ਵੈਟਰਨਰੀ ’ਵਰਸਿਟੀ ਦੇ ਉਪ ਕੁਲਪਤੀ ਨੂੰ ਚੇਲੱਪਾ ਯਾਦਗਾਰੀ ਸਨਮਾਨ
ਖੇਤਰੀ ਪ੍ਰਤੀਨਿਧ
ਲੁਧਿਆਣਾ 23 ਨਵੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਵੈਟਰਨਰੀ ਯੂਨੀਵਰਸਿਟੀ ਮਥੂਰਾ ਵਿੱਚ ਹੋਈ ਇੰਡੀਅਨ ਸੁਸਾਇਟੀ ਆਫ ਵੈਟਰਨਰੀ ਫਾਰਮਾਕੋਲੋਜੀ ਐਂਡ ਟੋਕਸੀਕੋਲੋਜੀ ਦੀ 24ਵੀਂ ਸਾਲਾਨਾ ਕਾਨਫਰੰਸ ਵਿੱਚ ਚੇਲੱਪਾ ਯਾਦਗਾਰੀ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਗਿੱਲ ਕਾਨਫਰੰਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਕੁੱਲ ਭਾਰਤ ਤੋਂ ਇਕੱਠੇ ਹੋਏ ਵਿਗਿਆਨੀਆਂ ਨੂੰ ‘ਪਸ਼ੂ ਪਾਲਣ ਵਿੱਚ ਸੂਖਮਜੀਵ ਵਿਰੋਧੀ ਪ੍ਰਤੀਰੋਧ ਸਬੰਧੀ ਵਰਤਮਾਨ ਅਤੇ ਭਵਿੱਖ’ ਵਿਸ਼ੇ ’ਤੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿੱਚ ਰੋਗਾਣੂਆਂ ਨੂੰ ਮਾਰਨ ਲਈ ਵਰਤੇ ਜਾਣ ਵਾਲੇ ਢੰਗਾਂ ਵਿੱਚ ਬਦਲਾਅ ਲਿਆਉਣ ਲਈ ਸਾਨੂੰ ਕਈ ਨੁਕਤਿਆਂ ’ਤੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਬਦਲਵੀਆਂ ਇਲਾਜ ਪ੍ਰਣਾਲੀਆਂ ਦੇ ਵਿਕਾਸ ਲਈ ਸਾਨੂੰ ਟੀਕਾਕਰਨ ਅਤੇ ਨਿਰੀਖਣ ਵਿਧੀਆਂ ਸਬੰਧੀ ਵੀ ਹੋਰ ਕੰਮ ਕਰਨਾ ਪਵੇਗਾ।