ਸ਼ਤਰੰਜ: ਪ੍ਰਗਨਾਨੰਦਾ ਨੇ ਕਾਰੂਆਨਾ ਨੂੰ ਹਰਾਇਆ
ਸਟਵੈਂਗਰ (ਨਾਰਵੇ): ਭਾਰਤੀ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਨਾਰਵੇ ਸ਼ਤਰੰਜ ਚੈਂਪੀਅਨਸ਼ਿਪ ਦੇ ਪੰਜਵੇਂ ਗੇੜ ’ਚ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੂੰ ਹਰਾ ਦਿੱਤਾ, ਜਿਸ ਨਾਲ ਉਹ ਵਿਸ਼ਵ ਦਰਜਾਬੰਦੀ ’ਚ ਸਿਖਰਲੇ 10 ਖਿਡਾਰੀਆਂ ’ਚ ਪਹੁੰਚ ਗਿਆ ਹੈ। ਪ੍ਰਗਨਾਨੰਦਾ ਨੇ ਕਾਰੂਆਨਾ ਨੂੰ ਉਲਝਾਈ ਰੱਖਿਆ ਅਤੇ ਕਾਰੂਆਨਾ ਨੇ 66ਵੀਂ ਚਾਲ ’ਚ ਗਲਤੀ ਕੀਤੀ, ਜਿਸ ਦਾ ਪ੍ਰਗਨਾਨੰਦਾ ਨੇ ਫਾਇਦਾ ਚੁੱਕਿਆ ਤੇ ਇਸ ਤੋਂ 11 ਚਾਲਾਂ ਬਾਅਦ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਅਮਰੀਕਾ ਦੇ ਹਿਕਾਰੂ ਨਾਕਾਮੂਰਾ ਨੇ ਚੀਨ ਦੇ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਨੂੰ ਹਰਾ ਕੇ ਮੈਗਨਸ ਕਾਰਲਸਨ ’ਤੇ ਆਪਣੀ ਲੀਡ ਇੱਕ ਅੰਕ ਤੱਕ ਵਧਾ ਲਈ। ਨਾਕਾਮੂਰਾ ਦੇ 10 ਅੰਕ ਹਨ। ਕਾਰਲਸਨ ਨੇ ਫਰਾਂਸ ਫਿਰੋਜਾ ਅਲੀਰੇਜਾ ਨੂੰ ਹਰਾਇਆ।
ਟੂਰਨਾਮੈਂਟ ਦੇ ਹਾਲੇ ਪੰਜ ਗੇੜ ਬਾਕੀ ਹਨ ਤੇ ਪ੍ਰਗਨਾਨੰਦਾ 8.5 ਅੰਕਾਂ ਨਾਲ ਕਾਰਲਸਨ ਤੋਂ ਬਾਅਦ ਤੀਜੇ ਸਥਾਨ ’ਤੇ ਹੈ। ਜਦਕਿ ਅਲੀਰੇਜਾ 6.5 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ ਅਤੇ ਪੰਜਵੇਂ ਸਥਾਨ ’ਤੇ ਕਾਰੂਆਨਾ ਦੇ ਪੰਜ ਅੰਕ ਹਨ।
ਡਿੰਗ ਲਿਰੇਨ 2.5 ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ। ਮਹਿਲਾ ਵਰਗ ’ਚ ਭਾਰਤ ਦੀ ਆਰ. ਵੈਸ਼ਾਲੀ ਨੇ ਆਰਮਗੇਡਨ ਗੇਮ ’ਚ ਚੀਨ ਦੀ ਟਿੰਗਕੀ ਲੇਈ ਨੂੰ ਹਰਾ ਕੇ ਆਪਣੇ ਅੰਕਾਂ ਦੀ ਗਿਣਤੀ 10 ਕਰ ਲਈ ਹੈ। ਵੈਸ਼ਾਲੀ ਤੋਂ ਬਾਅਦ ਅੰਨਾ ਮੁਜੀਚੁਕ ਦਾ ਨੰਬਰ ਆਉਂਦਾ ਹੈ, ਜਿਸ ਦੇ ਨੌਂ ਅੰਕ ਹਨ। ਉਸ ਨੇ ਪੰਜਵੇਂ ਗੇੜ ’ਚ ਸਵੀਡਨ ਦੀ ਪੀ. ਕਰੈਮਲਿੰਗ ਨੂੰ ਹਰਾਇਆ।
ਮਹਿਲਾ ਵਿਸ਼ਵ ਚੈਂਪੀਅਨ ਵੇਨਜੁਨ ਜੂ ਨੇ ਆਰਮਗੇਡਨ ’ਚ ਭਾਰਤ ਦੀ ਕੋਨੇਰੂ ਹੰਪੀ ਨੂੰ ਹਰਾਇਆ। ਉਹ 7.5 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਹੰਪੀ ਦੇ 5.5 ਅੰਕ ਹਨ। -ਪੀਟੀਆਈ