ਸ਼ਤਰੰਜ: ਆਲਮੀ ਦਰਜਾਬੰਦੀ ਵਿੱਚ ਗੁਕੇਸ਼ ਚੌਥੇ ਸਥਾਨ ’ਤੇ
ਨਵੀਂ ਦਿੱਲੀ:
ਵਿਸ਼ਵ ਚੈਂਪੀਅਨ ਡੀ. ਗੁਕੇਸ਼ ਅੱਜ ਇੱਥੇ ਐੱਫਆਈਡੀਏ ਦੀ ਤਾਜ਼ਾ ਦਰਜਾਬੰਦੀ ਵਿੱਚ ਚੌਥੇ ਸਥਾਨ ’ਤੇ ਪਹੁੰਚ ਕੇ ਅਰਜੁਨ ਐਰੀਗੇਸੀ ਦੀ ਜਗ੍ਹਾ ਭਾਰਤ ਦਾ ਨੰਬਰ ਇੱਕ ਖਿਡਾਰੀ ਬਣ ਗਿਆ ਹੈ। 18 ਸਾਲਾ ਭਾਰਤੀ ਖਿਡਾਰੀ ਨੇ ਨੈਦਰਲੈਂਡਜ਼ ਵਿੱਚ ਚੱਲ ਰਹੇ ਟਾਟਾ ਸਟੀਲ ਟੂਰਨਾਮੈਂਟ ਵਿੱਚ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਹਰਾ ਕੇ ਇਹ ਪ੍ਰਾਪਤੀ ਹਾਸਲ ਕੀਤੀ। ਇਹ ਟੂਰਨਾਮੈਂਟ ਵਿੱਚ ਉਸ ਦੀ ਦੂਜੀ ਜਿੱਤ ਸੀ। ਹਾਲ ਹੀ ਵਿੱਚ ‘ਧਿਆਨ ਚੰਦ ਖੇਲ ਰਤਨ ਪੁਰਸਕਾਰ’ ਹਾਸਲ ਕਰਨ ਵਾਲੇ ਗੁਕੇਸ਼ ਦੇ ਹੁਣ 2784 ਰੇਟਿੰਗ ਅੰਕ ਹਨ। ਪਿਛਲੇ ਕੁਝ ਸਮੇਂ ਤੋਂ ਭਾਰਤ ਦਾ ਨੰਬਰ ਇੱਕ ਖਿਡਾਰੀ ਰਿਹਾ ਐਰੀਗੇਸੀ 2779.5 ਰੇਟਿੰਗ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਮੈਗਨਸ ਕਾਰਲਸਨ 2832.5 ਅੰਕਾਂ ਨਾਲ ਸਿਖਰ ’ਤੇ ਬਰਕਰਾਰ ਹੈ। ਉਸ ਤੋਂ ਬਾਅਦ ਦੋ ਅਮਰੀਕੀ ਖਿਡਾਰੀ ਗਰੈਂਡਮਾਸਟਰ ਹਿਕਾਰੂ ਨਾਕਾਮੁਰਾ (2802) ਅਤੇ ਫੈਬੀਆਨੋ ਕਾਰੂਆਨਾ (2798) ਆਉਂਦੇ ਹਨ। ਗੁਕੇਸ਼ ਨੇ ਪਿਛਲੇ ਸਾਲ ਦਸੰਬਰ ਵਿੱਚ ਸਿੰਗਾਪੁਰ ’ਚ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਵਿਸ਼ਵ ਖਿਤਾਬ ਜਿੱਤਿਆ ਸੀ। ਐਰੀਗੇਸੀ ਪਿਛਲੇ ਸਾਲ ਸਤੰਬਰ ਵਿੱਚ ਭਾਰਤ ਦਾ ਨੰਬਰ ਇੱਕ ਖਿਡਾਰੀ ਬਣਿਆ ਸੀ। ਫਿਰ ਉਸ ਨੇ ਦਸੰਬਰ ਵਿੱਚ 2801 ਰੇਟਿੰਗ ਅੰਕ ਹਾਸਲ ਕੀਤੇ। ਉਹ 2800 ਜਾਂ ਇਸ ਤੋਂ ਵੱਧ ਰੈਟਿੰਗ ਅੰਕ ਲੈਣ ਵਾਲਾ ਦੁਨੀਆ ਦਾ 15ਵਾਂ ਅਤੇ ਵਿਸ਼ਵਨਾਥਨ ਆਨੰਦ ਤੋਂ ਬਾਅਦ ਭਾਰਤ ਦਾ ਦੂਜਾ ਖਿਡਾਰੀ ਹੈ। -ਪੀਟੀਆਈ