ਸ਼ਤਰੰਜ: ਕ੍ਰਾਮਲਿੰਗ ਨੂੰ ਹਰਾ ਕੇ ਵੈਸ਼ਾਲੀ ਸਿਖਰ ’ਤੇ ਬਰਕਰਾਰ
ਸਟਵੈਂਗਰ:
ਭਾਰਤੀ ਗਰੈਂਡਮਾਸਟਰ ਆਰ ਵੈਸ਼ਾਲੀ ਨੇ ਅੱਜ ਇੱਥੇ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਚੌਥੇ ਗੇੜ ਵਿੱਚ ਸਵੀਡਨ ਦੀ ਪੀਆ ਕ੍ਰਾਮਲਿੰਗ ਨੂੰ ਹਰਾ ਦਿੱਤਾ ਜਦਕਿ ਉਸ ਦਾ ਭਰਾ ਆਰ ਪ੍ਰਗਨਾਨੰਦਾ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਤੋਂ ਹਾਰ ਕੇ ਚੌਥੇ ਸਥਾਨ ’ਤੇ ਖਿਸਕ ਗਿਆ। ਵੈਸ਼ਾਲੀ ਮਹਿਲਾ ਵਰਗ ਵਿੱਚ 2.5 ਅੰਕਾਂ ਦੀ ਲੀਡ ਨਾਲ ਸਿਖਰ ’ਤੇ ਚੱਲ ਰਹੀ ਹੈ। ਉਸ ਦੇ 8.5 ਅੰਕ ਹਨ। ਇਸ ਤੋਂ ਬਾਅਦ ਮਹਿਲਾ ਵਿਸ਼ਵ ਚੈਂਪੀਅਨ ਚੀਨ ਦੀ ਵੇਨਜੁਨ ਜੂ ਅਤੇ ਯੂਕਰੇਨ ਦੀ ਐਨਾ ਮੁਜ਼ਿਚੁਕ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹਨ। ਮੁਜ਼ੀਚੁਕ ਨੇ ਭਾਰਤ ਦੀ ਕੋਨੇਰੂ ਹੰਪੀ ਨੂੰ ਹਰਾ ਕੇ ਟੂਰਨਾਮੈਂਟ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ ਜਦੋਂਕਿ ਵੇਨਜੁਨ ਨੇ ਆਰਮਗੈਡੋਨ ਵਿੱਚ ਆਪਣੀ ਹਮਵਤਨ ਟਿੰਗਜੀ ਲੇਈ ਨੂੰ ਹਰਾਇਆ। ਪੁਰਸ਼ ਵਰਗ ਵਿੱਚ ਅੱਵਲ ਦਰਜੇ ਦੇ ਖਿਡਾਰੀ ਮੈਗਨਸ ਕਾਰਲਸਨ ਨੇ ਫੈਬੀਆਨੋ ਕਾਰੂਆਨਾ ਨੂੰ ਮਾਤ ਦਿੱਤੀ। ਭਾਰਤੀ ਸਟਾਰ ਪ੍ਰਗਨਾਨੰਦਾ ਨੂੰ ਨਾਕਾਮੁਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਨੇ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਹਰਾਇਆ। -ਪੀਟੀਆਈ