ਛੱਤੀਸਗੜ੍ਹ: 25 ਨਕਸਲੀਆਂ ਵੱਲੋਂ ਬੀਜਾਪੁਰ ਵਿੱਚ ਆਤਮ-ਸਮਰਪਣ
ਬੀਜਾਪੁਰ, 26 ਅਗਸਤ
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿੱਚ 25 ਨਕਸਲੀਆਂ ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਪੁਲੀਸ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀਆਂ ਮੁਤਾਬਕ ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਵਿੱਚੋਂ ਪੰਜ ’ਤੇ ਕੁੱਲ 28 ਲੱਖ ਰੁਪਏ ਦਾ ਇਨਾਮ ਸੀ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਬੰਦੀਸ਼ੁਦਾ ਭਾਰਤੀ ਕਮਿਊਨਿਟਸ ਪਾਰਟੀ (ਮਾਓਵਾਦੀ) ਦੀ ਗੰਗਲੂਰ ਅਤੇ ਭੈਰਮੜ੍ਹ ਖੇਤਰੀ ਕਮੇਟੀਆਂ ਵਿੱਚ ਸਰਗਰਮ ਇਨ੍ਹਾਂ 25 ਨਕਸਲੀਆਂ ’ਚ ਦੋ ਔਰਤਾਂ ਵੀ ਸ਼ਾਮਲ ਹਨ। ਬੀਜਾਪੁਰ ਦੇ ਐੱਸਪੀ ਜਿਤੇਂਦਰ ਕੁਮਾਰ ਯਾਦਵ ਨੇ ਕਿਹਾ, ‘‘ਦੋਵੇਂ ਔਰਤਾਂ ਸ਼ੰਬਤੀ ਮਡਕਮ (23) ਅਤੇ ਮਹੇਸ਼ ਤੇਲਮ ਮਾਓਵਾਦੀਆਂ ਦੀ ਕੰਪਨੀ ਨੰਬਰ-2 ਵਿੱਚ ਸਰਗਰਮ ਸਨ ਅਤੇ ਹਰੇਕ ’ਤੇ ਅੱਠ ਲੱਖ ਰੁਪਏ ਦਾ ਇਨਾਮ ਸੀ। ਮਡਕਮ 2012 ਤੋਂ ਹੀ ਨਕਸਲੀ ਅੰਦੋਲਨ ਵਿੱਚ ਸਰਗਰਮ ਸੀ ਅਤੇ 2020 ਵਿੱਚ ਸੁਕਮਾ ਵਿੱਚ ਮਿਨਪਾ ਹਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਸੀ। ਇਸ ਹਮਲੇ ਵਿੱਚ 17 ਸੁਰੱਖਿਆ ਕਰਮੀਆਂ ਦੀ ਜਾਨ ਚਲੀ ਗਈ ਸੀ।’’ -ਪੀਟੀਆਈ
ਨਕਸਲੀਆਂ ਵੱਲੋਂ ਪੁਲੀਸ ਦਾ ਮੁਖ਼ਬਰ ਹੋਣ ਦੇ ਸ਼ੱਕ ’ਚ ਵਿਅਕਤੀ ਦੀ ਹੱਤਿਆ
ਬੀਜਾਪੁਰ:
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਨੇ ਪੁਲੀਸ ਦਾ ਮੁਖਬਰ ਹੋਣ ਦੇ ਸ਼ੱਕ ਵਿੱਚ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਭੈਰਮਗੜ੍ਹ ਥਾਣਾ ਖੇਤਰ ਵਿੱਚ ਨਕਸਲੀਆਂ ਨੇ ਸੀਤੂ ਮਾਡਵੀ ਦੀ ਅੱਜ ਸਵੇਰੇ ਭੈਰਮਗੜ੍ਹ ਥਾਣਾ ਖੇਤਰ ਦੇ ਜੈਗੂਰ ਪਿੰਡ ਨੇੜੇ ਜਨਤਕ ਅਦਾਲਤ ਲਗਾ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ ਸਵੇਰੇ ਪੁਲੀਸ ਦੀ ਟੀਮ ਨੂੰ ਇਲਾਕੇ ਲਈ ਰਵਾਨਾ ਕੀਤਾ ਗਿਆ। -ਪੀਟੀਆਈ