For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਜੀਵਨ-ਜਾਚ ਵਿੱਚੋਂ ਲੋਪ ਹੋ ਰਿਹਾ ਛੱਜ

11:00 AM Aug 24, 2024 IST
ਪੰਜਾਬੀ ਜੀਵਨ ਜਾਚ ਵਿੱਚੋਂ ਲੋਪ ਹੋ ਰਿਹਾ ਛੱਜ
Advertisement

ਗੁਰਦੀਪ ਢੁੱਡੀ

ਹਰੇਕ ਖਿੱਤੇ ਦੀਆਂ ਆਪਣੀਆਂ ਵਿਸ਼ੇਸ਼ ਲੋੜਾਂ ਹੁੰਦੀਆਂ ਹਨ ਅਤੇ ਇਸੇ ਅਨੁਸਾਰ ਹੀ ਉੱਥੋਂ ਦਾ ਸਾਜ਼ੋ-ਸਮਾਨ ਹੁੰਦਾ ਹੈ। ਸਮਾਂ ਪਾ ਕੇ ਇਹ ਸਾਜ਼ੋ-ਸਮਾਨ ਸਾਡੇ ਰੋਜ਼ਾਨਾ ਜੀਵਨ ਦਾ ਅੰਗ ਬਣਦਾ ਹੈ। ਜਿਵੇਂ ਜੀਵਨ-ਜਾਚ, ਲੋੜਾਂ ਦੀ ਅਨੁਸਾਰੀ ਹੁੰਦੀ ਹੈ ਤਿਵੇਂ ਹੀ ਲੋੜਾਂ ਪ੍ਰਾਪਤ ਹਾਲਤਾਂ ਅਤੇ ਸਥਿਤੀਆਂ ਵਿੱਚੋਂ ਪੈਦਾ ਹੁੰਦੀਆਂ ਤੇ ਲੋਪ ਹੁੁੰਦੀਆਂ ਹਨ। ਬੜੇ ਵਾਰੀ ਇਸ ਤਰ੍ਹਾਂ ਵੀ ਵੇਖਣ ਵਿੱਚ ਆਉਂਦਾ ਹੈ ਕਿ ਇੱਕ ਹੀ ਚੀਜ਼ ਦੀ ਲੋੜ ਵਧੇਰੇ ਖਿੱਤਿਆਂ ਵਿੱਚ ਹੁੰਦੀ ਹੈ ਪ੍ਰੰਤੂ ਇਸ ਦੀ ਬਣਤਰ ਵਿੱਚ ਸਥਾਨਕ ਲੋੜਾਂ ਅਤੇ ਹਾਲਤਾਂ ਕਰਕੇ ਥੋੜ੍ਹਾ ਬਹੁਤਾ ਅੰਤਰ ਵੇਖਣ ਨੂੰ ਮਿਲਦਾ ਹੈ। ਕਦੇ ਕਿਸਾਨੀ ਜੀਵਨ ਦਾ ਅੰਗ ਰਿਹਾ ਗੱਡਾ ਪੰਜਾਬ ਵਿੱਚ ਵੱਡੇ ਆਕਾਰ ਅਤੇ ਬੜੇ ਚਾਵਾਂ ਨਾਲ ਬਣਾਇਆ ਹੁੰਦਾ ਸੀ ਜਦੋਂ ਕਿ ਇਹੀ ਗੱਡਾ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰਨਾਂ ਸੂਬਿਆਂ ਵਿੱਚ ਗੱਡੇ ਦੇ ਇਸਤਰੀ ਲਿੰਗ ਗੱਡੀ ਵਰਗਾ ਹੁੰਦਾ ਸੀ। ਜਦੋਂ ਇਸ ਦੀ ਤਹਿ ਵਿੱਚ ਜਾਇਆ ਗਿਆ ਤਾਂ ਉਸ ਸਮੇਂ ਦੇ ਪੰਜਾਬ ਵਿੱਚ ਉਪਰੋਕਤ ਸੂਬਿਆਂ ਦੇ ਮੁਕਾਬਲਤਨ ਵਧੇਰੇ ਜਿਣਸ ਦਾ ਉਤਪਾਦਨ ਹੁੰਦਾ ਸੀ ਜਿਸ ਨੂੰ ਇੱਕ ਥਾਂ ਤੋਂ ਦੂਸਰੇ ਥਾਂ ਲਿਜਾਣ ਲਈ ਵਧੇਰੇ ਸਮਰੱਥਾ ਵਾਲੇ ਸਾਧਨ ਦੀ ਲੋੜ ਹੁੰਦੀ ਸੀ। ਇਸ ਕਰਕੇ ਇਹ ਵੱਡਾ ਵੀ ਹੁੰਦਾ ਸੀ ਅਤੇ ਇਸ ਦੀ ਬਣਤਰ ਵਿੱਚ ਵੀ ਫ਼ਰਕ ਹੁੰਦਾ ਸੀ। ਇਸੇ ਤਰ੍ਹਾਂ ਹੀ ਹੋਰ ਵਸਤੂਆਂ ਦਾ ਵੀ ਹੁੰਦਾ ਹੈ।
ਛੱਜ ਵੀ ਪੰਜਾਬ ਵਿੱਚ ਇਨ੍ਹਾਂ ਸੂਬਿਆਂ ਨਾਲੋਂ ਸੋਹਣਾ, ਮਜ਼ਬੂਤ ਅਤੇ ਕਲਾਤਮਕਤਾ ਭਰਪੂਰ ਹੁੰਦਾ ਹੈ। ਇਹ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਪਛਾਣ ਰੱਖਦਾ ਹੈ। ਪੰਜਾਬ ਦੇ ਛੱਜ ਨੂੰ ਕਿਸਾਨੀ ਦੇ ਇਲਾਵਾ ਹਰੇਕ ਘਰ ਦੀ ਵਰਤੋਂ ਵਾਲੀ ਚੀਜ਼ ਵਜੋਂ ਵੇਖਿਆ ਜਾਂਦਾ ਰਿਹਾ ਹੈ। ਪੰਜਾਬ ਵਿੱਚ ਬਣਿਆ ਅਤੇ ਵਰਤੋਂ ਵਿੱਚ ਆਉਣ ਵਾਲਾ ਛੱਜ ਤਿੰਨ ਪਾਸਿਓਂ ਉੱਚਾ ਅਤੇ ਅੱਗਿਓਂ ਖੁੱੱਲ੍ਹਾ ਹੁੰਦਾ ਹੈ। ਇਸ ਦੇ ਆਹਮੋ-ਸਾਹਮਣੇ ਵਾਲੇ ਦੋਵੇਂ ਪਾਸੇ ਇੱਕੋ ਜਿਹੇ, ਢਲਵੇਂ ਅਤੇ ਘਟਦੇ ਆਕਾਰ ਵਿੱਚ ਹੁੰਦੇ ਹਨ ਜਦੋਂ ਕਿ ਪਿਛਲਾ ਬੰਦ ਪਾਸਾ ਥੋੜ੍ਹਾ ਜਿਹਾ ਉੱਚਾ, ਮੋਟਾ ਅਤੇ ਵਧੇਰੇ ਮਜ਼ਬੂਤ ਬਣਿਆ ਹੁੰਦਾ ਹੈ। ਬੰਦ ਪਾਸੇ ਅਤੇ ਖੁੱਲ੍ਹੇ ਪਾਸੇ ਦੀ ਚੌੜਾਈ ਵਿੱਚ ਵੀ ਫ਼ਰਕ ਹੁੰਦਾ ਹੈ। ਇੱਕ ਵਿਸ਼ੇਸ਼ ਜਾਤੀ ਦੇ ਲੋਕ ਇਸ ਨੂੰ ਪੂਰੀ ਕਾਰੀਗਰੀ ਨਾਲ ਬਣਾਉਂਦੇ ਹਨ। ਇਸ ਜਾਤੀ ਨੂੰ ਭਾਵੇਂ ਕੁਝ ਹੋਰ ਨਾਵਾਂ ਨਾਲ ਵੀ ਬੁਲਾਇਆ ਜਾਂਦਾ ਹੋਵੇ ਪ੍ਰੰਤੂ ਮਾਲਵੇ ਦੇ ਪਿੰਡਾਂ ਵਿੱਚ ਇਨ੍ਹਾਂ ਨੂੰ ਸਿਰਕੀਬੰਨ੍ਹ ਜਾਂ ਛੱਜ-ਬੰਨ੍ਹ ਆਖਿਆ ਜਾਂਦਾ ਹੈ। ਕਦੇ ਇਹ ਲੋਕ ਛੱਜ ਤਿਆਰ ਕਰਕੇ ਪਿੰਡ ਦੀਆਂ ਗਲ਼ੀਆਂ ਵਿੱਚ ਵਿਸ਼ੇਸ਼ ਆਵਾਜ਼ ਵਿੱਚ ਹੋਕਾ ਦੇ ਕੇ ਦਿਆ ਕਰਦੇ ਸਨ। ‘ਦਿਆ ਕਰਦੇ’ ਵਾਕੰਸ਼ ਇੱਥੇ ਇਸ ਲਈ ਵਰਤਿਆ ਗਿਆ ਹੈ ਕਿ ਛੱਜ ਦੇਣ ਵਾਲੇ ਇਸ ਨੂੰ ਪੈਸਿਆਂ ਦੀ ਗਿਣਤੀ ਨਾਲ ਵੇਚਣ ਦੀ ਥਾਂ ਦਾਣੇ ਆਦਿ ਲੈ ਕੇ ਦਿਆ ਕਰਦੇ ਸਨ। ਇਸ ਤਰ੍ਹਾਂ ਜਾਪਦਾ ਹੁੰਦਾ ਸੀ ਕਿ ਛੱਜ ਬੰਨ੍ਹਣ ਵਾਲਿਆਂ ਅਤੇ ਪਿੰਡ ਦੇ ਲੋਕਾਂ ਦੀ ਕੋਈ ਆਪਸੀ ਸਾਂਝ ਵੀ ਹੋਵੇ। ਅੱਜਕੱਲ੍ਹ ਇਹ ਪੈਸਿਆਂ ਦੀ ਗਿਣਤੀ ਵਿੱਚ ਵੇਚਿਆ ਅਤੇ ਖ਼ਰੀਦਿਆ ਜਾਂਦਾ ਹੈ।
ਛੱਜ ਨੂੰ ਕੁਝ ਵੱਡੇ ਆਕਾਰ ਵਿੱਚ ਵੀ ਬਣਾਇਆ ਜਾਂਦਾ ਸੀ। ਇਸ ਨੂੰ ਛੱਜਲੀ ਆਖਿਆ ਜਾਂਦਾ ਸੀ। ਪੰਜਾਬੀ ਬੋਲ-ਬਾਣੀ ਵਿੱਚ ਵਿਆਕਰਣਿਕ ਪੱਖ ਬੜਾ ਅਜੀਬ ਹੈ। ਕਈ ਵਾਰੀ ਮਰਦਾਵੇਂ ਰੂਪ (ਜੰਞ) ਦੇ ਇਕੱਠ ਨੂੰ ਇਸਤਰੀ ਲਿੰਗ ਦਾ ਨਾਮ ਦਿੱਤਾ ਮਿਲਦਾ ਹੈ ਅਤੇ ਇਸ ਦੇ ਵਿਪਰੀਤ ਹੀ ਔਰਤ ਰੂਪ (ਵਿਆਹ ਵਾਲਾ ਮੇਲ) ਦੇ ਨਾਂਵ ਨੂੰ ਮਰਦਾਵੇਂ (ਪੁਲਿੰਗ) ਨਾਮ ਨਾਲ ਬੋਲਿਆ ਜਾਂਦਾ ਹੈ। ਇਵੇਂ ਹੀ ਛੱਜਲੀ ਵੱਡੀ ਹੈ, ਫਿਰ ਵੀ ਇਸਤਰੀ ਲਿੰਗ ਵਾਲਾ ਨਾਮ ਹੈ ਜਦੋਂ ਕਿ ਛੱਜ ਛੋਟਾ ਹੈ ਪ੍ਰੰਤੂ ਇਹ ਪੁਲਿੰਗ ਰੂਪ ਵਾਲਾ ਨਾਂਵ ਹੈ। ਇਹ ਛੱਜਲੀ ਆਮ ਤੌਰ ’ਤੇ ਕਿਸਾਨੀ ਜਾਂ ਕਹੀਏ ਖੇਤੀ ਕਰਨ ਵਾਲਿਆਂ ਦੇ ਕੰਮ ਆਇਆ ਕਰਦੀ ਸੀ। ਜਦੋਂ ਪਿੜਾਂ ਵਿੱਚ ਕਣਕ, ਬਾਜਰਾ ਜਾਂ ਹੋਰ ਫ਼ਸਲਾਂ ਦੀ ਗਹਾਈ ਕੀਤੀ ਜਾਂਦੀ ਸੀ ਤਾਂ ਦਾਣਿਆਂ ਅਤੇ ਫੂਸੜ ਨੂੰ ਵੱਖ ਕਰਨ ਵਾਸਤੇ ਇਸ ਨੂੰ ਛੱਜਲੀ ਵਿੱਚ ਪਾ ਕੇ ਹਵਾ ਦੇ ਰੁਖ ਅਨੁਸਾਰ ਹਿਲਾ ਕੇ ਥੱਲੇ ਸੁੱਟਿਆ ਜਾਂਦਾ ਸੀ। ਫੂਸੜ ਹਵਾ ਨਾਲ ਉੱਡ ਕੇ ਕੁਝ ਅੱਗੇ ਚਲਾ ਜਾਂਦਾ ਸੀ ਜਦੋਂ ਕਿ ਦਾਣੇ, ਉਡਾਉਣ ਵਾਲੇ ਦੇ ਨੇੜੇ ਹੀ ਡਿੱਗਿਆ ਕਰਦੇ ਸਨ। ਹੁਣ ਖੇਤੀ ਦੇ ਕੰਮ ਨੂੰ ਮਸ਼ੀਨੀਕਰਨ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ ਤਾਂ ਫ਼ਸਲਾਂ ਦੀ ਵਢਾਈ ਗਹਾਈ ਦਾ ਕੰਮ ਗਾਇਬ ਹੋ ਗਿਆ ਹੈ ਤਾਂ ਇਸ ਦੇ ਨਾਲ ਹੀ ਛੱਜਲੀ ਵੀ ਲੋਪ ਹੋ ਚੁੱਕੀ ਹੈ।
ਮਸ਼ੀਨੀ ਯੁੱਗ ਨੇ ਸਾਡੇ ਜੀਵਨ ਵਿੱਚੋਂ ਬੜਾ ਕੁਝ ਜੋੜ ਦਿੱਤਾ ਅਤੇ ਬੜਾ ਕੁਝ ਮਨਫ਼ੀ ਕਰ ਦਿੱਤਾ ਹੈ। ਅੱਜ ਛੱਜ ਦੀ ਵਰਤੋਂ ਵੀ ਬਹੁਤ ਘਟ ਗਈ ਹੈ। ਛੱਜ ਦੀ ਵਰਤੋਂ ਔਰਤਾਂ ਦੁਆਰਾ ਘਰੇਲੂ ਲੋੜ ਦੇ ਅਨਾਜ ਦੀ ਸਫ਼ਾਈ ਕਰਨ ਲਈ ਕੀਤੀ ਜਾਂਦੀ ਹੈ। ਆਮ ਤੌਰ ’ਤੇ ਕਣਕ, ਬਾਜਰਾ, ਮੱਕੀ, ਜਵਾਰ ਅਤੇ ਜੌਂਆਂ ਦਾ ਆਟਾ ਪਿਸਾਉਣ ਤੋਂ ਪਹਿਲਾਂ ਛੱਜ ਨਾਲ ਇਨ੍ਹਾਂ ਅਨਾਜਾਂ ਨੂੰ ਛੱਟਿਆ ਜਾਂਦਾ ਹੈ। ਉਂਜ ਤਾਂ ਔਰਤ ਸਰੂਪ ਆਪਣੇ ਆਪ ਵਿੱਚ ਹੀ ਕਲਾਕਾਰ ਹੁੰਦਾ ਹੈ ਅਤੇ ਸਿਰਜਣਾਤਮਕ ਕੰਮ ਜ਼ਿਆਦਾ ਕਰਕੇ ਔਰਤ ਦੁਆਰਾ ਹੀ ਕੀਤੇ ਜਾਂਦੇ ਹਨ, ਫਿਰ ਵੀ ਅਨਾਜ ਦੀ ਛਟਾਈ ਸਮੇਂ ਤਾਂ ਉਹ ਕੁਝ ਗੁਣ-ਗੁਣਾਉਂਦੀਆਂ ਵੀ ਸੁਣੀਆਂ ਜਾ ਸਕਦੀਆਂ ਹਨ। ਜਿਵੇਂ ਉਹ ਮਿੱਠੀ ਮਿੱਠੀ ਸੁਰ ਵਿੱਚ ਸਮਾਜਿਕ ਸਫ਼ਾਈ ਦਾ ਵੀ ਹੋਕਾ ਦਿੰਦੀਆਂ ਹੋਣ। ਥੋੜ੍ਹੀ ਬਹੁਤੀ ਦਾਲ, ਚੌਲ ਆਦਿ ਦੀ ਸਫ਼ਾਈ ਵੇਲੇ ਵੀ ਛੱਜ ਦੀ ਵਰਤੋਂ ਕਰ ਲਈ ਜਾਂਦੀ ਸੀ। ਮਸ਼ੀਨੀ ਯੁੱਗ ਕਾਰਨ ਛੱਜ ਦੀ ਵਰਤੋਂ ਵੀ ਬਹੁਤ ਘਟ ਗਈ ਹੈ। ਬਹੁਤੀਆਂ ਔਰਤਾਂ ਆਟੇ ਵਾਸਤੇ ਲਿਜਾਈ ਜਾਣ ਵਾਲੀ ਕਣਕ ਅਤੇ ਹੋਰ ਅਨਾਜ ਦਾ ਪੀਹਣ ਬਣਾਉਣ ਦੀ ਥਾਂ ਉਵੇਂ ਹੀ ਚੱਕੀ ’ਤੇ ਭੇਜ ਦਿੰਦੀਆਂ ਹਨ ਅਤੇ ਉੱਥੇ ਰੋਲਾ ਲਾ ਕੇ ਅਨਾਜ ਨੂੰ ਸਾਫ਼ ਕਰਕੇ ਪੀਸ ਦਿੱਤਾ ਜਾਂਦਾ ਹੈ। ਇਸ ਨਾਲ ਅਨਾਜ ਦਾ ਛਿਲਕਾ ਉਤਰ ਜਾਂਦਾ ਹੈ। ਭਾਵੇਂ ਇਸ ਤਰ੍ਹਾਂ ਕਰਨ ਨਾਲ ਆਟੇ ਦੀ ਗੁਣਵੱਤਾ ਘਟ ਜਾਂਦੀ ਹੈ ਪ੍ਰੰਤੂ ਫਿਰ ਵੀ ਔਰਤਾਂ ਇਸ ਮੁਸ਼ੱਕਤ ਤੋਂ ਕੰਨੀ ਕਤਰਾਉਂਦੀਆਂ ਹਨ।
ਛੱਜ ਦੀ ਬੁਣਤਰ ਕਾਰੀਗਰੀ ਦਾ ਸਿੱਟਾ ਹੁੰਦੀ ਹੈ। ਇਹ ਬੁਣਤਰ ਕੁਝ ਬਾਰੀਕ ਅਤੇ ਕੁਝ ਉਸ ਤੋਂ ਥੋੜ੍ਹੀਆਂ ਜਿਹੀਆਂ ਛੋਟੀਆਂ ਕਾਨੀਆਂ ਨਾਲ ਕੀਤੀ ਜਾਂਦੀ ਹੈ। ਇਹ ਕਾਨੀਆਂ, ਸਰ (ਆਮ ਤੌਰ ’ਤੇ ਨਹਿਰਾਂ, ਸੂਇਆਂ ਜਾਂ ਹੋਰ ਪਾਣੀ ਵਾਲੀਆਂ ਥਾਵਾਂ ’ਤੇ ਆਪੇ ਉੱਗਿਆ ਹੋਇਆ ਮੋਟਾ ਕੱਖ-ਕਾਨ) ਵਿੱਚੋਂ ਚੁਣ ਕੇ ਕੱਢੀਆਂ ਜਾਂਦੀਆਂ ਸਨ। ਇਨ੍ਹਾਂ ਕਾਨੀਆਂ ਨੂੰ ਤਰਤੀਬ ਵਿੱਚ ਬੰਨ੍ਹਣ ਵੇਲੇ ਚਮੜੇ ਦੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਧਾਗਾ ਆਮ ਤੌਰ ’ਤੇ ਹਲਕੇ ਕਾਲੇ ਜਾਂ ਭੂਰੇ ਰੰਗ ਦਾ ਹੁੰਦਾ ਹੈ ਅਤੇ ਇਸ ਵਿੱਚ ਕੁਝ ਰੰਗ ਭਰਨ ਲਈ ਫਿੱਕਾ ਗੁਲਾਬੀ ਅਤੇ ਫਿੱਕਾ ਹਰਾ ਰੰਗ ਲੱਗਿਆ ਚਮੜੇ ਦਾ ਧਾਗਾ ਵੀ ਵਰਤਿਆ ਜਾਂਦਾ ਹੈ। ਖੁੱਲ੍ਹੇ ਪਾਸੇ ਦੇ ਸਾਹਮਣੇ ਜਿਸ ਪਾਸਿਓਂ ਇਸ ਨੂੰ ਫੜਿਆ ਜਾਂਦਾ ਹੈ, ਉਸ ਪਾਸੇ ਕੁਝ ਮੋਟੀਆਂ ਕਾਨੀਆਂ ਨਾਲ ਮੁੱਠੇ ਬੰਨ੍ਹੇ ਜਾਂਦੇ ਹਨ। ਸਿਰਿਆਂ ਤੋਂ ਇਸ ਨੂੰ ਕੁਝ ਵਧੇਰੇ ਮਜ਼ਬੂਤੀ ਦਿੱਤੀ ਜਾਂਦੀ ਹੈ। ਖੁੱਲ੍ਹੇ ਪਾਸੇ ਦੇ ਅਖੀਰ ’ਤੇ ਅੱਗੇ ਕਰਕੇ ਕੁਝ ਕਾਨੀਆਂ ਨੂੰ ਵਿਚਾਲਿਓਂ ਕੱਟ ਕੇ ਰੋਕ ਲਾਉਣ ਵਾਲਾ ਕੰਮ ਕੀਤਾ ਜਾਂਦਾ ਸੀ ਜਿਸ ਨਾਲ ਬਾਰੀਕ ਦਾਣੇ ਤਾਂ ਬੁੜ੍ਹਕ ਕੇ ਅੱਗੇ ਚਲੇ ਜਾਂਦੇ ਸਨ ਪ੍ਰੰਤੂ ਮੋਟੇ ਦਾਣੇ ਛੱਜ ਵਿੱਚ ਹੀ ਰਹਿ ਜਾਂਦੇ ਸਨ। ਛੱਜ ਨੂੰ ਪੰਜਾਬੀ ਸੱਭਿਆਚਾਰ ਵਿੱਚ ਵੀ ਵਿਸ਼ੇਸ਼ ਸਥਾਨ ਹਾਸਲ ਹੈ। ਹਾਲਾਂਕਿ ਇਸ ਨੂੰ ਮਹੱਤਵਪੂਰਨ ਕੰਮਾਂ ਵਾਸਤੇ ਵਰਤਿਆ ਜਾਂਦਾ ਸੀ ਪ੍ਰੰਤੂ ਫਿਰ ਵੀ ਪੰਜਾਬੀ ਮੁਹਾਵਰੇ ਵਿੱਚ ਇਸ ਨੂੰ ਨਿਗੂਣੀ ਵਸਤੂ ਨਾਲੋਂ ਥੋੜ੍ਹਾ ਜਿਹਾ ਹੀ ਉੱਪਰ ਸਥਾਨ ਮਿਲਦਾ ਸੀ। ‘ਛੱਜ ਤਾਂ ਬੋਲੇ ਛਾਣਨੀ ਵੀ ਬੋਲੇ’ ਵਾਲਾ ਮੁਹਾਵਰਾ ਇਸ ਦੀ ਪ੍ਰਤੱਖ ਮਿਸਾਲ ਹੈ। ਛਾਣਨੀ ਵਿਸ਼ੇਸ਼ ਤੌਰ ’ਤੇ ਆਟੇ ਵਿੱਚੋਂ ਸੂੜ੍ਹਾ ਕੱਢਣ ਦੇ ਕੰਮ ਆਉਂਦੀ ਹੈ ਪ੍ਰੰਤੂ ਫਿਰ ਵੀ ਇਸ ਨੂੰ ਨਿਗੂਣੀ ਦੱਸਣ ਲਈ ਇਸ ਦੀ ਤੁਲਨਾ ਛੱਜ ਨਾਲ ਕੀਤੀ ਜਾਂਦੀ ਹੈ। ਜਦੋਂ ਬੰਦਾ ਗ਼ਲਤੀਆਂ ਦਾ ਪੁਤਲਾ ਹੋਵੇ ਅਤੇ ਉਹ ਦੂਸਰੇ ਵੱਲ ਉਂਗਲ ਕਰਦਾ ਹੋਵੇ ਤਾਂ ਉਸ ਨੂੰ ਰੋਕਣ ਲਈ ਇਸ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ। ਛੱਜ ਵਿੱਚ ਪਾ ਕੇ ਛੱਟਣਾ ਵੀ ਕਿਸੇ ਨੂੰ ਅੰਤਾਂ ਦਾ ਬਦਨਾਮ ਕਰਨ ਲਈ ਵਰਤਿਆ ਜਾਣ ਵਾਲਾ ਮੁਹਾਵਰਾ ਹੈ। ਇਸੇ ਤਰ੍ਹਾਂ ਵਿਆਹ ਸ਼ਾਦੀ ਵੇਲੇ ਵਿਸ਼ੇਸ਼ ਤੌਰ ’ਤੇ ਨਾਨਕਾ ਛੱਕ ਵੱਲੋਂ ਜਾਗੋ ਕੱਢੀ ਜਾਂਦੀ ਹੈ ਅਤੇ ਇਸ ਦੇ ਅਖੀਰ ’ਤੇ ਘਰ ਵਿੱਚ ਇਕੱਠੀਆਂ ਹੋ ਕੇ ਔਰਤਾਂ ਗਿੱਧਾ ਪਾਉਂਦੀਆਂ ਹਨ। ਗਿੱਧੇ ਦੇ ਅੰਤ ’ਤੇ ਔਰਤਾਂ ਦੁਆਰਾ ਡੰਡੇ ਦੀ ਸਹਾਇਤਾ ਨਾਲ ਛੱਜ ਨੂੰ ਭੰਨਿਆ ਜਾਂਦਾ ਹੈ।
ਮੌਜੂਦਾ ਸਮੇਂ ਵਿੱਚ ਛੱਜ ਪੰਜਾਬੀ ਜੀਵਨ-ਜਾਚ ਵਿੱੱਚੋਂ ਲੋਪ ਹੋਣ ਦੇ ਕੰਢੇ ’ਤੇ ਹੈ। ਉਂਜ ਜਿਊਂਦਾ ਰਹੇ ਨਾਨਕਾ ਛੱਕ ਜਿਹੜਾ ਮੈਰਿਜ ਪੈਲਸਾਂ ਵਿੱਚ ਜਾਗੋ ਕੱਢਣ ਵੇਲੇ ਛੱਜ ਜ਼ਰੂਰ ਭੰਨਦਾ ਹੈ ਅਤੇ ਲੱਗਦੇ ਰਹਿਣ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦੇ ਯੁਵਕ ਮੇਲੇ ਜਿੱਥੇ ਗਿੱਧੇ ਦੀ ਪੇਸ਼ਕਾਰੀ ਵਿੱਚ ਛੱਜ ਭੰਨਿਆ ਜਾਂਦਾ ਹੈ। ਇਸ ਤਰ੍ਹਾਂ ਛੱਜ ਦੀ ਨਿਸ਼ਾਨੀ ਮਿਲਦੀ ਰਹੇਗੀ।

Advertisement

ਸੰਪਰਕ: 95010-20731

Advertisement

Advertisement
Author Image

sukhwinder singh

View all posts

Advertisement