ਮੁੱਖ ਮੰਤਰੀ ਦਫ਼ਤਰ ਵਿੱਚ ਪਰਤੀਆਂ ਰੌਣਕਾਂ
ਬੀਰਬਲ ਰਿਸ਼ੀ
ਧੂਰੀ, 30 ਸਤੰਬਰ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ਵਿੱਚ ਅੱਜ ਉਸ ਸਮੇਂ ਮੁੜ ਰੌਣਕਾਂ ਵੇਖਣ ਨੂੰ ਮਿਲੀਆਂ ਜਦੋਂ ਦੋ ਦਿਨ ਪਹਿਲਾਂ ਦਫ਼ਤਰ ਦੇ ਨਵੇਂ ਲਗਾਏ ਇੰਚਾਰਜਾਂ ਦਲਵੀਰ ਸਿੰਘ ਢਿੱਲੋਂ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਪੰਜਾਬ ਅਤੇ ਰਾਜਵੰਤ ਸਿੰਘ ਘੁੱਲੀ ਚੇਅਰਮੈਨ ਮਾਰਕੀਟ ਕਮੇਟੀ ਨੇ ਦਫ਼ਤਰ ਕੈਂਪ ’ਚ ਪਹਿਲੇ ਦਿਨ ਪਹੁੰਚਕੇ ਪਿਛਲੇ ਇੱਕ ਹਫ਼ਤੇ ਤੋਂ ਬੰਦ ਪਏ ਦਫ਼ਤਰੀ ਕੰਮਕਾਜ ਨੂੰ ਰਸਮੀ ਤੌਰ ’ਤੇ ਮੁੜ ਸ਼ੁਰੂ ਕਰ ਦਿੱਤਾ।
ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਮਿਲਖ ਰਾਜ, ਨਰੇਸ਼ ਕੁਮਾਰ, ਹੈਪੀ ਧੂਰੀ ਠੇਕੇਦਾਰ ਹਰਜਿੰਦਰ ਸਿੰਘ ਕਾਂਝਲਾ, ਮਨਪ੍ਰੀਤ ਸਿੰਘ ਢਿੱਲੋਂ ਆਦਿ ਨੇ ਹਾਰ ਪਾ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਦਫ਼ਤਰ ਇੰਚਾਰਜਾਂ ਦਲਵੀਰ ਸਿੰਘ ਢਿੱਲੋਂ ਅਤੇ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਪੰਜਾਬ ਤੋਂ ਇਲਾਵਾ ਹਲਕਾ ਧੂਰੀ ਅੰਦਰ ਪਹਿਲੀ ਅਕਤੂਬਰ ਨੂੰ ਝੋਨੇ ਦੀ ਖਰੀਦ ਦੇ ਪਹਿਲੇ ਦਿਨ ਤੋਂ ਹੜਤਾਲ ’ਤੇ ਜਾ ਰਹੇ ਆੜ੍ਹਤੀਆਂ ਅਤੇ 66 ਕੇਵੀ ਗਰਿੱਡ ਭੁੱਲਰਹੇੜੀ ਅੱਗੇ 97 ਦਿਨਾਂ ਤੋਂ ਹੜਤਾਲ ’ਤੇ ਬੈਠੇ ਕਿਸਾਨਾਂ ਦੇ ਸੰਘਰਸ਼ ਨੂੰ ਵਾਪਸ ਕਰਵਾਉਣ ਲਈ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਮੌਕੇ ਸਰਬਸੰਮਤੀ ਕਰਨ ਵਾਲੀਆਂ ਪੰਚਾਇਤਾਂ ਨੂੰ ਪੰਜ ਲੱਖ ਦੀ ਵੱਖਰੇ ਤੌਰ ’ਤੇ ਗ੍ਰਾਂਟ ਦਿੱਤੀ ਜਾਵੇਗੀ। ਇਸ ਦੌਰਾਨ ਨਵ-ਨਿਯੁਕਤ ਇੰਚਾਰਜਾਂ ਨੇ ਕਿਹਾ ਕਿ ਉਹ ਹਲਕੇ ਦਾ ਵਿਕਾਸ ਵੱਡੇ ਪੱਧਰ ’ਤੇ ਕਰਨਗੇ। ਉਨ੍ਹਾਂ ਕਿਹਾ ਕਿ ਹਰ ਪਿੰਡ ਦਾ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਕੰਤਾਂ, ਸਾਬਕਾ ਸਰਪੰਚ ਦੇਵ ਸਿੰਘ ਧੂਰੀ ਪਿੰਡ, ਨਾਹਰ ਸਿੰਘ ਮੀਮਸਾ ਸਮੇਤ ਵੱਖ-ਵੱਖ ਪਿੰਡਾਂ ਦੇ ਪਾਰਟੀ ਕਾਰਕੁਨ ਤੇ ਮੋਹਤਵਰ ਵੀ ਹਾਜ਼ਰ ਸਨ।