ਸ਼ਤਰੰਜ ਦੀ ਸਫ਼ਲਤਾ
ਕ੍ਰਿਕਟ ਦਾ ਸ਼ੈਦਾਈ ਸਾਡਾ ਮੁਲਕ ਪੁਰਸ਼ਾਂ ਅਤੇ ਔਰਤਾਂ ਦੀਆਂ ਟੀਮਾਂ ਦੀ ਕਿਸੇ ਅਜਿਹੀ ਖੇਡ ਵਿੱਚ ਮਾਰੀਆਂ ਮੱਲਾਂ ’ਤੇ ਬਾਘੀਆਂ ਪਾ ਰਿਹਾ ਹੈ ਜਿਸ ਬਾਰੇ ਲੋਕਾਂ ਦੀ ਜਾਣਕਾਰੀ ਬਹੁਤ ਹੀ ਸੀਮਤ ਹੈ। ਦੋਵੇਂ ਟੀਮਾਂ ਨੇ ਹੰਗਰੀ ਵਿੱਚ 45ਵੀਂ ਸ਼ਤਰੰਜ ਓਲੰਪਿਆਡ ਵਿੱਚ ਸੋਨ ਤਗਮੇ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਇਸ ਤਰ੍ਹਾਂ ਭਾਰਤ ਚੀਨ ਅਤੇ ਸਾਬਕਾ ਸੋਵੀਅਤ ਸੰਘ ਜਿਹੇ ਚੋਣਵੇਂ ਮੁਲਕਾਂ ਦੀ ਕਤਾਰ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਨੇ ਇੱਕ ਹੀ ਓਲੰਪਿਆਡ ਦੇ ਦੋਵੇਂ ਵਰਗਾਂ ਵਿੱਚ ਸੋਨ ਤਗਮੇ ਜਿੱਤੇ ਹਨ। ਅਹਿਮ ਗੱਲ ਇਹ ਸੀ ਕਿ ਜਦੋਂ ਸਾਡੇ ਯੁਵਾ ਸ਼ਤਰੰਜ ਖਿਡਾਰੀ ਆਪਣੇ ਜੌਹਰ ਦਿਖਾ ਰਹੇ ਸਨ ਤਾਂ ਇਸ ਮੌਕੇ ਵਿਸ਼ਵਨਾਥਨ ਆਨੰਦ ਵੀ ਮੌਜੂਦ ਸੀ ਜੋ ਕਿ ਇਸ ਖੇਡ ਦਾ ਉਸਤਾਦ ਗਿਣਿਆ ਜਾਂਦਾ ਹੈ। ਪੁਰਸ਼ ਟੀਮ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਚੈਲੇਂਜਰ ਡੀ ਗੁਕੇਸ਼, ਆਰ ਪ੍ਰਗਨਾਨੰਦਾ, ਅਰਜੁਨ ਇਰੀਗੈਸੀ, ਵਿਦਿਤ ਗੁਜਰਾਤੀ ਅਤੇ ਪੀ ਹਰੀਕ੍ਰਿਸ਼ਨਾ ਸ਼ਾਮਿਲ ਸਨ। ਹਰੀਕ੍ਰਿਸ਼ਨਾ ਨੂੰ ਛੱਡ ਕੇ ਇਨ੍ਹਾਂ ’ਚੋਂ ਕੋਈ ਵੀ ਖਿਡਾਰੀ ਉਦੋਂ ਜਨਮਿਆ ਵੀ ਨਹੀਂ ਸੀ ਜਦੋਂ ਆਨੰਦ 1988 ਵਿੱਚ ਭਾਰਤ ਦਾ ਪਹਿਲਾ ਗ੍ਰੈਂਡਮਾਸਟਰ ਬਣ ਗਿਆ ਸੀ। ਗੁਕੇਸ਼ ਸਿਰਫ਼ ਅਠਾਰਾਂ ਸਾਲ ਦਾ ਹੈ ਜਦੋਂਕਿ ਇਰੀਗੈਸੀ 21 ਸਾਲ ਦਾ ਹੈ। ਦੋਵੇਂ ਵਿਸ਼ਵ ਵਿੱਚ ਚੋਟੀ ਦੇ ਦਸ ਖਿਡਾਰੀਆਂ ਵਿੱਚ ਸ਼ਾਮਿਲ ਹਨ।
ਆਨੰਦ 54 ਸਾਲ ਦੀ ਉਮਰ ਵਿੱਚ ਇੱਕ ‘ਅੱਧਾ-ਸੇਵਾਮੁਕਤ’ ਸ਼ਤਰੰਜ ਖਿਡਾਰੀ ਹੈ ਜੋ ਕਿ ਅਜੇ ਵੀ ਦਰਜਾਬੰਦੀ ਵਿੱਚ ਗਿਆਰ੍ਹਵੇਂ ਸਥਾਨ ’ਤੇ ਟਿਕਣ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਵੱਧ ਕੀ ਹੋ ਸਕਦਾ ਹੈ, ਉਹ ਗੁਕੇਸ਼ ਤੇ ਪ੍ਰਗਨਾਨੰਦਾ ਵਰਗਿਆਂ ਲਈ ਪ੍ਰੇਰਨਾ ਦਾ ਵੱਡਾ ਸਰੋਤ ਹੈ। ਭਵਿੱਖਬਾਣੀ ਦੇ ਰੌਂਅ ’ਚ ਆਨੰਦ ਨੇ ਓਲੰਪਿਆਡ ਤੋਂ ਪਹਿਲਾਂ ਕਿਹਾ ਸੀ: ‘ਜੇ ਮੈਂ ਪਾਸਾ ਸੁੱਟਣਾ ਹੁੰਦਾ ਤਾਂ ਇਨ੍ਹਾਂ ਟੀਮਾਂ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਸੀ।’
ਟੀਮ ਦੀ ਜਿੱਤ ਯਕੀਨੀ ਤੌਰ ’ਤੇ ਗੁਕੇਸ਼ ਦਾ ਹੌਸਲਾ ਵਧਾਏਗੀ ਜੋ ਇਸ ਸਾਲ ਦੇ ਅਖ਼ੀਰ ਵਿੱਚ ਸਿੰਗਾਪੁਰ ’ਚ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਡਿੰਗ ਲਾਇਰਨ ਨਾਲ ਭਿੜੇਗਾ। ਮਹਿਲਾਵਾਂ ਦੀ ਟੀਮ— ਹਰਿਕਾ ਦ੍ਰੌਣਾਵੱਲੀ, ਆਰ. ਵੈਸ਼ਾਲੀ, ਦਿਵਿਆ ਦੇਸ਼ਮੁਖ, ਵੰਤਿਕਾ ਅਗਰਵਾਲ ਤੇ ਤਾਨੀਆ ਸਚਦੇਵ ਵੀ ਵਧਾਈ ਦੀਆਂ ਹੱਕਦਾਰ ਹਨ ਜਿਨ੍ਹਾਂ ਸਟਾਰ ਖਿਡਾਰਨ ਕੋਨੇਰੂ ਹੰਪੀ ਦੀ ਗ਼ੈਰ-ਹਾਜ਼ਰੀ ਵਿੱਚ ਵੀ ਜਿੱਤ ਦਰਜ ਕੀਤੀ ਹੈ। ਭਾਰਤੀ ਸ਼ਤਰੰਜ ਲਈ ਇਹ ਵੱਡੀਆਂ ਉਪਲਬਧੀਆਂ ਹਨ ਜੋ ਕਿ ਹੁਣ ਮਹਿਜ਼ ਇੱਕ ਪੁਰਸ਼ ਜਾਂ ਇੱਕ ਔਰਤ ਦੀ ਖੇਡ ਤੱਕ ਸੀਮਤ ਨਹੀਂ ਰਹਿ ਗਈ। ‘ਗਲੋਬਲ ਚੈੱਸ ਲੀਗ’, ਜਿਸ ਦਾ ਦੂਜਾ ਸੀਜ਼ਨ ਅਗਲੇ ਮਹੀਨੇ ਲੰਡਨ ਵਿੱਚ ਸ਼ੁਰੂ ਹੋਵੇਗਾ, ਵੀ ਇਨ੍ਹਾਂ ਖਿਡਾਰੀਆਂ ਨੂੰ ਆਪਣਾ ਹੁਨਰ ਤਿੱਖਾ ਕਰਨ ਅਤੇ ਇਸ ਖੇਡ ਨੂੰ ਭਾਰਤ ਵਿੱਚ ਹੋਰ ਮਕਬੂਲ ਕਰਨ ਦਾ ਇੱਕ ਵੱਡਾ ਮੌਕਾ ਉਪਲਬਧ ਕਰਾਏਗੀ।