ਸ਼ਤਰੰਜ: ਗੁਕੇਸ਼ ਨੇ ਵੇਈ ਯੀ ਨਾਲ ਡਰਾਅ ਖੇਡਿਆ
ਵਿਕ ਆਨ ਜ਼ੀ (ਨੈਦਰਲੈਂਡਜ਼), 1 ਫਰਵਰੀ
ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੇ ਟਾਟਾ ਸਟੀਲ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਵਿੱਚ ਚੀਨ ਦੇ ਵੇਈ ਯੀ ਖ਼ਿਲਾਫ਼ ਡਰਾਅ ਖੇਡਣ ਤੋਂ ਬਾਅਦ ਆਪਣੀ ਅੱਧੇ ਅੰਕ ਦੀ ਲੀਡ ਬਰਕਰਾਰ ਰੱਖੀ, ਜਦਕਿ ਆਰ. ਪ੍ਰਗਨਾਨੰਦਾ ਅਮਰੀਕਾ ਦੇ ਸਿਖਰਲਾ ਦਰਜਾ ਪ੍ਰਾਪਤ ਫੈਬੀਆਨੋ ਕਾਰੂਆਨਾ ਨੂੰ ਹਰਾ ਕੇ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਬਣਿਆ ਹੋਇਆ ਹੈ। ਚਿੱਟੇ ਮੋਹਰਿਆਂ ਨਾਲ ਖੇਡਦਿਆਂ ਗੁਕੇਸ਼ ਨੇ ਵੇਈ ਯੀ ਖ਼ਿਲਾਫ਼ 30 ਚਾਲਾਂ ਵਿੱਚ ਬਾਜ਼ੀ ਡਰਾਅ ਕਰਵਾਈ। ਉਸ ਦੇ ਹੁਣ ਸੰਭਾਵੀ 11 ’ਚੋਂ ਅੱਠ ਅੰਕ ਹਨ। ਪ੍ਰਗਨਾਨੰਦਾ ਨੇ ਕਾਲੇ ਮੋਹਰਿਆਂ ਨਾਲ ਜਿੱਤ ਕੇ ਕਾਰੂਆਨਾ ਨੂੰ ਹੈਰਾਨ ਕਰ ਦਿੱਤਾ ਅਤੇ ਹੁਣ ਉਸ ਦੇ 7.5 ਅੰਕ ਹਨ। ਉਹ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤੋਰੋਵ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹੈ। ਉਜ਼ਬੇਕਿਸਤਾਨ ਦੇ ਖਿਡਾਰੀ ਨੇ ਜਰਮਨੀ ਦੇ ਵਿਨਸੈਂਟ ਕੀਮਰ ਨਾਲ ਡਰਾਅ ਖੇਡਿਆ। ਭਾਰਤ ਦੇ ਪੀ ਹਰੀਕ੍ਰਿਸ਼ਨਾ ਨੇ ਸਰਬੀਆ ਦੇ ਅਲੈਕਸੀ ਸਰਾਨਾ ਨੂੰ ਹਰਾ ਦਿੱਤਾ, ਜਦਕਿ ਅਰਜੁਨ ਏਰੀਗੈਸੀ ਨੇ ਨੈਦਰਲੈਂਡਜ਼ ਦੇ ਜੌਰਡਨ ਵੈਨ ਫੋਰੈਸਟ ਨਾਲ ਅੰਕ ਸਾਂਝੇ ਕੀਤੇ। -ਪੀਟੀਆਈ