ ਦੀਆਂ ਸ਼ਹਾਦਤਾਂ ’ਚ ਵਾਧਾ ਹੋਣ ਨਾਲ ਕੌਮੀ ਸੁਰੱਖਿਆ ਕਾਇਮ ਰੱਖਣ ਦੀ ਸਰਕਾਰ ਦੀ ਸਮਰੱਥਾ ’ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। -ਪੀਟੀਆਈ
ਰਾਸ਼ਟਰਪਤੀ ਅਤੇ ਹੋਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਛੱਤੀਸਗੜ੍ਹ ’ਚ ਨਕਸਲੀ ਹਮਲੇ ਵਿੱਚ ਸੁਰੱਖਿਆ ਬਲਾਂ ਦੇ ਅੱਠ ਜਵਾਨਾਂ ਸਮੇਤ ਨੌਂ ਜਣਿਆਂ ਦੀ ਮੌਤ ਹੋਣ ਦੀ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ ਕਿ ਦੇਸ਼ ਨਕਸਲਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਦ੍ਰਿੜ੍ਹ ਸੰਕਲਪ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਇਸੇ ਤਰ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਰਚ 2026 ਤੱਕ ਨਕਸਲਵਾਦ ਦੇ ਖਾਤਮੇ ਦਾ ਅਹਿਦ ਲੈਂਦਿਆਂ ਕਿਹਾ ਕਿ ਛੱਤੀਸਗੜ੍ਹ ’ਚ ਨਕਸਲੀ ਹਮਲੇ ’ਚ ਮਾਰੇ ਗਏ ਜਵਾਨਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ। -ਪੀਟੀਆਈ