ਸ਼ਤਰੰਜ: ਅਲੀਰੇਜ਼ਾ ਤੋਂ ਹਾਰਿਆ ਪ੍ਰਗਨਾਨੰਦਾ
ਸਤਾਵਾਂਗੇਰ (ਨਾਰਵੇ), 3 ਜੂਨ
ਭਾਰਤ ਦੀ ਭੈਣ-ਭਰਾ ਦੀ ਜੋੜੀ ਆਰ ਪ੍ਰਗਨਾਨੰਦਾ ਅਤੇ ਆਰ ਵੈਸ਼ਾਲੀ ਨੂੰ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਮੈਗਨਸ ਕਾਰਲਸਨ ਨੇ ਡਿੰਗ ਲਿਰੇਨ ਨੂੰ ਹਰਾ ਕੇ 12 ਅੰਕਾਂ ਨਾਲ ਸਿੰਗਲਜ਼ ਲੀਡ ਹਾਸਲ ਕੀਤੀ। ਅਮਰੀਕਾ ਦੇ ਫੈਬਿਆਨੋ ਕਾਰੂਆਨਾ ਨੇ ਹਮਵਤਨ ਹਿਕਾਰੂ ਨਾਕਾਮੁਰਾ ਨੂੰ ਹਰਾ ਕੇ ਛੇ ਖਿਡਾਰੀਆਂ ਦਰਮਿਆਨ ਡਬਲ ਰਾਊਂਡ ਰੌਬਿਨ ਆਧਾਰ ’ਤੇ ਖੇਡੇ ਜਾ ਰਹੇ ਇਸ ਮੁਕਾਬਲੇ ਵਿੱਚ ਕਾਰਲਸਨ ਨੂੰ ਲੀਡ ਦਿਵਾਉਣ ਵਿੱਚ ਮਦਦ ਕੀਤੀ। ਪ੍ਰਗਨਾਨੰਦਾ ਨੂੰ ਕਲਾਸੀਕਲ ਮੈਚ ਵਿੱਚ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਖ਼ਿਲਾਫ਼ ਥੋੜ੍ਹਾ ਸੰਘਰਸ਼ ਕਰਨਾ ਪਿਆ ਪਰ ਉਹ ਇਸ ਮਗਰੋਂ ਆਰਮਗੇਡੋਨ ਟਾਈਬ੍ਰੇਕਰ ਵਿੱਚ ਹਾਰ ਗਿਆ। ਉਸ ਦੀ ਭੈਣ ਵੈਸ਼ਾਲੀ ਨੂੰ ਚੀਨ ਦੀ ਵਿਸ਼ਵ ਚੈਂਪੀਅਨ ਵੇਨਜੁਨ ਜੂ ਤੋਂ ਮਾਤ ਖਾਣੀ ਪਈ। ਹੁਣ ਜਦਕਿ ਚਾਰ ਗੇੜ ਦੀਆਂ ਬਾਜ਼ੀਆਂ ਖੇਡੀਆਂ ਜਾਣੀਆਂ ਬਾਕੀ ਹਨ ਤਾਂ ਸਿਖਰ ’ਤੇ ਕਾਬਜ਼ ਕਾਰਲਸਨ ਮਗਰੋਂ ਨਾਕਾਮੁਰਾ ਦਾ ਨੰਬਰ ਆਉਂਦਾ ਹੈ, ਜਿਸ ਦੇ 11 ਅੰਕ ਹਨ, ਜਦਕਿ ਪ੍ਰਗਨਾਨੰਦਾ 9.5 ਅੰਕਾਂ ਨਾਲ ਤੀਜੇ ਸਥਾਨ ’ਤੇ ਬਣਿਆ ਹੋਇਆ ਹੈ।
ਅਲੀਰੇਜ਼ਾ ਅੱਠ ਅੰਕਾਂ ਨਾਲ ਚੌਥੇ ਅਤੇ ਕਾਰੂਆਨਾ 6.5 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ, ਜਦਕਿ ਚੀਨ ਦਾ ਡਿੰਗ ਲੀਰੇਨ ਹੁਣ ਤੱਕ ਸਿਰਫ਼ 2.5 ਅੰਕ ਹੀ ਬਣਾ ਸਕਿਆ ਹੈ। ਮਹਿਲਾਵਾਂ ਦੇ ਵਰਗ ਵਿੱਚ ਵੇਨਜੁਨ ਜੂ ਅਤੇ ਆਨਾ ਮੁਜ਼ੀਚੁਕ ਨੇ ਵੈਸ਼ਾਲੀ ਦੀ ਜਗ੍ਹਾ ਲੀਡ ਹਾਸਲ ਕਰ ਲਈ ਹੈ। ਵੇਨਜੁਨ ਜੂ ਅਤੇ ਮੁਜ਼ੀਚੁਕ ਦੋਵਾਂ ਦੇ ਬਰਾਬਰ 10.5 ਅੰਕ ਹਨ, ਜਦਕਿ ਵੈਸ਼ਾਲੀ ਉਨ੍ਹਾਂ ਤੋਂ ਅੱਧਾ ਅੰਕ ਪਿੱਛੇ ਹੈ। ਮੁਜ਼ੀਚੁਕ ਨੇ ਚੀਨ ਦੀ ਤਿੰਗਜੀ ਲੇਈ ਨੂੰ ਆਰਮਗੇਡੋਨ ਟਾਈਬ੍ਰੇਕਰ ਵਿੱਚ ਹਰਾਇਆ। ਲੋਈ ਸੱਤ ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਉਹ ਭਾਰਤ ਦੀ ਇੱਕ ਹੋਰ ਖਿਡਾਰਨ ਕੋਨੋਰੂ ਹੰਪੀ ਤੋਂ ਦੋ ਅੰਕ ਅੱਗੇ ਹੈ। ਹੰਪੀ ਨੂੰ ਆਰਮਗੇਡੋਨ ਵਿੱਚ ਸਵੀਡਨ ਦੀ ਪੀਆ ਕ੍ਰੈਮਲਿੰਗ ਹੱਥੋਂ ਇੱਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਕ੍ਰੈਮਲਿੰਗ ਦੇ 4.5 ਅੰਕ ਹਨ ਅਤੇ ਉਹ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਹੈ। -ਪੀਟੀਆਈ