ਮਜ਼ਦੂਰ ਅਧਿਕਾਰ ਅੰਦੋਲਨ ਵੱਲੋਂ ਚੇਤਨਾ ਕਨਵੈਨਸ਼ਨ
ਪੱਤਰ ਪ੍ਰੇਰਕ
ਤਪਾ ਮੰਡੀ, 14 ਸਤੰਬਰ
ਇੱਥੇ ਮਜ਼ਦੂਰ ਅਧਿਕਾਰ ਅੰਦੋਲਨ ਵੱਲੋਂ ਪਰਜਾਪਤ ਧਰਮਸ਼ਾਲਾ ਵਿੱਚ ਮਜ਼ਦੂਰ ਚੇਤਨਾ ਕਨਵੈਨਸ਼ਨ ਕਰਵਾਈ ਗਈ ਜਿਸ ਦੀ ਸ਼ੁਰੂਆਤ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਹੋਈ। ਕਨਵੈਨਸ਼ਨ ਵਿੱਚ ਮੋਦੀ ਅਤੇ ‘ਆਪ’ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ, ਪੈਟਰੋਲ, ਡੀਜ਼ਲ ਅਤੇ ਬੱਸਾਂ ਦੇ ਕਿਰਾਏ ਵਿੱਚ ਵਾਧੇ ਦੀ ਨਿਖੇਧੀ ਕੀਤੀ ਗਈ। ਸੀਪੀਆਈ (ਐੱਮਐੱਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਕਿਹਾ ਕਿ ਮਜ਼ਦੂਰਾਂ ਦੀ ਹਾਲਤ ਲਗਾਤਾਰ ਬਦ ਤੋਂ ਬਦਤਰ ਹੋ ਗਈ ਹੈ। ਸਾਰੇ ਖੇਤਰਾਂ ’ਚ ਮਸ਼ੀਨ ਤੇ ਤਕਨੀਕ ਦੀ ਵਰਤੋਂ ਕਾਰਨ ਮਜ਼ਦੂਰ ਕੰਮ ਤੋਂ ਵਿਹਲੇ ਹੋ ਗਏ ਹਨ।
ਉਨ੍ਹਾਂ ਦੋਸ਼ ਲਾਇਆ ਕਿ ਮਨਰੇਗਾ ਦੇ ਕੰਮਾਂ ’ਚ ‘ਆਪ’ ਦੇ ਨਵੇਂ ਵਰਕਰ ਸਿਆਸੀ ਦਖ਼ਲਅੰਦਾਜ਼ੀ ਕਰ ਰਹੇ ਹਨ, ਜਿਸ ਨਾਲ ਲੋੜਵੰਦ ਮਜ਼ਦੂਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਵੱਲੋਂ ਸ਼ਹਿਰ ਵਿੱਚ ਮੁਜ਼ਾਹਰਾ ਕਰ ਕੇ ਬੱਸ ਅੱਡੇ ’ਚ ਮਾਨ ਸਰਕਾਰ ਦੀ ਅਰਥੀ ਫੂਕੀ ਗਈ। ਕਨਵੈਨਸ਼ਨ ਦੌਰਾਨ ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਹਰੀ ਸਿੰਘ ਬੁੱਗਰ, ਕਾਮਰੇਡ ਅਜਾਇਬ ਸਿੰਘ ਖੋਖਰ, ਕਰਮਜੀਤ ਸਿੰਘ ਪੀਰਕੋਟ ਅਤੇ ਪਰਮਜੀਤ ਕੌਰ ਬੱਲ੍ਹੋ ਨੇ ਵਿਚਾਰ ਰੱਖੇ।