ਸ਼ਤਰੰਜ: ਵਿਸ਼ਵ ਚੈਂਪੀਅਨ ਬਣਨ ਲਈ ਗੁਕੇਸ਼ ਤੇ ਲਿਰੇਨ ਅੱਜ ਤੋਂ ਹੋਣਗੇ ਆਹਮੋ-ਸਾਹਮਣੇ
ਸਿੰਗਾਪੁਰ, 24 ਨਵੰਬਰ
ਗਰੈਂਡਮਾਸਟਰ ਡੀ ਗੁਕੇਸ਼ ਭਲਕੇ ਸੋਮਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ’ਚ ਜਦੋਂ ਚੀਨ ਦੇ ਡਿੰਗ ਲਿਰੇਨ ਨਾਲ ਭਿੜੇਗਾ ਤਾਂ ਉਸ ਦਾ ਟੀਚਾ ਵਿਸ਼ਵਨਾਥਨ ਆਨੰਦ ਤੋਂ ਬਾਅਦ ਇਹ ਵੱਕਾਰੀ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣਨ ਦਾ ਹੋਵੇਗਾ। ਦੋਵੇਂ ਖਿਡਾਰੀ ਇੱਕ-ਦੂਜੇ ਦਾ ਬਹੁਤ ਸਨਮਾਨ ਕਰਦੇ ਹਨ ਪਰ ਇਸ ਦੇ ਨਾਲ ਹੀ ਦੋਵੇਂ ਆਪਣਾ ਸਰਬੋਤਮ ਪ੍ਰਦਰਸ਼ਨ ਦੇਣ ਲਈ ਵੀ ਵਚਨਬੱਧ ਹਨ।
ਲਿਰੇਨ 2023 ’ਚ ਰੂਸ ਦੇ ਇਆਨ ਨੈਪੋਮਨੀਆਚੀ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣਿਆ ਸੀ ਪਰ ਉਦੋਂ ਤੋਂ ਚੀਨੀ ਖਿਡਾਰੀ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਤੋਂ ਪੀੜਤ ਹੈ ਅਤੇ ਉਸ ਨੇ ਪਿਛਲੇ ਸਾਲ ਗੁਕੇਸ਼ ਦੇ ਮੁਕਾਬਲੇ ਬਹੁਤ ਘੱਟ ਮੁਕਾਬਲੇ ਖੇਡੇ ਹਨ। ਚੈਂਪੀਅਨਸ਼ਿਪ ਬਾਰੇ ਗੁਕੇਸ਼ ਨੇ ਕਿਹਾ, ‘ਮੈਂ ਹਰ ਬਾਜ਼ੀ ਵਿੱਚ ਸਰਬੋਤਮ ਪ੍ਰਦਰਸ਼ਨ ਕਰਨਾ ਅਤੇ ਆਪਣੀ ਸਥਿਤੀ ਦੇ ਮੁਤਾਬਕ ਚਾਲ ਚੱਲਣਾ ਚਾਹੁੰਦਾ ਹਾਂ। ਜੇ ਮੈਂ ਸਹੀ ਖੇਡਦਾ ਹਾਂ ਤਾਂ ਮੇਰੇ ਕੋਲ ਚੰਗਾ ਮੌਕਾ ਹੋਵੇਗਾ।’ ਇਸ ਵਾਰ 138 ਸਾਲਾਂ ਵਿੱਚ ਪਹਿਲੀ ਵਾਰ ਦੋ ਏਸ਼ਿਆਈ ਖਿਡਾਰੀ ਖ਼ਿਤਾਬ ਲਈ ਇੱਕ-ਦੂਜੇ ਦਾ ਸਾਹਮਣਾ ਕਰਨਗੇ। ਇਸ ਮੈਚ ਦੀ ਇਨਾਮੀ ਰਾਸ਼ੀ 25 ਲੱਖ
ਡਾਲਰ ਹੈ। -ਪੀਟੀਆਈ