ਸ਼ਤਰੰਜ ਗ੍ਰੈਂਡਮਾਸਟਰ ਸੁਲਤਾਨ ਖ਼ਾਨ
ਜਗਮੀਤ ਸਿੰਘ
ਪੰਜਾਬੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਵਿਸ਼ਵ ਸ਼ਤਰੰਜ ਸੰਸਥਾ (ਫਿਡੇ-FIDE) ਨੇ ਹਾਲ ਹੀ ਵਿੱਚ ਅਣਵੰਡੇ ਪੰਜਾਬ ਦੇ ਪਿੰਡ ‘ਮਿੱਠੇ ਟਿਵਾਣੇ’ ਦੇ ਜੰਮਪਲ ਮਹਾਨ ਸ਼ਤਰੰਜ ਖਿਡਾਰੀ ਸੁਲਤਾਨ ਖ਼ਾਨ ਨੂੰ (1903-1966) ਮਰਨ ਉਪਰੰਤ ‘ਗ੍ਰੈਂਡਮਾਸਟਰ’ ਦੇ ਸਰਵਉੱਚ ਖਿਤਾਬ ਨਾਲ ਨਿਵਾਜਿਆ ਹੈ। ਇਸ ਨਾਲ ਉਨ੍ਹਾਂ ਨੂੰ ਏਸ਼ੀਆ ਦਾ ਪਹਿਲਾ ਅਤੇ ਅਜੇ ਤੱਕ ਅਣਵੰਡੇ ਪੰਜਾਬ ਦਾ ਇਕਲੌਤਾ ਗ੍ਰੈਂਡਮਾਸਟਰ ਕਹਾਉਣ ਦਾ ਮਾਣ ਪ੍ਰਾਪਤ ਹੋਇਆ ਹੈ। ਫਿਡੇ ਦੀ ਨਿਯਮਾਵਲੀ ਅਨੁਸਾਰ ਖਿਡਾਰੀਆਂ ਨੂੰ ਉਨ੍ਹਾਂ ਦੀ ਖੇਡ ਸਮਰੱਥਾ ਦੇ ਆਧਾਰ ’ਤੇ ਈਲੋ (Elo) ਰੇਟਿੰਗ ਦਿੱਤੀ ਜਾਂਦੀ ਹੈ। ਜਿਵੇਂ ਕੈਂਡੀਡੇਟ ਮਾਸਟਰ (Elo 2200-2299), ਫਿਡੇ ਮਾਸਟਰ (Elo 2300-2399), ਇੰਟਰਨੈਸ਼ਨਲ ਮਾਸਟਰ (2400-2499) ਅਤੇ ਗ੍ਰੈਂਡਮਾਸਟਰ (2500 ) ਦਾ ਖਿਤਾਬ ਜੋ ਸਭ ਤੋਂ ਸ਼ਕਤੀਸ਼ਾਲੀ ਖਿਡਾਰੀਆਂ ਲਈ ਹੈ। ਇਸ ਨੂੰ 1950 ਵਿੱਚ ਸ਼ੁਰੂ ਕੀਤਾ ਗਿਆ ਸੀ।
ਸੁਲਤਾਨ ਖ਼ਾਨ, ਨਵਾਬ ਉਮਰ ਹਯਾਤ ਖ਼ਾਨ ਟਿਵਾਣਾ ਕੋਲ ਨੌਕਰੀ ਕਰਦੇ ਸਨ। ਟਿਵਾਣਾ ਨੂੰ ਸੁਲਤਾਨ ਖ਼ਾਨ ਦੇ ਮੁਹਾਰਤ ਨਾਲ ਸ਼ਤਰੰਜ ਖੇਡਣ ਬਾਰੇ ਬਾਖੂਬੀ ਪਤਾ ਸੀ। ਇਸ ਲਈ ਜਦੋਂ ਉਹ ਰਾਜਨੀਤਕ ਦੌਰੇ ’ਤੇ ਲੰਡਨ ਗਏ ਤਾਂ ਉੱਥੋਂ ਦੇ ਚੈਂਪੀਅਨਾਂ ਨਾਲ ਮੁਕਾਬਲਾ ਕਰਵਾਉਣ ਲਈ ਸੁਲਤਾਨ ਖ਼ਾਨ ਨੂੰ ਨਾਲ ਲੈ ਗਏ। ਇਹ ਸਮਾਂ 1929 ਤੋਂ 1933 ਤੱਕ ਦਾ ਸੀ। ਭਾਰਤੀ ਨਿਯਮਾਂ ਤੋਂ ਅੰਤਰਰਾਸ਼ਟਰੀ ਸ਼ਤਰੰਜ ਨਿਯਮ ਵੱਖਰੇ ਹੋਣ ਕਾਰਨ ਸੁਲਤਾਨ ਖ਼ਾਨ ਨੂੰ ਬਹੁਤ ਮੁਸ਼ਕਿਲ ਆਉਣ ਵਾਲੀ ਸੀ। ਨਾਲ ਹੀ ਮੁਕਾਬਲਾ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਨਾਲ ਸੀ ਅਤੇ ਉੱਤੋਂ ਰਸਮੀ ਵਿੱਦਿਆ ਹਾਸਲ ਨਾ ਹੋਣ ਕਾਰਨ ਖ਼ਾਨ ਕੋਲ ਸ਼ਤਰੰਜ ਦੀ ਓਪਨਿੰਗ ਥਿਊਰੀ ਦੀ ਵੀ ਘਾਟ ਸੀ। ਇਹ ਉਮਰ ਹਯਾਤ ਖ਼ਾਨ ਟਿਵਾਣੇ ਦੀ ਕੋਸ਼ਿਸ਼ ਸੀ ਕਿ ਕਿਸੇ ਤਰ੍ਹਾਂ ਸੁਲਤਾਨ ਖ਼ਾਨ ਦਾ ਟਾਕਰਾ ਚੋਟੀ ਦੇ ਯੂਰਪੀ ਖਿਡਾਰੀਆਂ ਨਾਲ ਕਰਵਾ ਕੇ ਇਹ ਸਿੱਧ ਕੀਤਾ ਜਾਵੇ ਕਿ ਭਾਰਤੀ ਵੀ ਅੰਗਰੇਜ਼ਾਂ ਨਾਲ ਬੌਧਿਕ ਪੱਧਰ ’ਤੇ ਬਰਾਬਰ ਹਨ।
ਦਰਅਸਲ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ 1925 ਵਿੱਚ ‘ਚੈਲ’ ਵਿਖੇ ਇੱਕ ਸ਼ਤਰੰਜ ਚੈਂਪੀਅਨਸ਼ਿਪ ਕਰਵਾਈ ਸੀ ਜਿਸ ਵਿੱਚ ਭਾਰਤੀ ਖਿਡਾਰੀਆਂ ਨੇ ਯੂਗੋਸਲਾਵੀਆ ਦੇ ਵਿਸ਼ਵ ਪ੍ਰਸਿੱਧ ਸ਼ਤਰੰਜ ਖਿਡਾਰੀ ਬੋਰੀਸਲਾਵ ਕੋਸਟਿਕ ਨੂੰ ਸਖ਼ਤ ਟੱਕਰ ਦਿੱਤੀ ਸੀ। ਇਹ ਉਹੀ ਕੋਸਟਿਕ ਸੀ ਜਿਸ ਨੇ ਵਿਸ਼ਵ ਪੱਧਰ ਦੇ ਫ੍ਰੈਂਕ ਮਾਰਸ਼ਲ ਵਰਗੇ ਖਿਡਾਰੀਆਂ ਨੂੰ ਕੇਵਲ 11 ਚਾਲਾਂ ਵਿੱਚ ਮਾਤ ਦਿੱਤੀ ਸੀ। ਇੱਥੇ ਹੀ ਕੋਸਟਿਕ ਨੇ ਵੀ ਸੁਲਤਾਨ ਖ਼ਾਨ ਨੂੰ ਥੋੜ੍ਹੀ ਜਿਹੀ ਟਰੇਨਿੰਗ ਦਿੱਤੀ ਸੀ।
ਬ੍ਰਿਟੇਨ ਵਿਖੇ ਸੁਲਤਾਨ ਖ਼ਾਨ ਨੇ ਨਾ ਸਿਰਫ਼ ਥੋੜ੍ਹੇ ਸਮੇਂ ਵਿੱਚ ਹੀ ਨਵੇਂ ਨਿਯਮਾਂ ਨਾਲ ਖੇਡਣਾ ਸਿੱਖ ਲਿਆ ਸਗੋਂ ਵਿਸ਼ਵ ਸ਼ਤਰੰਜ ਚੈਂਪੀਅਨ (1921-1927) ਅਤੇ ਉਸ ਸਮੇਂ ਤੱਕ ਇਤਿਹਾਸ ਦੇ ਸਭ ਤੋਂ ਸ਼ਕਤੀਸ਼ਾਲੀ ਖਿਡਾਰੀ ਮੰਨੇ ਜਾਂਦੇ ਕਿਊਬਾ ਦੇ ‘ਹੋਜ਼ੇ ਰਾਉਲ ਕੈਪਾਬਲਾਂਕਾ’ ਨੂੰ ਮਾਤ ਦੇ ਕੇ ਦੇਸ਼ ਦਾ ਝੰਡਾ ਵਿਸ਼ਵ ਪੱਧਰ ਦੇ ਸ਼ਤਰੰਜ ਜਗਤ ਵਿੱਚ ਗੱਡ ਦਿੱਤਾ। ਉਸ ਨੇ ਰਸ਼ੀਅਨ ਗ੍ਰੈਂਡਮਾਸਟਰ ਸੇਵੀਅਲੀ ਟਾਰਟਾਕੋਅਰ ਨੂੰ ਹਰਾਇਆ। ਇੱਥੇ ਹੀ ਬਸ ਨਹੀਂ ਸੁਲਤਾਨ ਖ਼ਾਨ ਨੇ ਤਿੰਨ ਵਾਰ 1929, 32 ਅਤੇ 33 ਵਿੱਚ ਬ੍ਰਿਟਿਸ਼ ਚੈਂਪੀਅਨਸ਼ਿਪ ਵੀ ਜਿੱਤੀ।
1928 ਵਿੱਚ ਜਦੋਂ ਸਾਈਮਨ ਕਮਿਸ਼ਨ ਦੇ ਚੇਅਰਮੈਨ ਸਰ ਜੌਹਨ ਸਾਈਮਨ ਭਾਰਤ ਆਏ, ਜੋ ਖ਼ੁਦ ਵੀ ਸ਼ਤਰੰਜ ਦੇ ਵਧੀਆ ਖਿਡਾਰੀ ਸਨ ਤਾਂ ਉਮਰ ਹਯਾਤ ਖ਼ਾਨ ਨੇ ਉਨ੍ਹਾਂ ਨੂੰ ਸੁਲਤਾਨ ਖ਼ਾਨ ਦੇ ਮੈਚ ਦੇਖਣ ਲਈ ਸੱਦਾ ਭੇਜਿਆ। ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਸੁਲਤਾਨ ਖ਼ਾਨ ਦੇ ਜੇਤੂ ਮੁਹਿੰਮਾਂ ਤੋਂ ਵਾਪਸ ਪੰਜਾਬ ਪਰਤਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਬਾਕੀ ਜੀਵਨ ਲਗਭਗ ਅਗਿਆਤਤਾ ਵਿੱਚ ਗੁਜ਼ਾਰਿਆ। ਲੰਮੇ ਸਮੇਂ ਤੋਂ ਸ਼ਤਰੰਜ ਪ੍ਰੇਮੀਆਂ ਦੀ ਫਿਡੇ ਤੋਂ ਮੰਗ ਸੀ ਕਿ ਸ਼ਤਰੰਜ ਦੇ ਪੰਜਾਬੀ ਸੁਲਤਾਨ ‘ਸੁਲਤਾਨ ਖ਼ਾਨ’ ਦੇ ਸੰਘਰਸ਼ਮਈ ਖੇਡ ਸਫ਼ਰ ਨੂੰ ਬਣਦਾ ਮਾਣ ਦੇਣ ਲਈ ‘ਗ੍ਰੈਂਡਮਾਸਟਰ’ ਦਾ ਟਾਈਟਲ ਦਿੱਤਾ ਜਾਵੇ ਜੋ ਕਿ ਉਨ੍ਹਾਂ ਨੂੰ ਮਰਨ ਉਪਰੰਤ 58 ਸਾਲ ਬਾਅਦ ਦਿੱਤਾ ਗਿਆ ਹੈ। ਇਹ ਮਾਣ ਸਮੁੱਚੇ ਪੰਜਾਬ ਲਈ ਵਡਮੁੱਲਾ ਅਤੇ ਭਵਿੱਖ ਲਈ ਰਾਹ ਦਸੇਰਾ ਹੈ।
ਸੰਪਰਕ: 82838-66799