ਸ਼ਤਰੰਜ: ਭਾਰਤ ਦੀਆਂ ਦੋਵੇਂ ਟੀਮਾਂ ਦੀ ਜੇਤੂ ਮੁਹਿੰਮ ਜਾਰੀ
ਬੁਡਾਪੈਸਟ (ਹੰਗਰੀ), 14 ਸਤੰਬਰ
ਭਾਰਤੀ ਪੁਰਸ਼ ਟੀਮ ਨੇ ਮੁਕਾਬਲੇ ਵਿੱਚ ਪਹਿਲੀ ਵਾਰ ਕੋਈ ਅੰਕ ਗੁਆਏ ਬਗ਼ੈਰ ਇੱਥੇ ਚੱਲ ਰਹੇ 45ਵੇਂ ਸ਼ਤਰੰਜ ਓਲੰਪਿਆਡ ਵਿੱਚ ਹੰਗਰੀ-ਬੀ ਨੂੰ 3.5-0.5 ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਓਪਨ ਵਰਗ ਵਿੱਚ ਭਾਰਤੀ ਟੀਮ ਦੀ ਜਿੱਤ ਦਾ ਹੀਰੋ ਅਰਜੁਨ ਏਰੀਗੈਸੀ ਰਿਹਾ, ਜਿਸ ਨੇ ਪੀਟਰ ਪ੍ਰੋਹਾਜ਼ਸਕਾ ਖ਼ਿਲਾਫ਼ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਦੌਰਾਨ ਵਿਦਿਤ ਗੁਜਰਾਤੀ ਨੂੰ ਪੈਪ ਗੈਬਰ ਖ਼ਿਲਾਫ਼ ਡਰਾਅ ਨਾਲ ਸੰਤੁਸ਼ਟ ਹੋਣਾ ਪਿਆ। ਮੌਜੂਦਾ ਟੂਰਨਾਮੈਂਟ ਵਿੱਚ ਪਹਿਲੀ ਵਾਰ ਕੋਈ ਭਾਰਤੀ ਪੁਰਸ਼ ਖਿਡਾਰੀ ਜਿੱਤਣ ਵਿੱਚ ਨਾਕਾਮ ਰਿਹਾ ਹੈ। ਦੂਜੇ ਪਾਸੇ ਡੀ. ਗੁਕੇਸ਼ ਨੇ ਐਡਮ ਕੋਜ਼ਾਕ ਅਤੇ ਆਰ. ਪ੍ਰਗਨਾਨੰਦਾ ਨੇ ਤਾਮਸ ਬਾਨੂਜ਼ ਨੂੰ ਹਰਾ ਕੇ ਭਾਰਤ ਦੀ ਵੱਡੀ ਜਿੱਤ ਯਕੀਨੀ ਬਣਾਈ।
ਮਹਿਲਾ ਵਰਗ ’ਚ ਸਿਖਰਲੇ ਬੋਰਡ ’ਤੇ ਡੀ. ਹਰਿਕਾ ਦੀ ਹਾਰ ਦੇ ਬਾਵਜੂਦ ਆਰ. ਵੈਸ਼ਾਲੀ, ਦਿਵਿਆ ਦੇਸ਼ਮੁਖ ਅਤੇ ਵੰਤਿਕਾ ਅਗਰਵਾਲ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ, ਜਿਸ ਸਦਕਾ ਭਾਰਤੀ ਟੀਮ ਸਵਿਟਜ਼ਰਲੈਂਡ ਨੂੰ 3-1 ਨਾਲ ਹਰਾਉਣ ’ਚ ਕਾਮਯਾਬ ਰਹੀ। ਭਾਰਤੀ ਮਹਿਲਾ ਟੀਮ ਨੇ ਫਿਲਹਾਲ ਛੇ ਅੰਕਾਂ ਨਾਲ ਸਾਂਝੇ ਤੌਰ ’ਤੇ ਲੀਡ ਬਣਾਈ ਹੋਈ ਹੈ। ਹਰਿਕਾ ਨੂੰ ਅਲੈਗਜ਼ੈਂਡਰਾ ਕੋਸਤੇਨੀਯੁਕ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਵੈਸ਼ਾਲੀ ਨੇ ਗ਼ਜ਼ਲ ਹਕੀਮੀਫ਼ਰਦ ਨੂੰ ਕੋਈ ਮੌਕਾ ਨਹੀਂ ਦਿੱਤਾ। ਦਿਵਿਆ ਨੇ ਵੀ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ ਸੋਫੀਆ ਹਰੀਜ਼ਲੋਵਾ ਖ਼ਿਲਾਫ਼ ਆਸਾਨ ਜਿੱਤ ਦਰਜ ਕੀਤੀ। ਚੌਥੇ ਬੋਰਡ ’ਤੇ ਵੰਤਿਕਾ ਨੇ ਮਾਰੀਆ ਮਾਨਕੋ ਨੂੰ ਹਰਾਇਆ। -ਪੀਟੀਆਈ