ਚੇਨੱਈ ਨੇ ਰਾਜਸਥਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ
ਚੇਨੱਈ, 12 ਮਈ
ਕਪਤਾਨ ਰੁਤੂਰਾਜ ਗਾਇਕਵਾੜ (ਨਾਬਾਦ 42) ਅਤੇ ਤੇਜ਼ ਗੇਂਦਬਾਜ਼ ਸਿਮਰਜੀਤ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਚੇਨੱਈ ਦੀਆਂ ਪਲੇਆਫ਼ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਬਰਕਰਾਰ ਹਨ। ਰਾਜਸਥਾਨ ਵੱਲੋਂ ਦਿੱਤਾ 142 ਦੌੜਾਂ ਦਾ ਟੀਚਾ ਚੇਨੱਈ ਨੇ 18.2 ਓਵਰਾਂ ਵਿੱਚ ਪੰਜ ਵਿਕਟਾਂ ’ਤੇ 145 ਦੌੜਾਂ ਬਣਾ ਕੇ ਪੂਰਾ ਕਰ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ ਪੰਜ ਵਿਕਟਾਂ ’ਤੇ 141 ਦੌੜਾਂ ਬਣਾਈਆਂ ਸਨ। ਇਸ ਵਿੱਚ ਰਿਆਨ ਪਰਾਗ ਨੇ ਨਾਬਾਦ 47, ਧਰੁਵ ਜੁਰੇਲ ਨੇ 28, ਯਸ਼ਸਵੀ ਜੈਸਵਾਲ ਨੇ 24, ਜੋਸ ਬਟਲਰ ਨੇ 21 ਤੇ ਕਪਤਾਨ ਸੰਜੂ ਸੈਮਸਨ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਚੇਨੱਈ ਵੱਲੋਂ ਸਿਮਰਜੀਤ ਸਿੰਘ ਨੇ ਤਿੰਨ ਅਤੇ ਤੁਸ਼ਾਰ ਦੇਸ਼ਪਾਂਡੇ ਨੇ ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦਿਆਂ ਚੇਨੱਈ ਦੇ ਕਪਤਾਨ ਗਾਇਕਵਾੜ ਨੇ ਨਾਬਾਦ 42, ਰਚਿਨ ਰਵਿੰਦਰਾ ਨੇ 27, ਡੇਰਿਲ ਮਿਸ਼ੇਲ ਨੇ 22, ਸ਼ਿਵਮ ਦੂਬੇ ਨੇ 18 ਅਤੇ ਸਮੀਰ ਰਿਜ਼ਵੀ ਨੇ ਨਾਬਾਦ 15 ਦੌੜਾਂ ਬਣਾਈਆਂ। ਇਸੇ ਦੌਰਾਨ ਬੰਗਲੂਰੂ ਵਿੱਚ ਖੇਡੇ ਗਏ ਦੂਜੇ ਮੈਚ ਦੌਰਾਨ ਰੌਇਲ ਚੈਲੰਜਰਜ਼ ਬੰਗਲੂਰੂ ਨੇ ਦਿੱਲੀ ਕੈਪੀਟਲਜ਼ ਨੂੰ 47 ਦੌੜਾਂ ਨਾਲ ਹਰਾ ਦਿੱਤਾ। -ਪੀਟੀਆਈ
ਰਮਨਦੀਪ ਸਿੰਘ ਨੂੰ ਜੁਰਮਾਨਾ
ਕੋਲਕਾਤਾ: ਕੋਲਕਾਤਾ ਨਾਈਟਰਾਈਡਰਜ਼ ਦੇ ਹਰਫ਼ਨਮੌਲਾ ਖਿਡਾਰੀ ਰਮਨਦੀਪ ਸਿੰਘ ਨੂੰ ਮੁੰਬਈ ਇੰਡੀਅਨਜ਼ ਖਿਲਾਫ਼ ਸ਼ਨਿਚਰਵਾਰ ਨੂੰ ਖੇਡੇ ਗਏ ਆਈਪੀਐੱਲ ਮੈਚ ਦੌਰਾਨ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਇਸ 27 ਸਾਲਾ ਖਿਡਾਰੀ ’ਤੇ ਆਈਪੀਐੱਲ ਜ਼ਾਬਤੇ ਦੀ ਧਾਰਾ 2.20 ਤਹਿਤ ਅਪਰਾਧ ਕਰਨ ਦਾ ਦੋਸ਼ ਹੈ। ਉਸ ਨੇ ਆਪਣਾ ਅਪਰਾਧ ਅਤੇ ਮੈਚ ਰੈਫਰੀ ਦੀ ਸਜ਼ਾ ਸਵੀਕਾਰ ਕਰ ਲਈ ਹੈ। -ਏਐੱਨਆਈ