ਸ਼ਤਰੰਜ: ਉਜ਼ਬੇਕ ਗਰੈਂਡਮਾਸਟਰ ਨੇ ਵੈਸ਼ਾਲੀ ਨਾਲ ਹੱਥ ਮਿਲਾਉਣ ਤੋਂ ਕੀਤਾ ਇਨਕਾਰ
ਵਿਕ ਆਨ ਜ਼ੀ (ਨੈਦਰਲੈਂਡਜ਼), 27 ਜਨਵਰੀ
ਗਰੈਂਡਮਾਸਟਰ ਨੋਦਿਰਬੇਕ ਯਾਕੂਬੋਏਵ ਵੱਲੋਂ ਭਾਰਤੀ ਗਰੈਂਡਮਾਸਟਰ ਆਰ ਵੈਸ਼ਾਲੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰਨ ’ਤੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਵਿੱਚ ਵਿਵਾਦ ਪੈਦਾ ਹੋ ਗਿਆ, ਜਿਸ ਤੋਂ ਬਾਅਦ ਉਜ਼ਬੇਕ ਖਿਡਾਰੀ ਨੇ ਮੁਆਫੀ ਮੰਗਦਿਆਂ ਕਿਹਾ ਕਿ ਉਸ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਅਤੇ ਉਸ ਨੇ ‘ਧਾਰਮਿਕ ਕਾਰਨਾਂ’ ਕਰਕੇ ਅਜਿਹਾ ਕੀਤਾ ਹੈ। ‘ਚੈੱਸਬੇਸ ਇੰਡੀਆ’ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਵੈਸ਼ਾਲੀ ਨੂੰ ਯਾਕੂਬੋਏਵ ਖ਼ਿਲਾਫ਼ ਚੌਥੇ ਗੇੜ ਦੀ ਬਾਜ਼ੀ ਸ਼ੁਰੂ ਹੋਣ ਤੋਂ ਪਹਿਲਾਂ ਆਪਣਾ ਹੱਥ ਵਧਾਉਂਦਿਆਂ ਦੇਖਿਆ ਜਾ ਸਕਦਾ ਹੈ ਪਰ ਉਜ਼ਬੇਕ ਖਿਡਾਰੀ ਹੱਥ ਮਿਲਾਏ ਬਿਨਾਂ ਬੈਠ ਗਿਆ, ਜਿਸ ਨਾਲ ਭਾਰਤੀ ਖਿਡਾਰਨ ਅਸਹਿਜ ਨਜ਼ਰ ਆਈ।
ਸਾਲਾ 2019 ਵਿੱਚ ਗਰੈਂਡਮਾਸਟਰ ਬਣਿਆ 23 ਸਾਲਾ ਯਾਕੂਬੋਏਵ ਇਹ ਬਾਜ਼ੀ ਹਾਰ ਗਿਆ ਅਤੇ ਚੈਲੰਜਰਜ਼ ਵਰਗ ਵਿੱਚ ਅੱਠ ਗੇੜਾਂ ਮਗਰੋਂ ਉਸ ਦੇ ਤਿੰਨ ਅੰਕ ਹਨ। ਵੀਡੀਓ ਵਾਇਰਲ ਹੋਣ ਮਗਰੋਂ ਯਾਕੂਬੋਏਵ ਨੇ ‘ਐਕਸ’ ’ਤੇ ਕਿਹਾ ਕਿ ਉਸ ਦੇ ਮਨ ਵਿੱਚ ਵੈਸ਼ਾਲੀ ਅਤੇ ਉਸ ਦੇ ਛੋਟੇ ਭਰਾ ਆਰ. ਪ੍ਰਗੰਨਾਨੰਦਾ ਲਈ ਪੂਰਾ ਸਤਿਕਾਰ ਹੈ ਪਰ ਉਹ ਧਾਰਮਿਕ ਕਾਰਨਾਂ ਕਰਕੇ ਹੋਰ ਲੜਕੀਆਂ ਨੂੰ ਹੱਥ ਨਹੀਂ ਲਾਉਂਦਾ।
ਮੁਸਲਿਮ ਧਰਮ ਨੂੰ ਮੰਨਣ ਵਾਲੇ ਯਾਕੂਬੋਏਵ ਨੇ ਕਿਹਾ, ‘ਮੈਂ ਵੈਸ਼ਾਲੀ ਨਾਲ ਬਾਜ਼ੀ ਦੌਰਾਨ ਪੈਦਾ ਹੋਈ ਸਥਿਤੀ ਸਪੱਸ਼ਟ ਕਰਨਾ ਚਾਹੁੰਦਾ ਹਾਂ। ਔਰਤਾਂ ਅਤੇ ਭਾਰਤੀ ਸ਼ਤਰੰਜ ਖਿਡਾਰੀਆਂ ਪ੍ਰਤੀ ਪੂਰੇ ਸਤਿਕਾਰ ਨਾਲ ਮੈਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੈਂ ਧਾਰਮਿਕ ਕਾਰਨਾਂ ਕਰਕੇ ਦੂਜੀਆਂ ਔਰਤਾਂ ਨੂੰ ਨਹੀਂ ਛੂੰਹਦਾ।’ ਵੈਸ਼ਾਲੀ ਨੇ ਉਜ਼ਬੇਕ ਖਿਡਾਰੀ ਨੂੰ ਹਰਾਉਣ ਤੋਂ ਬਾਅਦ ਆਪਣਾ ਹੱਥ ਅੱਗੇ ਨਹੀਂ ਵਧਾਇਆ। ਭਾਰਤੀ ਖਿਡਾਰਨ ਦੇ ਅੱਠ ਗੇੜਾਂ ਮਗਰੋਂ ਚਾਰ ਅੰਕ ਹਨ ਅਤੇ ਮੁਕਾਬਲੇ ਵਿੱਚ ਪੰਜ ਹੋਰ ਗੇੜ ਖੇਡੇ ਜਾਣੇ ਹਾਲੇ ਬਾਕੀ ਹਨ। ਯਾਕੂਬੋਏਵ ਨੇ ਕਿਹਾ, ‘ਜੇ ਮੈਂ ਆਪਣੇ ਵਿਹਾਰ ਨਾਲ ਕਿਸੇ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਮੈਂ ਹੋਰ ਸਪੱਸ਼ਟੀਕਰਨ ਦੇਣਾ ਚਾਹੁੰਦਾ ਹਾਂ ਕਿ ਸ਼ਤਰੰਜ ਹਰਾਮ ਨਹੀਂ ਹੈ। ਮੈਂ ਉਹ ਕਰਦਾ ਹਾਂ ਜੋ ਮੈਨੂੰ ਕਰਨਾ ਚਾਹੀਦਾ ਹੈ। -ਪੀਟੀਆਈ