ਸ਼ਤਰੰਜ: ਹੰਪੀ ਨੇ ਦੂਜੀ ਵਾਰ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਜਿੱਤ ਕੇ ਰਚਿਆ ਇਤਿਹਾਸ
ਨਿਊਯਾਰਕ, 29 ਦਸੰਬਰ
ਭਾਰਤੀ ਗਰੈਂਡਮਾਸਟਰ ਕੋਨੇਰੂ ਹੰਪੀ ਨੇ ਅੱਜ ਇੱਥੇ ਇੰਡੋਨੇਸ਼ੀਆ ਦੀ ਆਇਰੀਨ ਸੁਕੰਦਰ ਨੂੰ ਹਰਾ ਕੇ ਦੂਜੀ ਵਾਰ ਮਹਿਲਾ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇ 2019 ਵਿੱਚ ਜੌਰਜੀਆ ’ਚ ਇਹ ਖਿਤਾਬ ਜਿੱਤਿਆ ਸੀ। ਹੰਪੀ ਚੀਨ ਦੀ ਜ਼ੂ ਵੇਨਜੁਨ ਤੋਂ ਬਾਅਦ ਇੱਕ ਤੋਂ ਵੱਧ ਖਿਤਾਬ ਜਿੱਤਣ ਵਾਲੀ ਦੂਜੀ ਖਿਡਾਰਨ ਹੈ। 37 ਸਾਲਾ ਹੰਪੀ ਨੇ 11 ’ਚੋਂ 8.5 ਦੇ ਸਕੋਰ ਨਾਲ ਚੈਂਪੀਅਨਸ਼ਿਪ ਜਿੱਤੀ। ਜਿੱਤ ਤੋਂ ਬਾਅਦ ਭਾਰਤ ਦੀ ਪਹਿਲੇ ਦਰਜੇ ਦੀ ਮਹਿਲਾ ਖਿਡਾਰਨ ਹੰਪੀ ਨੇ ਕਿਹਾ, ‘ਮੈਂ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ। ਮੈਨੂੰ ਪਤਾ ਸੀ ਕਿ ਇਹ ਮੁਕਾਬਲਾ ਮੇਰੇ ਲਈ ਸਖ਼ਤ ਹੋਵੇਗਾ।’ ਹੰਪੀ ਨੇ ਇਸ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ। ਉਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਪ੍ਰਾਪਤੀ ਮੈਂ ਆਪਣੇ ਪਰਿਵਾਰ ਦੇ ਸਮਰਥਨ ਸਦਕਾ ਹਾਸਲ ਕੀਤੀ ਹੈ। ਮੇਰੇ ਪਤੀ ਤੇ ਮਾਪਿਆਂ ਨੇ ਮੇਰਾ ਬਹੁਤ ਸਾਥ ਦਿੱਤਾ। ਜਦੋਂ ਮੈਂ ਟੂਰਨਾਮੈਂਟ ਲਈ ਯਾਤਰਾ ਕਰਦੀ ਹਾਂ ਤਾਂ ਮੇਰੇ ਮਾਪੇ ਮੇਰੀ ਬੇਟੀ ਦਾ ਧਿਆਨ ਰੱਖਦੇ ਹਨ।’ ਕਾਲੇ ਮੋਹਰਿਆਂ ਨਾਲ ਜਿੱਤ ਹਾਸਲ ਕਰਨ ਵਾਲੀ ਭਾਰਤੀ ਖਿਡਾਰਨ ਨੇ ਕਿਹਾ, ‘ਪੂਰਾ ਸਾਲ ਮੈਂ ਸੰਘਰਸ਼ ਕਰਦੀ ਰਹੀ ਹਾ।’ ਹੰਪੀ ਦੀ ਇਸ ਪ੍ਰਾਪਤੀ ਨਾਲ ਭਾਰਤੀ ਸ਼ਤਰੰਜ ਲਈ ਸ਼ਾਨਦਾਰ ਸਾਲ ਦਾ ਅੰਤ ਹੋ ਗਿਆ ਹੈ। ਇਸ ਤੋਂ ਪਹਿਲਾਂ ਡੀ ਗੁਕੇਸ਼ ਹਾਲ ਹੀ ’ਚ ਸਿੰਗਾਪੁਰ ’ਚ ਵਿਸ਼ਵ ਚੈਂਪੀਅਨ ਬਣਿਆ ਸੀ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਵੱਲੋਂ ਹੰਪੀ ਨੂੰ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਲਈ ਕੋਨੇਰੂ ਹੰਪੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਐਕਸ ’ਤੇ ਕਿਹਾ, ‘2024 ਮਹਿਲਾ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਜਿੱਤਣ ’ਤੇ ਹੰਪੀ ਨੂੰ ਵਧਾਈ। ਉਸ ਦੀ ਦ੍ਰਿੜ੍ਹਤਾ ਅਤੇ ਹੁਨਰ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ।’ ਮੋਦੀ ਨੇ ਕਿਹਾ, ‘ਇਹ ਜਿੱਤ ਹੋਰ ਵੀ ਇਤਿਹਾਸਕ ਹੈ ਕਿਉਂਕਿ ਇਹ ਉਸ ਦਾ ਦੂਜਾ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਖਿਤਾਬ ਹੈ। ਉਹ ਇਹ ਸ਼ਾਨਦਾਰ ਪ੍ਰਾਪਤੀ ਹਾਸਲ ਕਰਨ ਵਾਲੀ ਇਕਲੌਤੀ ਭਾਰਤੀ ਖਿਡਾਰਨ ਹੈ।’ -ਪੀਟੀਆਈ