ਸ਼ਤਰੰਜ ਓਲੰਪਿਆਡ: ਭਾਰਤੀ ਮਹਿਲਾ ਟੀਮ ਨੇ ਅਮਰੀਕਾ ਨਾਲ ਡਰਾਅ ਖੇਡਿਆ
ਬੁਡਾਪੈਸਟ: ਕੌਮਾਂਤਰੀ ਮਾਸਟਰ ਵੰਤਿਕਾ ਅਗਰਵਾਲ ਨੇ ਲੋੜ ਦੇ ਸਮੇਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗਰੈਂਡਮਾਸਟਰ ਇਰੀਨਾ ਕ੍ਰਸ਼ ਨੂੰ ਹਰਾਇਆ, ਜਿਸ ਦੀ ਮਦਦ ਨਾਲ ਭਾਰਤੀ ਮਹਿਲਾ ਟੀਮ ਨੇ 45ਵੇਂ ਸ਼ਤਰੰਜ ਓਲੰਪਿਆਡ ਦੇ ਨੌਵੇਂ ਰਾਊਂਡ ਵਿੱਚ ਅਮਰੀਕਾ ਨਾਲ 2-2 ਨਾਲ ਡਰਾਅ ਖੇਡਿਆ, ਜਦਕਿ ਪੁਰਸ਼ ਟੀਮ ਨੇ ਉਜ਼ਬੇਕਿਸਤਾਨ ਨਾਲ ਅੰਕ ਸਾਂਝੇ ਕੀਤੇ। ਭਾਰਤੀ ਟੀਮ ਪ੍ਰਬੰਧਨ ਨੇ ਮਾੜੀ ਲੈਅ ਵਿੱਚ ਚੱਲ ਰਹੀ ਡੀ. ਹਰਿਕਾ ਨੂੰ ਆਰਾਮ ਦਿੱਤਾ ਪਰ ਆਰ. ਵੈਸ਼ਾਲੀ ਸਿਖਰਲੇ ਬੋਰਡ ’ਤੇ ਗੁਲਰੁਖ਼ਬੇਗ਼ਮ ਤੋਖਿਰਜੋਨੋਵਾ ਤੋਂ ਹਾਰ ਗਈ। ਦੂਜੇ ਬੋਰਡ ’ਤੇ ਦਿਵਿਆ ਦੇਸ਼ਮੁਖ ਨੇ ਕਾਰਿਸਾ ਥਿਪ ਨਾਲ ਡਰਾਅ ਖੇਡਿਆ। ਤਾਨੀਆ ਸਚਦੇਵ ਅਤੇ ਐਲਿਸ ਲੀ ਦਾ ਮੁਕਾਬਲਾ ਵੀ ਡਰਾਅ ਰਿਹਾ। ਇਸ ਮਗਰੋਂ ਵੰਤਿਕਾ ’ਤੇ ਸਾਰੀ ਜ਼ਿੰਮੇਵਾਰੀ ਆ ਗਈ, ਜਿਸ ਨੇ ਨਿਰਾਸ਼ ਨਹੀਂ ਕੀਤਾ ਅਤੇ ਉੱਚੀ ਰੈਂਕਿੰਗ ਵਾਲੀ ਵਿਰੋਧੀ ਖਿਡਾਰਨ ਨੂੰ ਹਰਾਇਆ। ਹੁਣ ਭਾਰਤ ਦੇ 15 ਅੰਕ ਹਨ ਅਤੇ ਸੋਨ ਤਗ਼ਮੇ ਦੀਆਂ ਉਮੀਦਾਂ ਬਰਕਰਾਰ ਰੱਖਣ ਲਈ ਆਖ਼ਰੀ ਦੋਵੇਂ ਰਾਊਂਡ ਵਿੱਚ ਜਿੱਤ ਦਰਜ ਕਰਨੀ ਪਵੇਗੀ। ਕਜ਼ਾਖਸਤਾਨ 16 ਅੰਕਾਂ ਨਾਲ ਸਿਖਰ ’ਤੇ ਹੈ, ਜਿਸ ਨੇ ਪੋਲੈਂਡ ਨੂੰ 2.5-1.5 ਨਾਲ ਹਰਾਇਆ। ਭਾਰਤ ਦੂਜੇ ਸਥਾਨ ’ਤੇ ਹੈ ਅਤੇ ਨੌਂ ਟੀਮਾਂ 14 ਅੰਕ ਲੈ ਕੇ ਤੀਜੇ ਸਥਾਨ ’ਤੇ ਹਨ। ਅਗਲੇ ਰਾਊਂਡ ਵਿੱਚ ਕਜ਼ਾਖਸਤਾਨ ਦਾ ਸਾਹਮਣਾ ਜੌਰਜੀਆ ਨਾਲ ਅਤੇ ਭਾਰਤ ਦੀ ਟੱਕਰ ਚੀਨ ਨਾਲ ਹੋਵੇਗੀ। ਓਪਨ ਵਰਗ ਵਿੱਚ ਭਾਰਤੀ ਪੁਰਸ਼ ਟੀਮ ਨੇ ਸਾਬਕਾ ਚੈਂਪੀਅਨ ਉਜ਼ਬੇਕਿਸਤਾਨ ਨਾਲ ਡਰਾਅ ਖੇਡਿਆ। ਲਗਾਤਾਰ ਅੱਠ ਜਿੱਤਾਂ ਮਗਰੋਂ ਜੇਕਰ ਭਾਰਤ ਨੌਵੇਂ ਗੇੜ ਵਿੱਚ ਵੀ ਜਿੱਤ ਜਾਂਦਾ ਹੈ ਤਾਂ ਸੋਨ ਤਗ਼ਮਾ ਪੱਕਾ ਹੋ ਜਾਵੇਗਾ। -ਪੀਟੀਆਈ